ਹੈ ਗਿਆ ਲਿਖਿਆ ਪੁੱਠਾ ਵਾਕ ਇਹ। ਮੈਂ ਅਜਿਹਾ ਤੁਹਾਡੇ ਸਬਰ ਦਾ ਇਮਤਿਹਾਨ ਲੈਣ ਲਈ ਹਰਗਿਜ਼ ਨਹੀਂ ਕੀਤਾ, ਪਰ ਕੇਵਲ ਤੁਹਾਨੂੰ ਤੁਹਾਡੀ ਜ਼ਿੰਦਗੀ ਦੇ ਉਤਰਾਵਾਂ-ਚੜ੍ਹਾਵਾਂ ਅਤੇ ਜਿਸ ਢੰਗ ਨਾਲ ਉਸ ਵਿੱਚ ਬਹੁਤ ਸਾਰੀਆਂ ਚੀਜ਼ਾਂ ਗ਼ਲਤ ਤਰਤੀਬ ‘ਚ ਵਾਪਰਦੀਆਂ ਜਾਪ ਰਹੀਆਂ ਹਨ ਬਾਰੇ ਚੌਕੰਨਾ ਕਰ ਰਿਹਾਂ। ਗੱਡੇ ਖੋਤਿਆਂ ਦੇ ਅੱਗੇ ਜੋਤੇ ਜਾ ਰਹੇ ਨੇ। ਪ੍ਰਾਥਮਿਕਾਤਾਵਾਂ ਨੂੰ, ਜੇ ਉਲਟਾ ਨਹੀਂ ਵੀ ਕੀਤਾ ਜਾ ਸਕਦਾ, ਘੱਟੋਘੱਟ ਐਡਜਸਟ ਜਾਂ ਨਿਯਮਿਤ ਕਰਨ ਦੀ ਤਾਂ ਜ਼ਰੂਰ ਲੋੜ ਹੈ। ਬਹੁਤ ਕੁੱਝ ਅਸਪੱਸ਼ਟ ਜਾਪ ਰਿਹੈ, ਪਰ ਅਸਲ ‘ਚ ਸਿਰਫ਼ ਇਸ ਗੱਲ ਨੂੰ ਵਿਚਾਰਨ ਦੀ ਲੋੜ ਹੈ ਕਿ ਕੁੱਝ ਲੋੜਾਂ ਨੂੰ ਪੂਰਾ ਕਰਨਾ ਦੂਜੀਆਂ ਲੋੜਾਂ ਨਾਲੋਂ ਵੱਧ ਜ਼ਰੂਰੀ ਕਿਉਂ ਹੁੰਦੈ। ਵਧੇਰੇ ਡੂੰਘੀ ਸਮਝ ਹਾਸਿਲ ਕਰਨ ਲਈ ਤਿਆਰ ਰਹੋ ਅਤੇ ਜਾਵੇਗਾ ਹੋ ਠੀਕ ਕੁੱਝ ਸਭ।
ਭਾਵਨਾਵਾਂ ਆਪਣੇ ਆਪ ‘ਚ ਬਹੁਤੀ ਚੰਗੀ ਤਰ੍ਹਾਂ ਪੇਸ਼ ਨਹੀਂ ਆਉਂਦੀਆਂ। ਉਹ ਹਮੇਸ਼ਾਂ ਭੁੜਕਦੀਆਂ ਰਹਿੰਦੀਆਂ ਨੇ। ਉਹ ਰਾਹ ਦਾ ਰੋੜਾ ਬਣਦੀਆਂ ਹਨ। ਸ਼ਰਾਰਤੀ ਨਿਆਣਿਆਂ ਜਾਂ ਜੰਗਲੀ ਜਾਨਵਰਾਂ ਵਾਂਗ, ਉਹ ਤਰਕ ਦੀ ਗੱਲ ਤਾਂ ਸੁਣਦੀਆਂ ਹੀ ਨਹੀਂ ਅਤੇ ਨਾ ਹੀ ਹਰ ਵਾਰ ਅਨੁਸ਼ਾਸਨ ਦਾ ਹੀ ਜਵਾਬ ਦਿੰਦੀਆਂ ਹਨ। ਵੱਧ ਤੋਂ ਵੱਧ, ਉਨ੍ਹਾਂ ਨੂੰ ਸਮੇਂ ਦੇ ਨਾਲ-ਨਾਲ ਸਿਖਾਇਆ ਜਾ ਸਕਦੈ, ਸਿਧਾਇਆ ਜਾ ਸਕਦੈ। ਪਰ ਕੁੱਝ ਉਕਸਾਹਟਾਂ, ਘਟਨਾਵਾਂ ਅਤੇ ਤਜਰਬੇ ਇੰਨੇ ਸ਼ਕਤੀਸ਼ਾਲੀ ਹੁੰਦੇ ਹਨ ਕਿ ਜਿਹੜੀਆਂ ਪ੍ਰਕਿਰਿਆਵਾਂ ਨੂੰ ਉਹ ਉਭਾਰਦੇ ਹਨ, ਫ਼ਿਰ ਉਨ੍ਹਾਂ ਨੂੰ ਆਸਾਨੀ ਨਾਲ ਦਬਾਇਆ ਨਹੀਂ ਜਾ ਸਕਦਾ। ਜੇਕਰ ਇੰਨੀ ਹੀ ਪ੍ਰਬਲ ਕੋਈ ਭਾਵਨਾ ਤੁਹਾਡੀਆਂ ਚੋਣਾਂ ਅਤੇ ਫ਼ੈਸਲਿਆਂ ਨੂੰ ਪ੍ਰਭਾਵਿਤ ਕਰ ਰਹੀ ਹੈ ਤਾਂ ਤੁਹਾਨੂੰ ਕੇਵਲ ਉਸ ਨੂੰ ਕਬੂਲਣ ਦੀ ਲੋੜ ਹੈ ਅਤੇ ਉਸ ਨਾਲ ਹੀ ਕਿਸੇ ਨਾ ਕਿਸੇ ਤਰ੍ਹਾਂ ਕੰਮ ਸਾਰਨ ਦੀ ਵੀ। ਇਹ ਅਸਲ ‘ਚ ਇੰਨੀ ਮਾੜੀ ਗੱਲ ਨਹੀਂ।

ਜਦੋਂ ਵੀ ਇੰਝ ਲੱਗਣ ਲੱਗੇ ਕਿ ਸਾਡੀਆਂ ਮੁਸ਼ਕਿਲਾਂ ਉਨ੍ਹਾਂ ਲੋਕਾਂ ਅਤੇ ਤਾਕਤਾਂ ਵਲੋਂ ਪੈਦਾ ਕੀਤੀਆਂ ਜਾ ਰਹੀਆਂ ਹਨ ਜਿਹੜੇ ਸਾਡੇ ਕੰਟਰੋਲ ਤੋਂ ਬਾਹਰੀ ਹਨ ਤਾਂ ਸਾਨੂੰ ਰੁੱਕਣਾ ਅਤੇ ਸੋਚਣਾ ਚਾਹੀਦਾ ਹੈ। ਕਈ ਵਾਰ, ਅਸੀਂ ਖ਼ੁਦ ਨੂੰ ਹਾਲਾਤ ਦਾ ਸ਼ਿਕਾਰ ਬਣਾ ਕੇ ਪੇਸ਼ ਕਰਦੇ ਹਾਂ ਕਿਉਂਕਿ ਅਸੀਂ ਆਪਣੀ ਸ਼ਕਤੀ ਦੀ ਪੂਰੀ ਹੱਦ ਨੂੰ ਸਮਝਦੇ ਨਹੀਂ। ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਅਸੀਂ ਕਿਸੇ ਸਥਿਤੀ ਨੂੰ ਸਿਰਜਣ ‘ਚ ਖ਼ੁਦ ਵਲੋਂ ਨਿਭਾਈ ਗਈ ਭੂਮਿਕਾ ਨੂੰ ਦੇਖਣ ‘ਚ ਅਸਮਰਥ ਰਹਿੰਦੇ ਹਾਂ। ਮੈਂ ਇਹ ਸੁਝਾਉਣ ਦੀ ਗ਼ਸਤਾਖ਼ੀ ਨਹੀਂ ਕਰ ਰਿਹਾ ਕਿ ਜੋ ਕੁੱਝ ਵੀ ਮੈਂ ਉੱਪਰ ਲਿਖਿਐ ਉਹ ਤੁਹਾਡੇ ‘ਤੇ ਨਿੱਜੀ ਤੌਰ ‘ਤੇ ਲਾਗੂ ਹੁੰਦੈ। ਇਹ ਵੀ ਹੋ ਸਕਦਾ ਹੈ ਕਿ ਤੁਸੀਂ ਕਿਸੇ ਅਜਿਹੇ ਬੰਦੇ ਨਾਲ ਨਜਿੱਠ ਰਹੇ ਹੋਵੋ ਜਿਹੜਾ ਆਪਣੀ ਗ਼ਲਤੀ ਮੰਨਣ ਨੂੰ ਤਿਆਰ ਹੀ ਨਹੀਂ। ਪਰ ਜਿੱਥੇ ਕਿਤੇ ਵੀ ਸੱਚ ਨੂੰ ਇਸ ਵਕਤ ਤੋੜਿਆ ਮਰੋੜਿਆ ਜਾ ਰਿਹੈ, ਉਸ ਨੂੰ ਛੇਤੀ ਹੀ ਪਿਆਰ ਨਾਲ ਸਿੱਧਾ ਕੀਤਾ ਜਾ ਸਕਦਾ ਹੈ।

ਅਕਸਰ, ਅਸੀਂ ਆਪਣੇ ਆਪ ਨੂੰ ਸਥਿਤੀਆਂ ‘ਚ ਉਲਝਾ ਲੈਂਦੇ ਹਾਂ ਅਤੇ ਫ਼ਿਰ ਹੈਰਾਨ ਹੁੰਦੇ ਹਾਂ ਕਿ ਅਸੀਂ ਉਨ੍ਹਾਂ ‘ਚ ਫ਼ਸੇ ਤਾਂ ਫ਼ਸੇ ਕਿਵੇਂ। ਸਾਨੂੰ ਕਿਸ ਨੇ ਪਹੁੰਚਾਇਆ ਇੱਥੇ? ਅਸੀਂ ਇਸ ਦੇ ਹੱਕਦਾਰ ਹੋਣ ਲਈ ਕਿਹੜਾ ਗ਼ੁਨਾਹ ਕੀਤਾ ਸੀ? ਅਸੀਂ ਹਾਲਾਤ ਜਾਂ ਲੋਕਾਂ ਨੂੰ ਇਲਜ਼ਾਮ ਦਿੰਦੇ ਹਾਂ, ਪਰ ਅਸੀਂ ਬਹੁਤ ਘੱਟ ਆਪਣੀਆਂ ਉਨ੍ਹਾਂ ਚੋਣਾਂ ਦੀ ਜ਼ਿੰਮੇਵਾਰੀ ਲੈਂਦੇ ਹਾਂ ਜਿਨ੍ਹਾਂ ਕਰ ਕੇ ਅਸੀਂ ਉੱਥੇ ਪਹੁੰਚੇ ਹੁੰਦੇ ਹਾਂ ਜਿੱਥੇ ਅਸੀਂ ਹਾਂ। ਤੁਹਾਨੂੰ ਇਸ ਵਕਤ ਇਹ ਪਹਿਚਾਨਣ ਦੀ ਲੋੜ ਹੈ ਕਿ ਕਿਸੇ ਭਾਵਨਾਤਮਕ ਨਾਟਕ ਦੇ ਨਤੀਜੇ ਨੂੰ ਪ੍ਰਭਾਵਿਤ ਕਰਨ ਦੀ ਤੁਹਾਡੇ ਕੋਲ ਕਿੰਨੀ ਤਾਕਤ ਹੈ। ਅਸਲ ‘ਚ ਇਹ ਸਭ ਕੁੱਝ ਇਸ ਗੱਲ ‘ਤੇ ਨਿਰਭਰ ਨਹੀਂ ਕਰਦਾ ਕਿ ਕੋਈ ਦੂਸਰਾ ਕੀ ਕਰਦਾ ਜਾਂ ਚਾਹੁੰਦਾ ਹੈ। ਇਹ ਦਰਅਸਲ ਬੱਸ ਇਸ ਗੱਲ ‘ਤੇ ਨਿਰਭਰ ਕਰਦੈ ਕਿ ਤੁਸੀਂ ਕੀ ਕਰਦੇ ਹੋ … ਅਤੇ ਤੁਸੀਂ ਕੀ ਚਾਹੁੰਦੇ ਹੋ!
