ਤੁਸੀਂ ਕਿਸ ਚੀਜ਼ ਬਾਰੇ ਪੱਕੇ ਯਕੀਨ ਨਾਲ ਕੁੱਝ ਵੀ ਕਹਿ ਸਕਦੇ ਹੋ? ਨਿਸ਼ਚਿਤਤਾਵਾਂ ਕਦੇ ਵੀ ਸੰਭਾਵਨਾ ਜਿੰਨੀਆਂ ਉਤੇਜਕ ਨਹੀਂ ਹੁੰਦੀਆਂ। ਤੁਹਾਡੇ ਵਰਗੇ ਲੋਕਾਂ ਨੂੰ ਵੀ, ਬੇਸ਼ੱਕ ਸਥਿਰਤਾ ਅਤੇ ਸੁਰੱਖਿਆ ਲਈ ਉਨ੍ਹਾਂ ਦੀ ਦੀਵਾਨਗੀ ਜਿੰਨੀ ਮਰਜ਼ੀ ਮਸ਼ਹੂਰ ਹੋਵੇ, ਕਦੇ ਨਾ ਕਦੇ ਰੋਮਾਂਚ ਭਰਪੂਰ ਖ਼ਤਰੇ ਦੀ ਭੁੱਖ ਲੱਗ ਜਾਂਦੀ ਹੈ! ਤੁਸੀਂ ਕੇਵਲ ਇਸ ਦਾ ਥੋੜ੍ਹਾ-ਬਹੁਤਾ ਅੰਦਾਜ਼ਾ ਚਾਹੁੰਦੇ ਹੋ ਕਿ ਕੋਈ ਯਾਤਰਾ ਤੁਹਾਨੂੰ ਕਿੰਨਾ ਕੁ ਦੂਰ ਲੈ ਜਾਵੇਗੀ, ਅਤੇ ਜਦੋਂ ਇੱਕ ਵਾਰ ਤੁਸੀਂ ਉਸ ‘ਤੇ ਨਿਕਲ ਪਏ ਤਾਂ ਤੁਹਾਡਾ ਅੰਤ ਕਿਸ ਜਗ੍ਹਾ ‘ਤੇ ਹੋਵੇਗਾ। ਤੁਹਾਡੀ ਭਾਵਨਾਤਮਕ ਜ਼ਿੰਦਗੀ ਲਈ ਕੋਈ ਅਰਥਭਰਪੂਰ ਮਾਇਨਾ ਹਾਸਿਲ ਕਰਨ ਲਈ, ਉਸ ਵਿੱਚ ਅਨਿਸ਼ਚਿਤਤਾ ਦਾ ਕੁੱਝ ਤੱਤ ਹੋਣਾ ਲਾਜ਼ਮੀ ਹੈ; ਤੁਸੀਂ ਸਿਰਫ਼ ਓਹੀ ਕਰਦੇ ਨਹੀਂ ਰਹਿ ਸਕਦੇ ਜੋ ਸੁਰੱਖਿਅਤ ਪਰ ਨੀਰਸ ਹੈ। ਚਿੰਤਾ ਨਾ ਕਰੋ, ਅੰਤ ‘ਚ ਤੁਸੀਂ ਗੁਆਚੇ ਹੋਏ ਨਹੀਂ ਸਗੋਂ ਆਪਣੀ ਮੰਜ਼ਿਲ ‘ਤੇ ਪਹੁੰਚੇ ਮਹਿਸੂਸ ਕਰੋਗੇ।

ਜੇਕਰ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਸਹੀ ਜਵਾਬ ਮਿਲ ਰਹੇ ਹਨ, ਸ਼ਾਇਦ ਤੁਸੀਂ ਸਵਾਲ ਹੀ ਗ਼ਲਤ ਪੁੱਛ ਰਹੇ ਹੋਵੋ। ਜਾਂ ਸ਼ਾਇਦ ਤੁਸੀਂ ਦੂਸਰਿਆਂ ਦੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ‘ਚ ਇੰਨੇ ਜ਼ਿਆਦਾ ਮਸਰੂਫ਼ ਹੋ ਕਿ ਤੁਹਾਨੂੰ ਬਹੁਤ ਹੀ ਘੱਟ ਆਪਣੇ ਸਵਾਲ ਘੜਨ ਅਤੇ ਉਨ੍ਹਾਂ ਦੇ ਜਵਾਬ ਮੰਗਣ ਦਾ ਸਮਾਂ ਮਿਲਦੈ। ਏਜੰਡਾ ਸੈੱਟ ਕੌਣ ਕਰ ਰਿਹਾ ਹੈ? ਅਤੇ, ਇਸ ਸਭ ਦਰਮਿਆਨ, ਤੁਹਾਡੀ ਖ਼ੁਦ ਦੀ ਖ਼ੁਦਮੁਖ਼ਤਿਆਰੀ ਅਤੇ ਸੁਤੰਤਰਤਾ ਕਿੱਥੇ ਚਲੀ ਗਈ? ਟੀਚਾ ਸੈੱਟ ਕਰਨ ਅਤੇ ਡੈੱਡਲਾਈਨ ਦੇ ਅੰਦਰ-ਅੰਦਰ ਕੰਮ ਖ਼ਤਮ ਕਰਨ ਲਈ ਤੁਹਾਡੇ ‘ਤੇ ਬਹੁਤ ਦਬਾਅ ਪਾਇਆ ਜਾਵੇਗਾ। ਜੇਕਰ ਤੁਸੀਂ ਕਿਸੇ ਯੋਜਨਾ ਜਾਂ ਪ੍ਰੌਜੈਕਟ ਨਾਲ ਪੂਰੀ ਤਰ੍ਹਾਂ ਸਹਿਮਤ ਹੋ ਤਾਂ ਇਹ ਕਾਰਜ ਬਹੁਤ ਸੌਖਾ ਹੋਵੇਗਾ। ਜੇ ਨਹੀਂ, ਇਹ ਵਕਤ ਹੈ ਜਾਂ ਤਾਂ ਉਸ ਨੂੰ ਦ੍ਰਿੜਤਾ ਨਾਲ ਨਕਾਰਨ ਦਾ ਜਾਂ ਫ਼ਿਰ ਸੱਭਿਅਤਾ ਨਾਲ ਕਬੂਲਣ ਦਾ।

ਜੇਕਰ ਤੁਸੀਂ ਸੱਚਮੁੱਚ ਕੋਈ ਰੋਮਾਂਚਕ ਖ਼ਤਰਾ ਉਠਾਉਣਾ ਚਾਹੁੰਦੇ ਹੋ ਤਾਂ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਹੀ ਤੁਸੀਂ ਆਪਣੇ ਇੱਕ-ਇੱਕ ਕਦਮ ਦੀ ਯੋਜਨਾ ਤਿਆਰ ਨਹੀਂ ਕਰ ਸਕਦੇ। ਅਤੇ ਜੇ ਤੁਸੀਂ ਵਾਕਈ ਕਿਸੇ ਸਥਿਤੀ ਨੂੰ ਕਾਬੂ ਹੇਠ ਰੱਖਣਾ ਚਾਹੁੰਦੇ ਹੋ ਤਾਂ ਚੰਗਾ ਇਹੀ ਹੋਵੇਗਾ ਕਿ ਤੁਸੀਂ ਉਸ ‘ਚੋਂ ਜੋਖ਼ਿਮ ਦੇ ਹਰ ਤੱਤ ਨੂੰ ਖ਼ਤਮ ਕਰ ਦਿਓ। ਇਹ ਇੰਝ ਹੀ ਹੈ ਜਿਵੇਂ ਤੁਹਾਨੂੰ ਇਸ ਤੱਥ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਹੋਵੇ ਕਿ ਤੁਸੀਂ ਆਪਣਾ ਘਰ ਦਰਅਸਲ ਕਿਸੇ ਲਾਵੇ ਦੀ ਢਲਾਨ ‘ਤੇ ੳਸਾਰ ਲਿਆ ਹੈ। ਤੁਹਾਨੂੰ ਜਾਂ ਤਾਂ ਟਾਈਮ ਸਿਰ ਐਲਰਟ ਭੇਜਣ ਵਾਲਾ ਆਲ੍ਹਾ ਦਰਜੇ ਦਾ ਇੱਕ ਅਲਾਰਮ ਸਿਸਟਮ ਅਤੇ ਭੱਜਣ ਦੀਆਂ ਯੋਜਨਾਵਾਂ ਅਤੇ ਰਾਹ ਤਿਆਰ ਕਰਨੇ ਪੈਣੇ ਹਨ, ਜਾਂ ਫ਼ਿਰ ਤੁਹਾਨੂੰ ਕਿਸੇ ਨਵੀਂ ਥਾਂ ‘ਤੇ ਜਾ ਕੇ ਵਸ ਜਾਣਾ ਪੈਣੈ। ਪਰ ਬੇਪਰਵਾਹੀ ‘ਚ ਆਪਣੇ ਮੋਢੇ ਮਾਰਨੇ ਅਤੇ ਕਿਸਮਤ ‘ਤੇ ਅੱਖਾਂ ਬੰਦ ਕਰ ਕੇ ਭਰੋਸਾ ਕਰਨਾ ਸ਼ਾਇਦ ਸਭ ਤੋਂ ਸਿਆਣੀ ਯੋਜਨਾ ਨਾ ਹੋਵੇ!

