ਸ੍ਰੀ ਮੁਕਤਸਰ ਸਾਹਿਬ : ਗਿੱਦੜਬਾਹਾ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਸ੍ਰੀ ਮੁਕਤਸਰ ਸਾਹਿਬ ਹਲਕੇ ਵਿਚ ਕਾਂਗਰਸ ਉਮੀਦਵਾਰ ਕਰਨ ਕੌਰ ਬਰਾੜ ਦੇ ਹੱਕ ’ਚ ਚੋਣ ਪ੍ਰਚਾਰ ਲਈ ਆਪਣੇ ਜੱਦੀ ਪਿੰਡ ਵੜਿੰਗ ਵਿਖੇ ਪਹੁੰਚੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੜਿੰਗ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਬੀਤੇ 111 ਗਿਆਰਾਂ ਦਿਨਾਂ ਵਿਚ ਵੱਡੇ ਕੰਮ ਕੀਤੇ ਹਨ, ਜੋ ਬੀਤੀਆਂ ਸਰਕਾਰਾਂ ਨੇ ਨਹੀਂ ਕੀਤੇ। ਆਉਂਦੇ ਦਿਨਾਂ ਵਿਚ ਨਰਿੰਦਰ ਮੋਦੀ ਦੀ ਰੈਲੀ ਸਬੰਧੀ ਪੁੱਛੇ ਜਾਣ ’ਤੇ ਰਾਜਾ ਵੜਿੰਗ ਨੇ ਕਿਹਾ ਕਿ ਪਤਾ ਨਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੈਲੀ ਕਰਨ ਆ ਰਹੇ ਹਨ ਜਾਂ ਡਰਾਮਾ।
ਚਰਨਜੀਤ ਸਿੰਘ ਚੰਨੀ ਵੱਲੋਂ ਦੋ ਸੀਟਾਂ ’ਤੇ ਚੋਣ ਲੜਨ ਦੇ ਸਬੰਧ ਵਿਚ ਉਨ੍ਹਾਂ ਕਿਹਾ ਕਿ ਚੰਨੀ ਹੋਰਾਂ ਨੇ ਔਖੀ ਸੀਟ ਤੋਂ ਚੋਣ ਲੜੀ ਹੈ। ਭਦੋੜ ਸੀਟ ਤੋਂ ਕਾਂਗਰਸ ਬੀਤੇ ਕਈ ਸਾਲਾਂ ਤੋਂ ਨਹੀਂ ਜਿੱਤੀ ਅਤੇ ਮੁੱਖ ਮੰਤਰੀ ਚੰਨੀ ਦਾ ਇਹ ਫ਼ੈਸਲਾ ਸ਼ਲਾਘਾਯੋਗ ਹੈ। ਇਸ ਨਾਲ ਕਾਂਗਰਸ ਨੂੰ ਹੋਰ ਬਲ ਮਿਲੇਗਾ। ਸੁਖਬੀਰ ਸਿੰਘ ਬਾਦਲ ਦੀ ਗਿੱਦੜਬਾਹਾ ਫੇਰੀ ਦੇ ਸਬੰਧ ਵਿਚ ਉਨ੍ਹਾਂ ਕਿਹਾ ਕਿ ਉਹ ਗਿੱਦੜਬਾਹਾ ਤੋਂ ਚੋਣ ਹੀ ਲੜ ਲੈਂਦੇ, ਉਨ੍ਹਾਂ ਸੁਖਬੀਰ ਬਾਦਲ ਦੀ ਫੁੱਟਬਾਲ ਵਰਗਾ ਸ਼ਬਦ ਵੀ ਵਰਤਿਆ। ਖ਼ਜ਼ਾਨਾ ਮੰਤਰੀ ਬਣਨ ਦੀ ਇੱਛਾ ਸਬੰਧੀ ਪੁੱਛੇ ਜਾਣ ’ਤੇ ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਨੇ ਇਹ ਮੰਗ ਜ਼ਰੂਰ ਕੀਤੀ ਹੈ ਕਿ ਜੇਕਰ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਉਨ੍ਹਾਂ ਨੂੰ ਉਹ ਮਹਿਕਮਾ ਦਿੱਤਾ ਜਾਵੇ ਜੋ ਬਹੁਤ ਖ਼ਰਾਬ ਹੈ ਉਹ ਆਪੇ ਮਹਿਕਮਾ ਸਹੀ ਕਰ ਲੈਣਗੇ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਬੀਤੇ ਦਿਨਾਂ ਵਿਚ ਕਾਂਗਰਸ ਸਰਕਾਰ ਦੀਆਂ ਪ੍ਰਾਪਤੀਆਂ ਦਾ ਵਰਣਨ ਕੀਤਾ। ਉੱਥੇ ਹੀ ਕਾਂਗਰਸ ਦੇ ਹੱਕ ਵਿਚ ਵੋਟ ਪਾਉਣ ਲਈ ਵੀ ਪ੍ਰੇਰਿਤ ਕੀਤਾ।