ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਨ ਗਾਇਕਾ ਲਤਾ ਮੰਗੇਸ਼ਕਰ ਦੇ ਦਿਹਾਂਤ ’ਤੇ ਐਤਵਾਰ ਸਵੇਰੇ ਸੋਗ ਜ਼ਾਹਰ ਕੀਤਾ। ਉਨ੍ਹਾਂ ਕਿਹਾ ਕਿ ਉਹ ਆਪਣੇ ਦੁੱਖ ਨੂੰ ਸ਼ਬਦਾਂ ’ਚ ਬਿਆਨ ਨਹੀਂ ਕਰ ਸਕਦੇ। ਉਨ੍ਹਾਂ ਨੇ ਟਵੀਟ ਕੀਤਾ, ‘‘ਲਤਾ ਦੀਦੀ ਨੇ ਆਪਣੇ ਗੀਤਾਂ ਜ਼ਰੀਏ ਵੱਖ-ਵੱਖ ਭਾਵਨਾਵਾਂ ਨੂੰ ਜ਼ਾਹਰ ਕੀਤਾ। ਉਨ੍ਹਾਂ ਨੇ ਦਹਾਕਿਆਂ ਤੋਂ ਭਾਰਤੀ ਫ਼ਿਲਮ ਜਗਤ ’ਚ ਆਏ ਬਦਲਾਵਾਂ ਨੂੰ ਨੇੜਿਓਂ ਵੇਖਿਆ। ਫਿਲਮਾਂ ਤੋਂ ਪਰ੍ਹੇ, ਉਹ ਭਾਰਤ ਦੇ ਵਿਕਾਸ ਲਈ ਹਮੇਸ਼ਾ ਉਤਸ਼ਾਹੀ ਰਹੀ। ਉਹ ਹਮੇਸ਼ਾ ਇਕ ਮਜ਼ਬੂਤ ਅਤੇ ਵਿਕਸਿਤ ਭਾਰਤ ਵੇਖਣਾ ਚਾਹੁੰਦੀ ਸੀ।’’
ਪ੍ਰਧਾਨ ਮੰਤਰੀ ਨੇ ਕਿਹਾ, ‘‘ਮੈਂ ਆਪਣਾ ਦੁੱਖ ਸ਼ਬਦਾਂ ’ਚ ਜ਼ਾਹਰ ਨਹੀਂ ਕਰ ਸਕਦਾ। ਦਿਆਲੂ ਅਤੇ ਸਾਰਿਆਂ ਦੀ ਪਰਵਾਹ ਕਰਨ ਵਾਲੀ ਦੀਦੀ ਸਾਨੂੰ ਛੱਡ ਕੇ ਚਲੀ ਗਈ। ਉਨ੍ਹਾਂ ਦੇ ਦਿਹਾਂਤ ਨਾਲ ਦੇਸ਼ ਵਿਚ ਇਕ ਖਾਲੀਪਨ ਪੈਦਾ ਹੋ ਗਿਆ ਹੈ, ਜਿਸ ਨੂੰ ਭਰਿਆ ਨਹੀਂ ਜਾ ਸਕਦਾ। ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਨੂੰ ਭਾਰਤੀ ਸੱਭਿਆਚਾਰ ਦੇ ਇਕ ਦਿੱਗਜ਼ ਦੇ ਰੂਪ ’ਚ ਯਾਦ ਰੱਖੇਗੀ, ਜਿਨ੍ਹਾਂ ਦੀ ਸੁਰੀਲੀ ਆਵਾਜ਼ ’ਚ ਲੋਕਾਂ ਨੂੰ ਮੰਤਰ ਮੁਗਧ ਕਰਨ ਦੀ ਸਮਰੱਥਾ ਸੀ।’’
