ਭੋਪਾਲ– ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ ਗੁਜ਼ਰਨ ਵਾਲੀ ਯਸ਼ਵੰਤਪੁਰ-ਹਜ਼ਰਤ ਨਿਜ਼ਾਮੂਦੀਨ ਸੰਪਰਕ ਕ੍ਰਾਂਤੀ ਐਕਸਪ੍ਰੈੱਸ ਟਰੇਨ ’ਚ ਇਕ ਕੁੜੀ ਨਾਲ ਬਲਾਤਕਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਅਧਿਕਾਰੀ ਰੇਲ ਹਿਤੇਸ਼ ਚੌਧਰੀ ਨੇ ਦੱਸਿਆ ਕਿ ਯਸ਼ਵੰਤਪੁਰ-ਹਜ਼ਰਤ ਨਿਜ਼ਾਮੂਦੀਨ ਸੰਪਰਕ ਕ੍ਰਾਂਤੀ ’ਚ ਸਵਾਰ ਇਕ ਕੁੜੀ ਨਾਲ ਪੈਂਟ੍ਰੀ ਕਾਰ ’ਚ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ੁੱਕਰਵਾਰ ਰਾਤ ਨੂੰ ਟਰੇਨ ਦੇ ਭੋਪਾਲ ਸਟੇਸ਼ਨ ’ਤੇ ਪਹੁੰਚਣ ’ਤੇ ਪੀੜਤਾ ਦੁਆਰਾ ਜੀ.ਆਰ.ਪੀ. ਥਾਣੇ ’ਚ ਇਹ ਸ਼ਿਕਾਇਤ ਦਰਜ ਕਰਵਾਈ ਗਈ ਹੈ। ਘਟਨਾ ਤੋਂ ਬਾਅਦ ਦੋਸ਼ੀ ਨੂੰ ਪੁਲਸ ਦੁਆਰਾ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਮਾਮਲਾ ਦਰਜ ਕਰਕੇ ਜਾਂਚ ਕਰ ਰਹੀ ਹੈ।
ਐੱਸ.ਪੀ. ਰੇਲ ਹਿਤੇਸ਼ ਚੌਧਰੀ ਨੇ ਦੱਸਿਆ ਕਿ ਪੀੜਤ ਕੁੜੀ ਦਿੱਲੀ ਦੀ ਰਹਿਣ ਵਾਲੀ ਹੈ, ਜੋ ਦਿੱਲੀ ਜਾਣ ਲਈ ਯਸ਼ਵੰਤਪੁਰ-ਹਜ਼ਰਤ ਨਿਜ਼ਾਮੂਦੀਨ ਐਕਸਪ੍ਰੈੱਸ ਟਰੇਨ ’ਚ ਸਵਾਰ ਹੋਈ ਸੀ। ਉਨ੍ਹਾਂ ਦੱਸਿਆ ਕਿ ਸ਼ਾਇਦ ਇਹ ਘਟਨਾ ਭੁਸਾਬਲ-ਇਟਾਰਸੀ ਸਟੇਸ਼ਨਾਂ ਦੇ ਵਿਚਕਾਰ ਹੋਈ ਹੋਵੇਗੀ। ਪੀੜਤਾ ਮਾਨਸਿਕ ਰੂਪ ਨਾਲ ਬੀਮਾਰ ਦੱਸੀ ਜਾ ਰਹੀ ਹੈ, ਜੋ ਜਨਰਲ ਡੱਬੇ ’ਚ ਜਗ੍ਹਾ ਨਾ ਮਿਲਣ ’ਤੇ ਏ.ਸੀ. ਡੱਬੇ ’ਚ ਸਵਾਰ ਹੋ ਗਈ ਸੀ। ਇਸ ਦੌਰਾਨ ਜਨਰਲ ਡੱਬੇ ’ਚ ਜਗ੍ਹਾ ਦਿਵਾਉਣ ਦਾ ਝਾਂਸਾ ਦੇ ਕੇ ਦੋਸ਼ੀ ਉਸਨੂੰ ਪੈਂਟ੍ਰੀ ਕਾਰ ’ਚ ਲੈ ਗਿਆ, ਜਿੱਥੇ ਉਸ ਨਾਲ ਬਲਾਤਕਾਰ ਕੀਤਾ।