ਪਟਿਆਲਾ : ਪੰਜਾਬ ਦੀ ਰਾਜਧਾਨੀ ਅਤੇ ਯੂ. ਟੀ. ਚੰਡੀਗੜ੍ਹ ਬਿਜਲੀ ਸੰਕਟ ਵਿਚ ਉਲਝ ਗਿਆ ਹੈ ਕਿਉਂਕਿ ਇੱਥੇ ਬਿਜਲੀ ਮੁਲਾਜ਼ਮ 72 ਘੰਟਿਆਂ ਦੀ ਹੜਤਾਲ ’ਤੇ ਚਲੇ ਗਏ ਹਨ। ਚੰਡੀਗੜ੍ਹ ਵੱਲੋਂ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ)ਤੋਂ ਇੰਜੀਨੀਅਰ ਤੇ ਮੁਲਾਜ਼ਮਾਂ ਦੀ ਕੀਤੀ ਮੰਗ ਪੀ. ਐੱਸ. ਈ. ਬੀ. ਇੰਜੀਨੀਅਰਜ਼ ਐਸੋਸੀਏਸ਼ਨ, ਜੇ. ਈ. ਕੌਂਸਲ ਅਤੇ ਮੁਲਾਜ਼ਮ ਫ਼ਰੰਟ ਨੇ ਠੁਕਰਾ ਦਿੱਤੀ ਹੈ ਅਤੇ ਉਲਟਾ ਚੰਡੀਗੜ੍ਹ ਦੇ ਬਿਜਲੀ ਮੁਲਾਜ਼ਮਾਂ ਦਾ ਸਾਥ ਦੇਣ ਦਾ ਐਲਾਨ ਕੀਤਾ ਹੈ।
ਪੀ. ਐੱਸ. ਈ. ਬੀ. ਇੰਜੀਨੀਅਰਜ਼ ਐਸੋਸੀਏਸ਼ਨ ਦੇ ਪ੍ਰਧਾਨ ਜਸਵੀਰ ਸਿੰਘ ਧੀਮਾਨ ਤੇ ਜਨਰਲ ਸਕੱਤਰ ਅਜੈਪਾਲ ਸਿੰਘ ਅਟਵਾਲ ਨੇ ਦੱਸਿਆ ਕਿ ਸਾਡੀ ਜੱਥੇਬੰਦੀ ਨੇ ਚੰਡੀਗੜ੍ਹ ਵਿਚ ਬਿਜਲੀ ਸੰਕਟ ਸੰਭਾਲਣ ਤੋਂ ਨਾਂਹ ਕਰ ਦਿੱਤੀ ਹੈ, ਜਿਸ ਕਾਰਨ ਚੰਡੀਗੜ੍ਹ ‘ਚ ਬਿਜਲੀ ਕੱਟ ਲੱਗ ਰਹੇ ਹਨ।
ਉਨ੍ਹਾਂ ਦੱਸਿਆ ਕਿ ਜੇ. ਈ. ਕੌਂਸਲ ਤੇ ਮੁਲਾਜ਼ਮ ਫ਼ਰੰਟ ਨੇ ਵੀ ਚੰਡੀਗੜ੍ਹ ਦੀ ਮੁਲਾਜ਼ਮ ਭੇਜਣ ਦੀ ਮੰਗ ਠੁਕਰਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਅੱਜ ਹਰਿਆਣਾ ਦੇ ਮੁਲਾਜ਼ਮ ਚੰਡੀਗੜ੍ਹ ਦੇ ਮੁਲਾਜ਼ਮਾਂ ਦੇ ਹੱਕ ਵਿਚ ਧਰਨਾ ਦੇ ਰਹੇ ਹਨ ਅਤੇ ਭਲਕੇ 23 ਫਰਵਰੀ ਨੂੰ ਪੰਜਾਬ ਦੇ ਮੁਲਾਜ਼ਮ ਚੰਡੀਗੜ੍ਹ ਦੇ ਬਿਜਲੀ ਮੁਲਾਜ਼ਮਾਂ ਦੇ ਹੱਕ ਵਿਚ ਸੈਕਟਰ-17 ਵਿਚ ਧਰਨਾ ਦੇਣਗੇ।