ਇੱਕ ਵਾਰ ਦੀ ਗੱਲ ਹੈ (ਨੌਜਵਾਨ ਪਾਠਕਾਂ ਦੇ ਫ਼ਾਇਦੇ ਲਈ ਮੈਨੂੰ ਇਹ ਵਿਸਥਾਰ ‘ਚ ਸਮਝਾਉਣ ਦੀ ਲੋੜ ਹੈ), ਅੰਗ੍ਰੇਜ਼ੀ ਦਾ ਇੱਕ ਮਸ਼ਹੂਰ ਪੌਪ ਗਾਇਕ ਅਤੇ ਸੰਗੀਤਕਾਰ ਹੋਇਆ ਕਰਦਾ ਸੀ ਜਿਸ ਦਾ ਨਾਮ ਸੀ ਸਟਿੰਗ। ਉਸ ਨੇ ਇੱਕ ਵਾਰ ਇੱਕ ਗੀਤ ਰਚਿਆ ਅਤੇ ਗਾਇਆ, ”If you love someone, set them free, ”ਭਾਵ ਜੇਕਰ ਤੁਸੀਂ ਕਿਸੇ ਨੂੰ ਸੱਚਮੁੱਚ ਪ੍ਰੇਮ ਕਰਦੇ ਹੋ, ਉਨ੍ਹਾਂ ਨੂੰ ਮੁਕਤ ਕਰ ਦਿਓ। ਹੈਰਾਨੀ ਵਾਲੀ ਗੱਲ ਹੈ ਕਿ ਆਪਣੇ ਸਮੇਂ ‘ਚ ਇਹ ਗੀਤ ਬਹੁਤ ਮਕਬੂਲ ਹੋਇਆ ਹਾਲਾਂਕਿ ਹਕੀਕਤ ਇਹ ਹੈ ਕਿ ਬਹੁਤੇ ਲੋਕ ਸੋਚਦੇ ਨੇ ਕਿ ਰਿਸ਼ਤਿਆਂ ਦਾ ਸਰੋਕਾਰ ਕੇਵਲ ਮਲਕੀਅਤ ਨਾਲ ਹੈ। ਅਜਿਹੀ ਸਲਾਹ ਨੂੰ ਹਜ਼ਮ ਕਰਨਾ ਹੀ ਉਨ੍ਹਾਂ ਨੂੰ ਬਹੁਤ ਮੁਸ਼ਕਿਲ ਲੱਗਦੈ। ਪਰ ਆਪਣੇ ਦਿਲਾਂ ਦੇ ਧੁਰ ਅੰਦਰ ਤਾਂ ਅਸੀਂ ਸਾਰੇ ਇਸ ਗੀਤ ਦੀ ਰੂਹ ‘ਚ ਛੁਪੇ ਮਤਲਬ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ। ਜੇ ਤੁਸੀਂ ਇਸ ਗੀਤ ਦੇ ਅਸਲ ਅਰਥ ਨੂੰ ਆਪਣੇ ਜੀਵਨ ਦਾ ਥੀਮ ਸੌਂਗ ਬਣਾ ਲਓ ਤਾਂ ਬਹੁਤ ਸਾਰੇ ਤਨਾਵਾਂ ਤੋਂ ਮੁਕਤੀ ਪਾ ਸਕੋਗੇ। ਜਿਸ ਕਿਸੇ ਚੀਜ਼ ਜਾਂ ਵਿਅਕਤੀ ਨੂੰ ਤੁਸੀਂ ਬਹੁਤ ਜ਼ਿਆਦਾ ਘੁੱਟ ਕੇ ਫ਼ੜੀ ਬੈਠੇ ਹੋ, ਉਸ ਨੂੰ ਜਾਣ ਦਿਓ, ਅਤੇ ਅਜਿਹਾ ਕਰਨ ਨਾਲ ਤੁਹਾਡਾ ਫ਼ਾਇਦਾ ਹੀ ਹੋਵੇਗਾ।

ਤੁਸੀਂ ਉਸ ਨਾਲੋਂ ਮਾੜੇ-ਮੋਟੇ ਵੀ ਬੁੱਢੇ ਨਹੀਂ ਲੱਗਦੇ ਜਿੰਨੇ ਤੁਸੀਂ ਪਿੱਛਲੇ ਸਾਲ ਇਸ ਵਕਤ ਲੱਗਦੇ ਸੀ। ਸੱਚਮੁੱਚ, ਕਈ ਦੋਸਤ ਅਤੇ ਪ੍ਰਸ਼ੰਸਕ ਤਾਂ ਇਹ ਸੋਚ-ਸੋਚ ਕੇ ਹੈਰਾਨ ਹੋ ਰਹੇ ਨੇ ਕਿ ਤੁਹਾਡੇ ਕੋਲ ਸ਼ਾਇਦ ਇੱਕ ਪੂਰੀ ਪੜਛੱਤੀ ਭਰ ਕੇ ਆਪਣੀਆਂ ਤਸਵੀਰਾਂ ਦੀ ਪਈ ਹੈ ਜਿਹੜੀਆਂ ਆਹਿਸਤਾ-ਆਹਿਸਤਾ ਬੁੱਢਿਆ ਰਹੀਆਂ ਨੇ ਜਦੋਂ ਕਿ ਤੁਸੀਂ ਜਵਾਨੀ ਦੀ ਇੱਕ ਮੂਰਤ ਬਣੀ ਬੈਠੇ ਹੋ। ਆ ਲਓ। ਕਾਫ਼ੀ ਹੋ ਗਈ ਨਾ ਚਮਚੇਬਾਜ਼ੀ? ਜੇ ਤੁਸੀਂ ਚਾਹੋ ਤਾਂ ਹੋਰ ਵੀ ਹੋ ਸਕਦੀ ਹੈ। ਇਹ ਤਾਂ ਤੁਹਾਨੂੰ ਮਿਲਣੀ ਹੀ ਹੈ, ਬੇਸ਼ੱਕ ਤੁਸੀਂ ਇਸ ਨੂੰ ਸੁਣਨਾ ਪਸੰਦ ਨਾ ਵੀ ਕਰੋ। ਇਸ ਨੂੰ ਖਿੜੇਮੱਥੇ ਕਬੂਲ ਕਰੋ। ਜੇਕਰ ਕੋਈ ਵੀ ਤੁਹਾਨੂੰ ਔਖਾ ਵਕਤ ਦੇ ਰਿਹੈ, ਉਹ ਸਿਰਫ਼ ਇਸ ਕਰ ਕੇ ਕਿਉਂਕਿ ਉਹ ਤੁਹਾਡੇ ਤੋਂ ਸੜਦੇ ਨੇ। ਅਤੇ ਇਹ ਸਭ ਤੋਂ ਵੱਡਾ ਕਾਰਨ ਹੈ ਕਿ ਤੁਸੀਂ ਸ਼ਾਨ ਅਤੇ ਸਬਰ ਤੋਂ ਕੰਮ ਲਵੋ।