ਟਿਹਰੀ — ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸ਼ਨੀਵਾਰ ਨੂੰ ਉੱਤਰਾਖੰਡ ਦੀ ਜਨਤਾ ਤੋਂ ਵਿਧਾਨ ਸਭਾ ਚੋਣਾਂ ’ਚ ਕੋਈ ਗਲਤੀ ਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਛੋਟੀ ਜਿਹੀ ਕੁਤਾਹੀ ਦੇਸ਼ ਦੀ ਰਾਸ਼ਟਰੀ ਸੁਰੱਖਿਆ ’ਚ ਪਾ ਸਕਦੀ ਹੈ। ਉੱਤਰਾਖੰਡ ਦੀਆਂ 70 ਵਿਧਾਨ ਸਭਾ ਸੀਟਾਂ ’ਤੇ 14 ਫਰਵਰੀ ਨੂੰ ਪੈ ਰਹੀਆਂ ਵੋਟਾਂ ਤੋਂ ਪਹਿਲਾਂ ਟਿਹਰੀ ਵਿਚ ਭਾਜਪਾ ਉਮੀਦਵਾਰ ਕਿਸ਼ੋਰ ਉਪਾਧਿਆਏ ਦੇ ਪੱਖ ’ਚ ਚੋਣ ਪ੍ਰਚਾਰ ਕਰਦੇ ਹੋਏ ਯੋਗੀ ਨੇ ਇਹ ਗੱਲ ਆਖੀ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਉੱਤਰਾਖੰਡ ’ਚ ਭਾਜਪਾ ਦੀ ਸਰਕਾਰ ਨਹੀਂ ਹੋਵੇਗੀ ਤਾਂ ਉੱਤਰ ਪ੍ਰਦੇਸ਼ ਤੋਂ ਦੌੜਨ ਵਾਲੇ ਸਾਰੇ ਅਪਰਾਧੀ ਇੱਥੇ ਸ਼ਰਨ ਲੈ ਕੇ ਤਬਾਹੀ ਮਚਾਉਣਗੇ। ਉੱਤਰਾਖੰਡ ਇਕ ਤਾਂ ਉਨ੍ਹਾਂ ਦੀ ਜਨਮ ਭੂਮੀ ਹੈ ਅਤੇ ਦੂਜਾ ਸੀਮਾਂਤ ਪ੍ਰਦੇਸ਼ ਵੀ ਹੈ।
ਯੋਗੀ ਨੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਦੀ ਨਜ਼ਰ ਤੋਂ ਇਸ ਦਾ ਆਪਣਾ ਮਹੱਤਵ ਹੈ ਅਤੇ ਉੱਤਰ ਪ੍ਰਦੇਸ਼ ਨਾਲ ਲੱਗਦਾ ਹੋਣ ਕਾਰਨ ਚਿੰਤਾ ਦਾ ਵਿਸ਼ਾ ਵੀ ਹੈ। ਉੱਤਰ ਪ੍ਰਦੇਸ਼ ਵਿਚ ਜਦੋਂ ਅਸੀਂ ਅਪਰਾਧੀਆਂ ਅਤੇ ਮਾਫ਼ੀਆ ਖਿਲਾਫ ਕਾਰਵਾਈ ਕਰਾਂਗੇ ਤਾਂ ਇੱਥੇ ਜੇਕਰ ਭਾਜਪਾ ਦੀ ਸਰਕਾਰ ਨਹੀਂ ਹੋਵੇਗੀ ਤਾਂ ਇਹ ਸਭ ਇੱਥੇ ਆ ਕੇ ਸ਼ਰਨ ਲੈਣਗੇ ਅਤੇ ਤਬਾਹੀ ਮਚਾਉਣਗੇ।
ਯੋਗੀ ਨੇ ਅੱਗੇ ਕਿਹਾ ਕਿ ਅੱਜ-ਕੱਲ ਆ ਰਹੇ ਸਰਵੇਖਣਾਂ ਅਤੇ ਓਪੀਨੀਅਨ ਪੋਲ ਸੰਕੇਤ ਦੇ ਰਹੇ ਹਨ ਕਿ ਭਾਜਪਾ ਉੱਤਰ ਪ੍ਰਦੇਸ਼ ਵਿਚ ਵਾਪਸ ਸੱਤਾ ’ਚ ਆ ਰਹੀ ਹੈ। ਉਨ੍ਹਾਂ ਨੇ ਕਿਹਾ ਕਿ 2017 ’ਚ ਭਾਜਪਾ ਨੂੰ ਜਿੰਨੀਆਂ ਸੀਟਾਂ ਮਿਲੀਆਂ ਸਨ, 2022 ’ਚ ਓਨੀਆਂ ਹੀ ਮਿਲਣਗੀਆਂ। ਉੱਤਰਾਖੰਡ ਸਹੀ ਦਿਸ਼ਾ ’ਚ ਜਾ ਰਿਹਾ ਅਤੇ ਉਸ ਨੂੰ ਉਸੇ ਰਾਹ ’ਤੇ ਚੱਲਣਾ ਚਾਹੀਦਾ ਹੈ।