ਹੈਦਰਾਬਾਦ— ਕਰਨਾਟਕ ਦੇ ਇਕ ਕਾਲਜ ਤੋਂ ਸ਼ੁਰੂ ਹੋਏ ਹਿਜਾਬ ਵਿਵਾਦ ’ਤੇ ਹੁਣ ਸਿਆਸਤ ਹੋਣੀ ਸ਼ੁਰੂ ਹੋ ਗਈ ਹੈ। ਕਈ ਵਿਰੋਧੀ ਪਾਰਟੀਆਂ ਹਿਜਾਬ ’ਤੇ ਆਪਣੀ-ਆਪਣੀ ਰਾਏ ਰੱਖ ਰਹੀਆਂ ਹਨ। ਇਸ ਦਰਮਿਆਨ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਏ. ਆਈ. ਐੱਮ. ਆਈ. ਐੱਮ.) ਮੁਖੀ ਉਸਦੁਦੀਨ ਓਵੈਸੀ ਨੇ ਇਕ ਵਾਰ ਫਿਰ ਤੋਂ ਹਿਜਾਬ ’ਤੇ ਬਿਆਨ ਦਿੱਤਾ ਹੈ। ਓਵੈਸੀ ਨੇ ਇਕ ਵੀਡੀਓ ਟਵੀਟ ਕਰਦੇ ਹੋਏ ਕੈਪਸ਼ਨ ਵਿਚ ਲਿਖਿਆ, ‘‘ਇੰਸ਼ਾਹ ਅੱਲ੍ਹਾ ਇਕ ਦਿਨ ਇਕ ਹਿਜਾਬੀ ਪ੍ਰਧਾਨ ਮੰਤਰੀ ਬਣੇਗੀ।
ਇਸ ਵੀਡੀਓ ’ਚ ਓਵੈਸੀ ਨੇ ਕਿਹਾ ਕਿ ਅਸੀਂ ਆਪਣੀਆਂ ਧੀਆਂ ਨੂੰ ਇੰਸ਼ਾਹ ਅੱਲ੍ਹਾ, ਜੇਕਰ ਉਹ ਫ਼ੈਸਲਾ ਕਰਦੀਆਂ ਹਨ ਕਿ ਅੱਬਾ-ਅੰਮੀ ਮੈਂ ਹਿਜਾਬ ਪਹਿਨਾਂਗੀ, ਤਾਂ ਅੰਮਾ-ਅੱਬਾ ਕਹਿਣਗੇ- ਬੇਟਾ ਪਹਿਨ, ਤੈਨੂੰ ਕੌਣ ਰੋਕਦਾ ਹੈ ਅਸੀਂ ਦੇਖਾਂਗੇ। ਹਿਜਾਬ ਪਹਿਨ ਕੇ ਕਾਲਜ ਵੀ ਜਾਵਾਂਗੇ, ਕਲੈਕਟਰ ਵੀ ਬਣਾਂਗੇ, ਬਿਜ਼ਨੈੱਸਮੈਨ, ਐੱਸ. ਡੀ. ਐੱਮ. ਵੀ ਬਣਾਂਗੇ ਅਤੇ ਇਕ ਦਿਨ ਇਸ ਦੇਸ਼ ’ਚ ਇਕ ਬੱਚੀ ਹਿਜਾਬ ਪਹਿਨ ਕੇ ਪ੍ਰਧਾਨ ਮੰਤਰੀ ਬਣੇਗੀ।
ਓਵੈਸੀ ਨੇ ਹਿਜਾਬ ਵਿਵਾਦ ’ਚ ਪੁੱਟਾਸਵਾਮੀ ਫ਼ੈਸਲੇ ਦਾ ਹਵਾਲਾ ਦਿੱਤਾ ਸੀ। ਓਵੈਸੀ ਨੇ ਕਿਹਾ ਸੀ ਕਿ ਭਾਰਤ ਦਾ ਸੰਵਿਧਾਨ ਅਧਿਕਾਰ ਦਿੰਦਾ ਹੈ ਕਿ ਤੁਸੀਂ ਚਾਦਰ ਪਹਿਨੋ, ਨਕਾਬ ਪਹਿਨੋ ਜਾਂ ਹਿਜਾਬ। ਪੁੱਟਾਸਵਾਮੀ ਦੀ ਜੱਜਮੈਂਟ ਤੁਹਾਨੂੰ ਇਸ ਗੱਲ ਦੀ ਇਜ਼ਾਜਤ ਦਿੰਦਾ ਹੈ, ਇਹ ਸਾਡੀ ਪਹਿਚਾਣ ਹੈ। ਮੈਂ ਸਲਾਮ ਕਰਦਾ ਹਾਂ ਕਿ ਉਸ ਕੁੜੀ ਨੂੰ ਜਿਸ ਨੇ ਉਨ੍ਹਾਂ ਕੁੜੀਆਂ ਨੂੰ ਜਵਾਬ ਦਿੱਤਾ, ਡਰਨ ਅਤੇ ਘਬਰਾਉਣ ਦੀ ਲੋੜ ਨਹੀਂ ਹੈ। ਓਵੈਸੀ ਨੇ ਕਿਹਾ ਕਿ ਮੁਸਲਿਮ ਮਹਿਲਾ ਬਿਨਾਂ ਕਿਸੇ ਡਰ ਦੇ ਹਿਜਾਬ ਪਹਿਨ ਸਕਦੀ ਹੈ।
ਦੱਸਣਯੋਗ ਹੈ ਕਿ ਕਰਨਾਟਕ ਵਿਚ ਕੁਝ ਵਿਦਿਆਰਥਣਾਂ ਹਿਜਾਬ ਪਹਿਨ ਕੇ ਆਈਆਂ ਤਾਂ ਉਨ੍ਹਾਂ ਨੂੰ ਕਲਾਸ ਵਿਚ ਆਉਣ ਤੋਂ ਰੋਕ ਦਿੱਤਾ ਗਿਆ ਸੀ ਅਤੇ ਕਾਲਜ ਦੇ ਡਰੈੱਸ ਕੋਡ ’ਚ ਆਉਣ ਨੂੰ ਕਿਹਾ। ਇਸ ’ਤੇ ਵਿਦਿਆਰਥਣਾਂ ਨਹੀਂ ਮੰਨੀਆਂ ਅਤੇ ਵਿਵਾਦ ਕਾਫੀ ਭਖ ਗਿਆ। ਇਸ ਵਿਵਾਦ ਨੇ ਉਦੋਂ ਹੋਰ ਸਿਆਸੀ ਪਾਰਾ ਵਧਾ ਦਿੱਤਾ, ਜਦੋਂ ਇਕ ਹੋਰ ਸਮੂਹ ਦੇ ਵਿਦਿਆਰਥੀ ਅਤੇ ਵਿਦਿਆਰਥਣਾਂ ਨੇ ਕਾਲਜ ’ਚ ਭਗਵਾ ਗਮਛਾ, ਸਕਾਫ਼ ਅਤੇ ਸਾਫ਼ਾ ਪਹਿਨ ਕੇ ਆਉਣਾ ਸ਼ੁਰੂ ਕੀਤਾ ਅਤੇ ‘ਜੈ ਸ਼੍ਰੀ ਰਾਮ’ ਦੇ ਨਾਅਰੇ ਲਾਏ, ਇਸ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆਂ ’ਚ ਪ੍ਰਦਰਸ਼ਨ ਹੋਏ।