ਇਕ ਹੋਰ ਟਵੀਟ ’ਚ ਪ੍ਰਧਾਨ ਮੰਤਰੀ ਨੇ ਕਿਹਾ, ‘‘ਇਹ ਮੇਰੇ ਲਈ ਸਨਮਾਨ ਦੀ ਗੱਲ ਹੈ ਕਿ ਮੈਨੂੰ ਲਤਾ ਦੀਦੀ ਤੋਂ ਹਮੇਸ਼ਾ ਪਿਆਰ ਮਿਲਿਆ। ਮੈਂ ਉਨ੍ਹਾਂ ਨਾਲ ਕੀਤੀਆਂ ਗਈਆਂ ਗੱਲਾਂ ਨੂੰ ਹਮੇਸ਼ਾ ਯਾਦ ਰੱਖਾਂਗਾ। ਮੈਂ ਅਤੇ ਦੇਸ਼ ਵਾਸੀ ਲਤਾ ਦੀਦੀ ਦੇ ਦਿਹਾਂਤ ’ਤੇ ਸੋਗ ਜ਼ਾਹਰ ਕਰਦੇ ਹਾਂ। ਮੈਂ ਉਨ੍ਹਾਂ ਦੇ ਪਰਿਵਾਰ ਨਾਲ ਗੱਲ ਕੀਤੀ ਅਤੇ ਆਪਣੀ ਹਮਦਰਦੀ ਜ਼ਾਹਰ ਕੀਤੀ। ਓਮ ਸ਼ਾਂਤੀ।’’
ਦੱਸਣਯੋਗ ਹੈ ਕਿ ਲਤਾ ਮੰਗੇਸ਼ਕਰ ਦਾ ਐਤਵਾਰ ਸਵੇਰੇ ਮੁੰਬਈ ਸਥਿਤ ਹਸਪਤਾਲ ਵਿਚ ਦਿਹਾਂਤ ਹੋ ਗਿਆ। ਉਹ 92 ਸਾਲ ਦੀ ਸੀ। ਆਪਣੀ ਆਵਾਜ਼ ਦੇ ਜਾਦੂ ਨਾਲ ਸੰਗੀਤ ਪ੍ਰੇਮੀਆਂ ਦੇ ਦਿਲਾਂ ’ਤੇ ਰਾਜ ਕਰਨ ਵਾਲੀ ਸੁਰਾਂ ਦੀ ਮਲਿਕਾ ਲਤਾ ਹੁਣ ਹਮੇਸ਼ਾ ਲਈ ਜੀਵਨ ਸੰਗੀਤ ਦੀ ਸਾਧਨਾ ’ਚ ਲੀਨ ਹੋ ਗਈ। ਮੱਧ ਪ੍ਰਦੇਸ਼ ਦੇ ਇੰਦੌਰ ’ਚ 28 ਸਤੰਬਰ 1929 ਨੂੰ ਜਨਮੀ ਲਤਾ ਮੰਗੇਸ਼ਕਰ ਦੇ ਪਿਤਾ ਦੀਨਾਨਾਥ ਮੰਗੇਸ਼ਕਰ ਮਰਾਠੀ ਰੰਗ-ਮੰਚ ਨਾਲ ਜੁੜੇ ਹੋਏ ਸਨ। ਸਾਲ 1942 ’ਚ 13 ਸਾਲ ਦੀ ਛੋਟੀ ਉਮਰ ਵਿਚ ਹੀ ਲਤਾ ਦੇ ਸਿਰ ਤੋਂ ਪਿਤਾ ਦਾ ਸਾਇਆ ਉਠ ਗਿਆ ਅਤੇ ਪਰਿਵਾਰ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਸਿਰ ’ਤੇ ਆ ਗਈ। ਲਤਾ ਦੀਦੀ, ਮੀਨਾ ਖਾਦੀਕਰ, ਆਸ਼ਾ ਭੋਂਸਲੇ, ਊਸ਼ਾ ਮੰਗੇਸ਼ਕਰ ਅਤੇ ਹਿਰਦਯਨਾਥ ਮੰਗੇਸ਼ਕਰ ਆਪਣੇ ਭਰਾ-ਭੈਣਾਂ ਤੋਂ ਸਭ ਤੋਂ ਵੱਡੀ ਸੀ। ਆਪਣੇ ਭਰਾ-ਭੈਣਾਂ ਦੇ ਬਿਹਤਰ ਭਵਿੱਖ ਲਈ ਲਤਾ ਨੇ ਵਿਆਹ ਨਹੀਂ ਕਰਵਾਇਆ ਸੀ।