ਬਠਿੰਡਾ – ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੋਲਿੰਗ ਸਟੇਸ਼ਨ ਦੇ 200 ਮੀਟਰ ਦੇ ਘੇਰੇ ਅੰਦਰ ਹਰ ਤਰ੍ਹਾਂ ਦਾ ਪ੍ਰਚਾਰ ਕਰਨਾ ਲਾਜ਼ਮੀ ਹੈ। ਵਿਰੋਧੀ ਪਾਰਟੀਆਂ ਨੇ ਕਾਂਗਰਸੀ ਉਮੀਦਵਾਰ ਦੀ ਫੋਟੋ ਵਾਲੀਆਂ ਵੋਟਰ ਸਲਿੱਪਾਂ ਦੀ ਵੰਡ ’ਤੇ ਇਤਰਾਜ਼ ਜਤਾਉਂਦਿਆਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ। ਸ਼ਹਿਰ ਦੇ ਐੱਮ. ਐੱਸ. ਡੀ. ਸਕੂਲ ਦੇ ਬਾਹਰ ਕਾਂਗਰਸ ਪਾਰਟੀ ਵੱਲੋਂ ਲਗਾਏ ਗਏ ਆਪਣੇ ਪੋਲਿੰਗ ਟੈਂਟ ’ਤੇ ਕਾਂਗਰਸੀ ਵਰਕਰਾਂ ਵੱਲੋਂ ਵੋਟਰ ਸਲਿੱਪ ਮਸ਼ੀਨ ਲਗਾ ਕੇ ਵੋਟਰਾਂ ਨੂੰ ਵੋਟ ਵੰਡੀ ਜਾ ਰਹੀ ਸੀ। ਮਨਪ੍ਰੀਤ ਸਿੰਘ ਬਾਦਲ ਦੀ ਫੋਟੋ ਦੇ ਨਾਲ ਪ੍ਰਚਾਰ ਕੀਤਾ ਜਾ ਰਿਹਾ ਸੀ। ਇਸ ਦੀ ਸ਼ਿਕਾਇਤ ਇਕ ਵੋਟਰ ਵੱਲੋਂ ਚੋਣ ਕਮਿਸ਼ਨ ਦੀ ਸੀ ਵਿਜੀਲ ਐਪ ’ਤੇ ਦਰਜ ਕਰਵਾਈ ਗਈ ਸੀ।
ਸ਼ਿਕਾਇਤ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਫਲਾਇੰਗ ਸਕੁਐਡ ਟੀਮ ਦੇ ਇੰਚਾਰਜ ਅਮਨਦੀਪ ਸਿੰਘ ਸੇਖੋ ਨੇ ਮੌਕੇ ’ਤੇ ਪਹੁੰਚ ਕੇ ਕਾਂਗਰਸ ਪਾਰਟੀ ਦੀ ਵੋਟਰ ਸਲਿੱਪ ਮਸ਼ੀਨ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਅਤੇ ਉਨ੍ਹਾਂ ਖਿਲਾਫ ਕਾਰਵਾਈ ਕਰਨ ਲਈ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ। ਇਸ ਦੇ ਨਾਲ ਹੀ ਪੁਲਸ ਨੇ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਅਕਾਲੀ ਦਲ ਦੇ ਉਮੀਦਵਾਰ ਸਰੂਪਚੰਦ ਸਿੰਗਲਾ ਨੇ ਵੀ ਆਪਣੇ ਸਮਰਥਕਾਂ ਸਮੇਤ ਸਥਾਨਕ ਦਾਣਾ ਮੰਡੀ ਵਿਚ ਕਾਂਗਰਸ ਪਾਰਟੀ ਦੇ ਸਮਰਥਕਾਂ ਵੱਲੋਂ ਮਨਪ੍ਰੀਤ ਸਿੰਘ ਬਾਦਲ ਦੀ ਫੋਟੋ ਵਾਲੀਆਂ ਵੋਟਰ ਪਰਚੀਆਂ ਦੇਣ ਦਾ ਵਿਰੋਧ ਕੀਤਾ।