ਜੇਕਰ ਤੁਹਾਡੇ ਕੋਲ ਚੋਣ ਕੇਵਲ ੳ ਜਾਂ ਅ ਨੂੰ ਚੁਣਨ ਦੀ ਹੋਵੇ, ਹਾਲਾਂਕਿ ਫ਼ੈਸਲਾ ਕਰਨਾ ਮੁਸ਼ਕਿਲ ਹੋ ਸਕਦੈ, ਘੱਟਘੱਟ ਇਹ ਸੌਖੀ ਤਾਂ ਹੈ। ਜੇਕਰ ਤੁਹਾਨੂੰ ੳ, ਹ, ਅ, ਭ ਜਾਂ ੜ ਦਰਮਿਆਨ ਚੋਣ ਕਰਨੀ ਪੈ ਜਾਂਦੀ ਤਾਂ ਤੁਸੀਂ ਜ਼ਰੂਰ ਭੰਬਲਭੂਸੇ ‘ਚ ਫ਼ਸੇ ਹੋਏ ਮਹਿਸੂਸ ਕਰਨਾ ਸੀ। ਇਸੇ ਲਈ, ਅਕਸਰ ਹੀ ਜੀਵਨ ‘ਚ, ਅਸੀਂ ਆਪਣੇ ਵਿਕਲਪਾਂ ਦੇ ਦਾਇਰੇ ਨੂੰ ਤੰਗ ਕਰਨ ਦੀ ਕੋਸ਼ਿਸ਼ ‘ਚ ਰਹਿੰਦੇ ਹਾਂ ਨਾ ਕਿ ਉਸ ਨੂੰ ਹੋਰ ਫ਼ੈਲਾਉਣ ਜਾਂ ਵਸੀਹ ਕਰਨ ਦੀ! ਅਕਸਰ, ਸ਼ੰਕੇ ‘ਚ ਰਹਿਣ ਦੀ ਪੀੜਾ ਇੰਨੀ ਜ਼ਿਆਦਾ ਅਸਹਿਣਸ਼ੀਲ ਹੁੰਦੀ ਹੈ ਕਿ ਕੋਈ ਵੀ ਹੋਰ ਬਦਲ, ਚਾਹੇ ਸਿਧਾਂਤਕ ਪੱਖੋਂ ਉਹ ਕਿੰਨਾ ਵੀ ਮਿਸਾਲੀ ਕਿਉਂ ਨਾ ਹੋਵੇ, ਸਹਿਣ ਦੀ ਲੋੜ ਨਹੀਂ ਹੁੰਦੀ। ਹਾਲ ਦੀ ਘੜੀ, ਤੁਸੀਂ ਵੰਡੇ ਹੋਏ ਜਾਂ ਅਨਿਸ਼ਚਿਤ ਮਹਿਸੂਸ ਕਰ ਰਹੇ ਹੋ – ਅਤੇ ਇਹ ਕੋਈ ਆਨੰਦ ਵਾਲੀ ਗੱਲ ਨਹੀਂ। ਸਥਿਤੀ ਨੂੰ ਸਰਲ ਬਣਾਓ। ਤੁਹਾਡਾ ਦਿਲ ਜੋ ਸੁਝਾਅ ਰਿਹੈ, ਉਸ ਨੂੰ ਸੁਣੋ। ਅਤੇ ਉਸੇ ‘ਤੇ ਕਾਰਜਸ਼ੀਲ ਹੋਵੋ!