ਕੋਲਕਾਤਾ— ਪੱਛਮੀ ਬੰਗਾਲ ਦੇ ਮੋਦਿਨੀਪੁਰ ’ਚ ਸੈਲਫੀ ਦੇ ਚੱਕਰ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਸ ਹਾਦਸੇ ’ਚ ਇਕ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਪੁਲਸ ਨੇ ਦੱਸਿਆ ਕਿ ਮੋਦਿਨੀਪੁਰ ’ਚ ਰੇਲਵੇ ਲਾਈਨ ’ਤੇ ਸੈਲਫੀ ਲੈਣ ਦੌਰਾਨ ਇਹ ਹਾਦਸਾ ਹੋਇਆ ਹੈ। ਇਸ ’ਚ 36 ਸਾਲਾਂ ਮਿਥੁਨ ਖਾਨ ਅਤੇ 32 ਸਾਲਾਂ ਅਬਦੁਲ ਗੇਨ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਮੋਦਿਨੀਪੁਰ ਦੇ ਰੰਗਮਤੀ ਖੇਤਰ ’ਚ ਰੇਲਵੇ ਪੁੱਲ ਨੇੜੇ ਇਕ ਪਿਕਨਿਕ ਸਥਾਨ ਹੈ। ਇੱਥੇ ਨੌਜਵਾਨਾਂ ਦਾ ਇਕ ਸਮੂਹ ਪਿਕਨਿਕ ਮਨਾਉਣ ਲਈ ਆਇਆ ਸੀ। ਇਸ ਸਮੂਹ ਦੇ 3 ਵਿਅਕਤੀ ਸੈਲਫੀ ਲੈਣ ਲਈ ਰੇਲਵੇ ਟਰੈਕ ’ਤੇ ਚਲੇ ਗਏ। ਇਸ ਦੌਰਾਨ ਮੋਦਿਨੀਪੁਰ ਤੋਂ ਹਾਵੜਾ ਜਾਣ ਵਾਲੀ ਲੋਕਲ ਟਰੇਨ ਲਾਈਨ ’ਤੇ ਆ ਗਈ। ਟਰੇਨ ਚਾਲਕ ਨੇ ਹਾਰਨ ਵੀ ਵਜਾਇਆ ਪਰ ਵਿਅਕਤੀ ਇਸ ਦੇ ਬਾਅਦ ਵੀ ਨਹੀਂ ਹਟੇ, ਜਿਸ ਦੇ ਬਾਅਦ ਟਰੇਨ ਦੀ ਲਪੇਟ ’ਚ ਆ ਗਏ ਅਤੇ 2 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਹਾਦਸੇ ਦੀ ਸੂਚਨਾ ਦੇ ਬਾਅਦ ਪੁਲਸ ਮੌਕੇ ’ਤੇ ਪੁੱਜੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਰੇਲਵੇ ਕ੍ਰਾਸਿੰਗ ’ਤੇ ਫੋਟੋ ਲੈਣ ਦੀ ਮਨਾਹੀ ਹੈ। ਇਸ ਦੇ ਬਾਵਜੂਦ ਵੀ ਲੋਕ ਇਸ ਦੇ ਨੇੜੇ ਆ ਜਾਂਦੇ ਹਨ ਅਤੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਦੋਵਾਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।