ਮੋਹਾਲੀ : ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਲਈ ਸੀ. ਐੱਮ. ਚਿਹਰਾ ਐਲਾਨੇ ਗਏ ਭਗਵੰਤ ਮਾਨ ਨੇ ਮੋਹਾਲੀ ਤੋਂ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਦੇ ਹੱਕ ‘ਚ ਰੋਡ ਸ਼ੋਅ ਕੱਢਿਆ। ਇਸ ਦੌਰਾਨ ਉਨ੍ਹਾਂ ਨੇ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਜੀ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਭਗਵੰਤ ਮਾਨ ਨੇ ਇਸ ਮੌਕੇ ਵਿਰੋਧੀਆਂ ‘ਤੇ ਜੰਮ ਕੇ ਰਗੜੇ ਲਾਏ। ਕਾਂਗਰਸ ‘ਤੇ ਰਗੜੇ ਲਾਉਂਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਇਕ-ਇਕ ਸਾਲ ਲਈ ਪੰਜ ਨਵੇਂ ਮੁੱਖ ਮੰਤਰੀ ਬਣਾ ਸਕਦੀ ਹੈ।
ਭਗਵੰਤ ਮਾਨ ਨੇ ਕਿਹਾ ਕਿ ਮੋਹਾਲੀ ਦੇ ਲੋਕ ਬਦਲਾਅ ਲਈ ਤਿਆਰ ਰਹਿਣ। ਭਗਵੰਤ ਮਾਨ ਨੇ ਬਾਦਲ ਪਰਿਵਾਰ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਕਾਂਗਰਸ ਅਤੇ ਬਾਦਲ ਪਰਿਵਾਰ ਨੇ ਮਿਲ ਕੇ ਪੰਜਾਬ ਨੂੰ ਲੁੱਟਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਪੰਜਾਬ ਦੇ ਨੌਜਵਾਨ ਰੁਜ਼ਗਾਰ ਨਾ ਹੋਣ ਕਾਰਨ ਬਾਹਰਲੇ ਮੁਲਕਾਂ ਨੂੰ ਭੱਜ ਰਹੇ ਹਨ, ਜਿਸ ਕਾਰਨ ਪੰਜਾਬ ਖ਼ਾਲੀ ਹੋ ਰਿਹਾ ਹੈ ਅਤੇ ਘਰਾਂ ਨੂੰ ਤਾਲੇ ਲੱਗ ਰਹੇ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਆਉਣ ‘ਤੇ ਅਜਿਹਾ ਸਿਸਟਮ ਲੈ ਕੇ ਆਵਾਂਗੇ ਕਿ ਪੰਜਾਬ ਦੇ ਨੌਜਵਾਨਾਂ ਨੂੰ ਸੂਬੇ ਅੰਦਰ ਹੀ ਰੁਜ਼ਗਾਰ ਮਿਲੇਗਾ ਅਤੇ ਉਨ੍ਹਾਂ ਨੂੰ ਨੌਕਰੀਆਂ ਲਈ ਬਾਹਰਲੇ ਮੁਲਕਾਂ ‘ਚ ਧੱਕੇ ਨਹੀਂ ਖਾਣੇ ਪੈਣਗੇ। ਉਨ੍ਹਾਂ ਕਿਹਾ ਕਿ ਵਪਾਰੀਆਂ ਨੂੰ ਵੀ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਹਨ, ਜਿਸ ਕਾਰਨ ਵਪਾਰ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ।