ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਦੇ ਐਲਾਨ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। ਨਵਜੋਤ ਸਿੱਧੂ ਨੇ ਟਵੀਟ ਕਰਦੇ ਹੋਏ ਕਿਹਾ ਹੈ ਕਿ ਬਿਨਾਂ ਕਿਸੇ ਫ਼ੈਸਲੇ ਦੇ ਕੁਝ ਵੱਡਾ ਨਹੀਂ ਕੀਤਾ ਜਾ ਸਕਦਾ। ਪੰਜਾਬ ਨੂੰ ਸਪੱਸ਼ਟਤਾ ਦੇਣ ਆਏ ਸਾਡੇ ਮੋਹਰੀ ਰਾਹੁਲ ਗਾਂਧੀ ਦਾ ਨਿੱਘਾ ਸਵਾਗਤ ਹੈ। ਰਾਹੁਲ ਗਾਂਧੀ ਜਿਹੜਾ ਵੀ ਫ਼ੈਸਲਾ ਲੈਣਗੇ ਉਸ ਦੀ ਪਾਲਣਾ ਕੀਤੀ ਜਾਵੇਗੀ। ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਚੰਨੀ ਰਾਹੁਲ ਗਾਂਧੀ ਦੇ ਸਵਾਗਤ ਲਈ ਲੁਧਿਆਣਾ ਦੇ ਹਲਵਾਰਾ ਏਅਰੋਪਰਟ ਪਹੁੰਚੇ। ਰਾਹੁਲ ਲਗਭਗ ਸਵਾ ਕੁ 12 ਵਜੇ ਪੰਜਾਬ ਪਹੁੰਚੇ। ਇਸ ਤੋਂ ਬਾਅਦ ਉਹ ਹੋਟਲ ਵਿਚ ਠਹਿਰੇ, ਜਿੱਥੇ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ, ਇਸ ਤੋਂ ਬਾਅਦ ਉਹ ਲੁਧਿਆਣਾ ਦੇ ਦਾਖਾ ਵਿਚ ਵਰਚੁਅਲ ਰੈਲੀ ਵਿਚ ਪਹੁੰਚੇ।
ਸਿੱਧੂ ਅਤੇ ਚੰਨੀ ਠੋਕ ਰਹੇ ਦਾਅਵਾ
ਪੰਜਾਬ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਲਈ ਨਵਜੋਤ ਸਿੱਧੂ ਅਤੇ ਚਰਨੀਤ ਚੰਨੀ ਦਾਅਵਾ ਠੋਕ ਰਹੇ ਹਨ। ਸਿੱਧੂ ਦਾ ਕਹਿਣਾ ਹੈ ਕਿ ਪੰਜਾਬ ਜੇ ਇਸ ਉਲਝਣ ਤੋਂ ਬਾਹਰ ਨਿਕਲਿਆ ਤਾਂ ਕਾਂਗਰਸ ਨੂੰ 60 ਤੋਂ 70 ਸੀਟਾਂ ਮਿਲਣੀਆਂ ਤੈਅ ਹਨ। ਚਰਨਜੀਤ ਚੰਨੀ ਨੇ ਮੁੱਖ ਮੰਤਰੀ ਦੀ ਕੁਰਸੀ ਨੂੰ ਅਲਾਦੀਨ ਦਾ ਚਿਰਾਗ ਦੱਸਦੇ ਹੋਏ 111 ਦਿਨ ਤੋਂ ਬਾਅਦ ਪੂਰੇ ਪੰਜ ਸਾਲ ਮੰਗ ਰਹੇ ਹਨ। ਚੰਨੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ 111 ਦਿਨਾਂ ਵਿਚ ਬਿਹਤਰ ਕੰਮ ਕੀਤਾ ਹੈ, ਲਿਹਾਜ਼ਾ ਉਨ੍ਹਾਂ ਨੂੰ ਪੂਰੇ ਪੰਜ ਸਾਲ ਕੰਮ ਕਰਨ ਦਾ ਮੌਕਾ ਦੇਣਾ ਚਾਹੀਦਾ ਹੈ। ਉਂਝ ਦੋਵੇਂ ਆਗੂ ਆਖ ਚੁੱਕੇ ਹਨ ਕਿ ਪਾਰਟੀ ਹਾਈਕਮਾਨ ਜਿਹੜਾ ਵੀ ਫ਼ੈਸਲਾ ਲਵੇਗੀ, ਉਹ ਸਾਰਿਆਂ ਨੂੰ ਮਨਜ਼ੂਰ ਹੋਵੇਗਾ।