ਧੂਰੀ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਐਲਾਨੇ ਗਏ ਭਗਵੰਤ ਮਾਨ ਲਈ ਚੋਣ ਪ੍ਰਚਾਰ ਕਰਨ ਧੂਰੀ ਪੁੱਜੇ। ਕੇਜਰੀਵਾਲ ਨੇ ਕਾਂਗਰਸ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਜੋ ਪਾਰਟੀ ਮਿਲ ਕੇ ਚੋਣਾਂ ਨਹੀਂ ਲੜ ਸਕਦੀ, ਉਹ ਪੰਜਾਬ ਨੂੰ ਕੀ ਭਵਿੱਖ ਦੇਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇਕ ਪਰਿਵਾਰ ਦੀ ਤਰ੍ਹਾਂ ਇਕ ਏਜੰਡਾ ਤਿਆਰ ਕਰ ਰਹੀ ਹੈ। ਉਨ੍ਹਾਂ ਮੁੱਖ ਮੰਤਰੀ ਚੰਨੀ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਚੰਨੀ ਸਾਹਿਬ ਭਦੌੜ ਅਤੇ ਚਮਕੌਰ ਸਾਹਿਬ ਸੀਟ ਤੋਂ ਲੜ ਰਹੇ ਹਨ ਅਤੇ ਅਸੀਂ ਇਨ੍ਹਾਂ ਸੀਟਾਂ ‘ਤੇ 3 ਵਾਰ ਸਰਵੇ ਕਰਵਾਏ ਹਨ।
ਇਨ੍ਹਾਂ ‘ਚ ਚੰਨੀ ਸਾਹਿਬ ਦੋਵੇਂ ਸੀਟਾਂ ਤੋਂ ਹਾਰ ਰਹੇ ਹਨ। ਉਨ੍ਹਾਂ ਕਿਹਾ ਕਿ ਚੰਨੀ ਸਾਹਿਬ ਮੁੱਖ ਮੰਤਰੀ ਚਿਹਰਾ ਤਾਂ ਹਨ, ਪਰ ਮੁੱਖ ਮੰਤਰੀ ਨਹੀਂ ਬਣਨਗੇ। ਉਨ੍ਹਾਂ ਕਿਹਾ ਕਿ ਲੋਕ ਉਨ੍ਹਾਂ ਤੋਂ ਕਾਫ਼ੀ ਨਾਰਾਜ਼ ਹਨ। ਕੇਜਰੀਵਾਲ ਨੇ ਕਿਹਾ ਕਿ ਚੰਨੀ ਸਾਹਿਬ ਦੇ ਹਲਕੇ ‘ਚ ਹੀ ਰੇਤਾ ਚੋਰੀ ਹੋ ਰਹੀ ਹੈ। ਉਨ੍ਹਾਂ ਨੇ ਮੁੱਖ ਮੰਤਰੀ ਚੰਨੀ ‘ਤੇ ਤਿੱਖਾ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਹ ਗੱਲ ਪਤਾ ਲੱਗੀ ਹੈ ਕਿ ਈ. ਡੀ. ਸਾਹਮਣੇ ਚੰਨੀ ਸਾਹਿਬ ਦੇ ਭਾਣਜੇ ਨੇ ਇਹ ਗੱਲ ਕਬੂਲ ਕਰ ਲਈ ਹੈ ਕਿ ਉਸ ਦੇ ਘਰੋਂ ਮਿਲਿਆ ਪੈਸਾ ਚੰਨੀ ਸਾਹਿਬ ਦਾ ਹੈ ਤਾਂ ਫਿਰ ਇਸ ਹਿਸਾਬ ਨਾਲ ਹੁਣ ਤੱਕ ਚੰਨੀ ਸਾਹਿਬ ਦੀ ਗ੍ਰਿਫ਼ਤਾਰੀ ਕਿਉਂ ਨਹੀਂ ਕੀਤੀ ਗਈ।
ਕੇਜਰੀਵਾਲ ਨੇ ਭਾਜਪਾ ‘ਤੇ ਰਗੜੇ ਲਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਸੂਬੇ ‘ਚ ਭਾਜਪਾ ਨੂੰ 5 ਤੋਂ ਜ਼ਿਆਦਾ ਸੀਟਾਂ ਮਿਲਣਗੀਆਂ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਚੰਨੀ ਸਿਰਫ ਆਪੋ-ਆਪਣੇ ਹਲਕਿਆਂ ‘ਚ ਪ੍ਰਚਾਰ ਕਰਨ ਲੱਗੇ ਹੋਏ ਹਨ ਅਤੇ ਕਾਂਗਰਸੀ ਉਮੀਦਵਾਰ ਸਿਰਫ ਸਟਾਰ ਪ੍ਰਚਾਰਕਾਂ ਦੀ ਉਡੀਕ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਕਾਂਗਰਸ ਦੀ ਆਪਣੀ ਲੜਾਈ ਅਤੇ ਖਿੱਚੋਤਾਣ ਪੰਜਾਬ ਨੂੰ ਕੋਈ ਭਵਿੱਖ ਨਹੀਂ ਦੇ ਸਕਦੀ, ਸਗੋਂ ਸੂਬੇ ਨੂੰ ਇਕ ਮਜ਼ਬੂਤ ਸਰਕਾਰ ਚਾਹੀਦੀ ਹੈ ਅਤੇ ਇਹ ਮਜ਼ਬੂਰ ਸਰਕਾਰ ਸਿਰਫ ਆਮ ਆਦਮੀ ਪਾਰਟੀ ਦੇ ਸਕਦੀ ਹੈ ਕਿਉਂਕਿ ਲੋਕਾਂ ਨੂੰ ਪਾਰਟੀ ‘ਤੇ ਭਰੋਸਾ ਹੈ।