ਓਟਾਵਾ- ਕੈਨੇਡਾ ਦੀ ਰਾਜਧਾਨੀ ਓਟਾਵਾ ਦੀਆਂ ਸੜਕਾਂ ‘ਤੇ ਰੋਸ ਪ੍ਰਦਰਸ਼ਨ ਕਰਕੇ ਆਵਾਜਾਈ ਨੂੰ ਰੋਕਣ ਵਾਲੇ ਸੈਂਕੜੇ ਟਰੱਕ ਡਰਾਈਵਰਾਂ ਨੂੰ ਹਟਾਉਣ ਲਈ ਪੁਲਸ ਨੇ ਸ਼ੁੱਕਰਵਾਰ ਨੂੰ ਘੱਟੋ-ਘੱਟ 100 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਓਟਾਵਾ ਪੁਲਸ ਦੇ ਅੰਤਰਿਮ ਚੀਫ਼ ਸਟੀਵ ਬੇਲ ਨੇ ਕਿਹਾ ਕਿ ਦੰਗਿਆਂ ਲਈ ਹੁਣ ਤੱਕ ਘੱਟੋ-ਘੱਟ 100 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਕਰੀਬ 2 ਦਰਜਨ ਵਾਹਨਾਂ ਨੂੰ ਹਟਾਇਆ ਜਾ ਚੁੱਕਾ ਹੈ।
ਪੁਲਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹੋਈ ਝੜਪ ਵਿਚ ਇਕ ਪੁਲਸ ਅਧਿਕਾਰੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲਸ ਅਤੇ ਪ੍ਰਸ਼ਾਸਨ ਦੇ ਦਬਾਅ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਵਾਹਨਾਂ ਅਤੇ ਟਰੱਕਾਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਹੈ। ਸਟੀਵ ਬੇਲ ਨੇ ਕਿਹਾ ਕਿ ਪੁਲਸ ਸੜਕ ‘ਤੇ ਕੰਟਰੋਲ ਕਰਨ ਲਈ ਅੱਗੇ ਵਧਦੀ ਰਹੇਗੀ। ਉਨ੍ਹਾਂ ਕਿਹਾ ਕਿ ਅਸੀਂ ਇਸ ਨੂੰ ਪੂਰਾ ਕਰਨ ਤੱਕ ਦਿਨ-ਰਾਤ ਕੰਮ ਕਰਾਂਗੇ।’ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿਚ ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ 4 ਆਗੂ ਵੀ ਸ਼ਾਮਲ ਹਨ। ਇਕ ਨੂੰ ਜ਼ਮਾਨਤ ਮਿਲ ਗਈ ਹੈ ਜਦਕਿ ਬਾਕੀ ਜੇਲ੍ਹ ਵਿਚ ਬੰਦ ਹਨ।
ਸਰਕਾਰ ਨੇ ਪ੍ਰਦਰਸ਼ਨ ਨੂੰ ਖ਼ਤਮ ਕਰਨ ਲਈ ਇੱਥੇ ਐਮਰਜੈਂਸੀ ਲਾਗੂ ਕੀਤੀ ਹੋਈ ਹੈ। ਇਸ ਤਹਿਤ ਪੁਲਸ ਪ੍ਰਦਰਸ਼ਨਕਾਰੀਆਂ ਨੂੰ ਵਾਪਸ ਭੇਜਣ ਦੀ ਕੋਸ਼ਿਸ਼ ਕਰ ਰਹੀ ਹੈ। ਸ਼ੁੱਕਰਵਾਰ ਸਵੇਰੇ ਜਦੋਂ ਪੁਲਸ ਨੇ ਕਾਰਵਾਈ ਸ਼ੁਰੂ ਕੀਤੀ ਤਾਂ ਕੁਝ ਪ੍ਰਦਰਸ਼ਨਕਾਰੀਆਂ ਨੇ ਵਿਰੋਧ ਕੀਤਾ। ਇਸ ਤੋਂ ਬਾਅਦ ਆਟੋਮੈਟਿਕ ਹਥਿਆਰਾਂ ਨਾਲ ਲੈਸ ਸੁਰੱਖਿਆ ਬਲਾਂ ਨੇ ਪ੍ਰਦਰਸ਼ਨ ਵਾਲੀ ਥਾਂ ਵੱਲ ਮਾਰਚ ਕੀਤਾ ਅਤੇ ਕੁਝ ਪ੍ਰਦਰਸ਼ਨਕਾਰੀਆਂ ਨੂੰ ਜ਼ਮੀਨ ‘ਤੇ ਸੁੱਟ ਦਿੱਤਾ ਅਤੇ ਉਨ੍ਹਾਂ ਦੇ ਹੱਥ ਪਿੱਛੇ ਬੰਨ੍ਹ ਦਿੱਤੇ।
ਦਰਅਸਲ, ਕੋਵਿਡ-19 ਟੀਕਾਕਰਨ ਅਤੇ ਵਿਸ਼ਵਵਿਆਪੀ ਮਹਾਮਾਰੀ ਪਾਬੰਦੀਆਂ ਦੇ ਖ਼ਿਲਾਫ਼ ਇਨ੍ਹੀਂ ਦਿਨੀਂ ਕੈਨੇਡਾ ਵਿਚ ਵੱਡੇ ਪੱਧਰ ‘ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਟਰੱਕ ਡਰਾਈਵਰਾਂ ਦੀ ਅਗਵਾਈ ‘ਚ ਪ੍ਰਦਰਸ਼ਨਕਾਰੀਆਂ ਨੇ ਕੈਨੇਡਾ ਦੀ ਰਾਜਧਾਨੀ ਓਟਾਵਾ ‘ਚ ਟਰੱਕ ਰੋਕ ਕੇ ਕੈਨੇਡਾ ਤੋਂ ਅਮਰੀਕਾ ਜਾਣ ਵਾਲੇ ਰਸਤੇ ਨੂੰ ਕਈ ਥਾਵਾਂ ‘ਤੇ ਰੋਕ ਦਿੱਤਾ ਹੈ। ਓਟਾਵਾ ਦੇ ਪਾਰਲੀਮੈਂਟ ਹਿੱਲ ਇਲਾਕੇ ‘ਚ ਵੱਡੀ ਗਿਣਤੀ ‘ਚ ਪੁਲਸ ਮੁਲਾਜ਼ਮ ਪਹੁੰਚ ਗਏ ਅਤੇ ਸਰਕਾਰੀ ਇਮਾਰਤਾਂ ਦੇ ਆਲੇ-ਦੁਆਲੇ ਕੰਡਿਆਲੀ ਤਾਰ ਵਿਛਾ ਕੇ ਘੇਰਾਬੰਦੀ ਕਰ ਦਿੱਤੀ।
ਬਾਹਰੀ ਲੋਕਾਂ ਨੂੰ ਪ੍ਰਦਰਸ਼ਨਕਾਰੀਆਂ ਦੀ ਮਦਦ ਲਈ ਆਉਣ ਤੋਂ ਰੋਕਣ ਲਈ ਪੁਲਸ ਨੇ ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ਨੂੰ ਸੀਲ ਕਰਨਾ ਸ਼ੁਰੂ ਕਰ ਦਿੱਤਾ ਹੈ। ਵੀਡੀਓ ਫੁਟੇਜ ਵਿਚ ਪ੍ਰਦਰਸ਼ਨ ਵਾਲੀ ਥਾਂ ‘ਤੇ ਸੈਂਕੜੇ ਪੁਲਸ ਅਧਿਕਾਰੀ ਮੌਜੂਦ ਦਿਖਾਈ ਦੇ ਰਹੇ ਹਨ। ਕੁਝ ਪ੍ਰਦਰਸ਼ਨਕਾਰੀਆਂ ਨੇ ਪੁਲਸ ਅਧਿਕਾਰੀਆਂ ਦੇ ਨੇੜੇ ਇਕ ਲੜੀ ਬਣਾਈ ਹੋਈ ਹੈ। ਹਰ ਕੋਈ ਇੱਕ-ਦੂਜੇ ਦਾ ਹੱਥ ਫੜ ਕੇ ਕੈਨੇਡਾ ਦਾ ਰਾਸ਼ਟਰੀ ਗੀਤ ਗਾ ਰਿਹਾ ਹੈ। ਪੁਲਸ ਦਾ ਦੋਸ਼ ਹੈ ਕਿ ਪ੍ਰਦਰਸ਼ਨਕਾਰੀ ਬੱਚਿਆਂ ਨੂੰ ਢਾਲ ਵਜੋਂ ਵਰਤ ਰਹੇ ਹਨ।