ਤੁਸੀਂ ਸੱਚਮੁੱਚ ਇਹ ਨਹੀਂ ਚਾਹੁੰਦੇ ਕਿ ਸਭ ਕੁਝ ਉਸੇ ਤਰ੍ਹਾਂ ਵਾਪਰੇ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ! ਤੁਸੀਂ ਇਹ ਸੋਚ ਸਕਦੇ ਹੋ ਕਿ ਤੁਸੀਂ ਚਾਹੁੰਦੇ ਹੋ ਕਿ ਅਜਿਹਾ ਹੋਵੇ, ਪਰ ਜ਼ਰਾ ਕਲਪਨਾ ਕਰੋ ਕਿ ਜੇਕਰ ਤੁਸੀਂ ਚੀਜ਼ਾਂ ਨੂੰ ਉਸ ਤਰ੍ਹਾਂ ਵਾਪਰਦੀਆਂ ਦੇਖੋਗੇ ਜਿਵੇਂ ਕੋਈ ਹੋਰ ਚਾਹੁੰਦਾ ਸੀ ਕਿ ਉਹ ਵਾਪਰਣ ਤਾਂ ਤੁਹਾਨੂੰ ਕਿੰਨਾ ਆਨੰਦ ਆਵੇਗਾ! ਅਤੇ ਜਦੋਂ ਤਕ ਉਨ੍ਹਾਂ ਦਾ ਆਦਰਸ਼ਕ, ਇੱਛਿਤ ਉਦੇਸ਼ ਤੁਹਾਡੇ ਆਪਣੇ ਨਿੱਜੀ ਖ਼ਿਆਲਾਤ ਦੇ ਹਰ ਪਹਿਲੂ ਨਾਲ ਬਿਲਕੁਲ ਹੀ ਵਿਵਾਦ ‘ਚ ਨਹੀਂ, ਤੁਸੀਂ ਉਨ੍ਹਾਂ ਦੀ ਸਫ਼ਤਾ ਤੋਂ ਕਿਸੇ ਨਾ ਕਿਸੇ ਢੰਗ ‘ਚ ਜ਼ਰੂਰ ਖੱਟੋਗੇ। ਦਰਅਸਲ, ਜੇਕਰ ਤੁਹਾਡੀਆ ਯੋਜਨਾਵਾਂ ਅਸਫ਼ਲ ਹੋ ਗਈਆਂ ਤਾਂ ਵੀ ਤੁਹਾਨੂੰ ਫ਼ਾਇਦਾ ਹੋਵੇਗਾ ਕਿਉਂਕਿ ਤੁਹਾਡੀਆਂ ਸਾਰੀਆਂ ਯੋਜਨਾਵਾਂ ਓਨੀਆਂ ਵਧੀਆ ਨਹੀਂ ਜਿੰਨੀਆਂ ਤੁਸੀਂ ਸੋਚਦੇ ਹੋ! ਕਿਸੇ ਹੋਰ ਦੇ ਸਫ਼ਲ ਹੋਣ ‘ਚ ਉਨ੍ਹਾਂ ਦੀ ਮਦਦ ਕਰਨ ਲਈ ਆਪਣੀ ਜ਼ਿੰਦਗੀ ‘ਚ ਜਗ੍ਹਾ ਬਣਾਓ।

”ਜੇਕਰ ਤੁਸੀਂ ਅਮੀਰ ਬਣਨਾ ਚਾਹੁੰਦੇ ਹੋ, ਫ਼ਰਾਖ਼ਦਿਲ ਬਣੋ, ”ਇਹ ਇੱਕ ਪੁਰਾਣੀ ਕਹਾਵਤ ਹੈ। ਇਹ ਕੇਵਲ ਪੈਸੇ ‘ਤੇ ਹੀ ਸਹੀ ਨਹੀਂ ਢੁੱਕਦੀ। ਜੇਕਰ ਤੁਸੀਂ ਰੂਹਾਨੀ ਤੌਰ ‘ਤੇ ਅਮੀਰ ਮਹਿਸੂਸ ਕਰਨਾ ਚਾਹੁੰਦੇ ਹੋਵੋ ਤਾਂ ਵੀ ਤੁਹਾਨੂੰ ਆਪਣੇ ਦਿਲ ‘ਚ ਰਹਿਮਦਿਲੀ ਪੈਦਾ ਕਰਨ ਦੀ ਲੋੜ ਹੁੰਦੀ ਹੈ। ਜਦੋਂ ਵੀ ਅਸੀਂ ਉਸ ਸ਼ੈਅ ਨੂੰ ਬਹੁਤ ਜ਼ਿਆਦਾ ਘੁੱਟ ਕੇ ਫ਼ੜ ਲੈਂਦੇ ਹਾਂ ਜੋ ਸਾਡੇ ਕੋਲ ਹੁੰਦੀ ਹੈ, ਅਸੀਂ ਇੱਕ ਵੱਡੀ ਨਿੱਜੀ ਕੀਮਤ ਅਦਾ ਕਰਦੇ ਹਾਂ। ਬੇਸ਼ੱਕ ਅਸੀਂ ਰਸ਼ਕ ਜਾਂ ਈਰਖਾ ਕਰਨ ਜੋਗੇ ਮਾਲ-ਅਸਬਾਬ ਅਤੇ ਸ਼ਾਨਦਾਰ ਲੋਕਾਂ ਨਾਲ ਪੂਰੀ ਤਰ੍ਹਾਂ ਘਿਰੇ ਹੋਏ ਵੀ ਕਿਉਂ ਨਾ ਹੋਈਏ, ਅਸੀਂ ਉਸ ਸਭ ਦੀ ਪੂਰੀ ਤਰ੍ਹਾਂ ਕਦਰ ਨਹੀਂ ਕਰ ਸਕਦੇ ਕਿਉਂਕਿ ਅਸੀਂ ਉਸ ਚੀਜ਼ ਨੂੰ ਗੁਆਉਣ ਬਾਰੇ ਵਧੇਰੇ ਚਿੰਤਤ ਹੁੰਦੇ ਹਾਂ ਜਿਸ ਨੂੰ ਅਸੀਂ ਸਹੀ ਤਰ੍ਹਾਂ ਦੂਸਰਿਆਂ ‘ਚ ਵੰਡ ਨਹੀਂ ਸਕਦੇ। ਜ਼ਿੰਦਗੀ ਤੁਹਾਨੂੰ ਬਹੁਤ ਚੰਗੇ ਅਤੇ ਆਨੰਦਦਮਈ ਢੰਗ ਨਾਲ ਦੇਣ ਅਤੇ ਬਦਲੇ ‘ਚ ਬਹੁਤ ਕੁਝ ਵਾਪਿਸ ਹਾਸਿਲ ਕਰਨ ਦਾ ਇੱਕ ਬੇਹਤਰੀਨ ਮੌਕਾ ਦੇ ਰਹੀ ਹੈ!

ਕੋਈ ਅਜਿਹੀ ਬਹਿਸ ਹੈ ਜਿਹੜੀ ਸ਼ਾਇਦ ਤੁਸੀਂ ਜਿੱਤ ਨਹੀਂ ਸਕਦੇ, ਸੋ ਫ਼ਿਰ ਉਸ ਨੂੰ ਸ਼ੁਰੂ ਹੀ ਕਿਉਂ ਕੀਤਾ ਜਾਵੇ? ਉਸ ਦਾ ਬਚਾਅ ਕਰਨ ਦੀ ਕੋਸ਼ਿਸ਼ ਕਿਓਂ ਕਰੋ ਜਿਸ ਨੂੰ ਬਚਾਇਆ ਹੀ ਨਾ ਜਾ ਸਕਦਾ? ਉਸ ਨੁਕਤੇ ਨੂੰ ਸਥਾਪਿਤ ਕਰਨ ਦੀ ਕੀ ਲੋੜ ਹੈ ਜਿਸ ਨੂੰ ਕੋਈ ਵੀ ਹੋਰ ਚੁੱਕਣ ‘ਚ ਦਿਲਚਸਪੀ ਨਹੀਂ ਦਿਖਾ ਰਿਹਾ? ਕੀ ਅੱਗੇ ਵਧਣ ਦਾ ਕੋਈ ਹੋਰ ਵੱਖਰਾ, ਸਿਆਣਾ ਢੰਗ ਮੌਜੂਦ ਨਹੀਂ? ਨਿਰਸੰਦੇਹ ਮੌਜੂਦ ਹੈ, ਅਤੇ ਤੁਸੀਂ ਛੇਤੀ ਹੀ ਦੇਖੋਗੇ ਕਿ ਉਸ ਲਈ ਕੀ ਕਰਨ ਦੀ ਲੋੜ ਹੋਵੇਗੀ। ਪਰ ਤੁਹਾਡੇ ਕੋਲ ਬਹੁਤ ਸੀਮਿਤ ਵਕਤ ਅਤੇ ਤਾਕਤ ਹੈ। ਕਿਸੇ ਦੂਸਰੇ ਦੇ ਰਵੱਈਏ ਨੂੰ ਖ਼ੁਦ ਨੂੰ ਪਰੇਸ਼ਾਨ ਨਾ ਕਰਨ ਦਿਓ, ਜਾਂ ਕਿਸੇ ਸਥਿਤੀ ਦੀ ਬੇਹੂਦਗੀ ਕਾਰਨ ਮਾਯੂਸ ਨਾ ਹੋਵੋ। ਵਿਹਾਰਕ ਬਣੋ ਅਤੇ ਤੁਸੀਂ ਉਹ ਸਾਰੀ ਪ੍ਰਗਤੀ ਕਰ ਸਕੋਗੇ ਜਿਹੜੀ ਤੁਹਾਨੂੰ ਦਰਕਾਰ ਹੈ!

ਕੁਝ ਮੁਸ਼ਕਿਲਾਂ ਨੂੰ ਹੱਲ ਕਰਨਾ ਦੂਸਰੀਆਂ ਨਾਲੋਂ ਵਧੇਰੇ ਸੌਖਾ ਹੁੰਦੈ। ਜੇ, ਉਦਾਹਰਣ ਦੇ ਤੌਰ ‘ਤੇ, ਤੁਹਾਨੂੰ ਭੁੱਖ ਲੱਗੀ ਹੋਵੇ, ਅਤੇ ਜਦੋਂ ਤਕ ਤੁਸੀਂ ਭੁੱਖਮਰੀ ਦਾ ਸ਼ਿਕਾਰ ਕਿਸੇ ਗ਼ਰੀਬ ਖੇਤਰ ‘ਚ ਨਹੀਂ ਵਿੱਚਰ ਰਹੇ, ਖਾਣਾ ਲੱਭਣਾ ਇੰਨਾ ਜ਼ਿਆਦਾ ਮੁਸ਼ਕਿਲ ਨਹੀਂ ਹੋਣ ਵਾਲਾ। ਪਰ ਜੇਕਰ ਤੁਸੀਂ ਕਿਸੇ ਕਿਸਮ ਦੀ ਖ਼ਾਸ ਡਾਇਟ ‘ਤੇ ਹੋ, ਜਾਂ ਕੁਝ ਅਜਿਹੀਆਂ ਚੀਜ਼ਾਂ ਹਨ ਜਿਹੜੀਆਂ ਖਾਣੋਂ ਤੁਸੀਂ ਪਰਹੇਜ਼ ਕਰ ਰਹੇ ਹੋ ਤਾਂ ਉਸ ਸੂਰਤ ‘ਚ ਕੀ ਹੋਵੇਗਾ? ਫ਼ਿਰ, ਜੋ ਤੁਹਾਨੂੰ ਲੋੜ ਹੈ ਅਤੇ ਜੋ ਤੁਸੀਂ ਚਾਹੁੰਦੇ ਹੋ, ਉਸ ਦਰਮਿਆਨ ਜੰਗ ਹੋਵੇਗੀ। ਆਮ ਤੌਰ ‘ਤੇ, ਅਜਿਹੀ ਕਿਸੇ ਵੀ ਜੱਦੋਜਹਿਦ ਦਾ ਨਤੀਜਾ ਅੰਦਰੂਨੀ ਸਮਝੌਤਾ ਹੀ ਨਿਕਲਦੈ। ਸਿਰਫ਼ ਇਸ ਗੱਲ ਨੂੰ ਚੇਤੇ ਰੱਖਿਓ ਕਿ ਤੁਹਾਡੇ ਕੁਝ ਕੁ ਮਹੱਤਵਪੂਰਣ ਸਵਾਲਾਂ ਦੇ ਜਵਾਬ ਅਵੱਸ਼ ਮੌਜੂਦ ਹਨ। ਪਰ ਤੁਹਾਨੂੰ ਸ਼ਾਇਦ ਥੋੜ੍ਹਾ ਪਿੱਛੇ ਹੱਟਣਾ ਪਵੇਗਾ ਅਤੇ ਥੋੜ੍ਹੀ ਜ਼ਮੀਨ ਛੱਡਣੀ ਪਵੇਗੀ।

ਕਿਹੜੀ ਸ਼ੈਅ ਜਲਦੀ ਨਾਲ ਨਿਪਟਾਉਣ ਦੀ ਲੋੜ ਹੈ? ਕਿਹੜੀ ਚੀਜ਼ ਇੰਤਜ਼ਾਰ ਨਹੀਂ ਕਰ ਸਕਦੀ? ਅਤੇ ਤੁਸੀਂ ਕਿਸੇ ਅਜਿਹੀ ਮੁਹਿੰਮ ਜਾਂ ਕਿਸੇ ਅਜਿਹੇ ਕਾਜ਼ ‘ਚ ਇੰਨੀ ਜ਼ਿਆਦਾ ਸ਼ਮੂਲੀਅਤ ਕਿਉਂ ਕਰ ਰਹੇ ਹੋ ਜਿਸ ਵਿੱਚ, ਜ਼ਾਹਿਰਾ ਤੌਰ ‘ਤੇ, ਹਰ ਇੱਕ ਪਲ ਦੀ ਕੀਮਤ ਹੈ? ਤੁਸੀਂ ਇੱਕ ਸੌਖੀ ਜ਼ਿੰਦਗੀ ਦੇ ਹੱਕਦਾਰ ਹੋ, ਅਤੇ ਤੁਹਾਨੂੰ ਅਜਿਹੇ ਵਿਅਕਤੀਆਂ ਦੀ ਸੰਗਤ ਕਰਨ ਦੀ ਲੋੜ ਹੈ ਜਿਹੜੇ ਤੁਹਾਡੇ ‘ਤੇ ਪੈ ਰਹੇ ਦਬਾਅ ‘ਚ ਲਗਾਤਾਰ ਇਜ਼ਾਫ਼ਾ ਹੀ ਨਾ ਕਰਦੇ ਰਹਿਣ! ਜਾਣਬੁੱਝ ਕੇ ਜਾਂ ਅਣਜਾਣੇ ‘ਚ, ਕੋਈ ਜਿਸ ਨੂੰ ਤੁਸੀਂ ਪਿਆਰ ਕਰਦੇ ਹੋ, ਤੁਹਾਡੇ ਤੋਂ ਉਸ ਤੋਂ ਕਿਤੇ ਵੱਧ ਦੀ ਮੰਗ ਕਰ ਰਿਹੈ ਜਿੰਨਾ ਤੁਸੀਂ ਆਸਾਨੀ ਨਾਲ ਦੇ ਸਕਦੇ ਹੋ। ਚੰਗਾ ਇਹੀ ਹੋਵੇ ਕਿ ਨਾਮੁਮਕਿਨ ਨੂੰ ਹਾਸਿਲ ਕਰਨ ਦੀ ਕੋਸ਼ਿਸ਼ ‘ਚ ਖ਼ੁਦ ਨੂੰ ਦੋ ਹਿੱਸਿਆਂ ‘ਚ ਵੰਡਣ ਦੀ ਬਜਾਏ ਤੁਸੀਂ ਕੋਈ ਵਾਸਤਵਿਕ, ਇਮਾਨਦਾਰ ਬਹਿਸ ਛੇੜੋ।