ਤੁਹਾਡੇ ਕੋਲ ਕਿਸੇ ਦੀ ਜ਼ਿੰਦਗੀ ‘ਚ ਤਬਦੀਲੀ ਲਿਆਉਣ, ਕਿਸੇ ਦਾ ਦਿਲ ਛੂਹਣ, ਹੱਥੋਂ ਨਿਕਲਦੀ ਜਾਪਦੀ ਕਿਸੇ ਸਥਿਤੀ ‘ਤੇ ਨਿਯੰਤਰਣ ਕਾਇਮ ਕਰਨ ਦੀ ਤਾਕਤ ਮੌਜੂਦ ਹੈ – ਅਤੇ ਆਪਣੇ ਸ਼ਾਂਤ, ਸੂਝਵਾਨ, ਨਿਰਪੱਖ ਦ੍ਰਿਸ਼ਟੀਕੋਣ ਰਾਹੀਂ ਤਵਾਜ਼ਨ, ਵਿਸ਼ਵਾਸ ਅਤੇ ਸਨਮਾਨ ਬਹਾਲ ਕਰਨ ਦੀ ਸਮਝ ਵੀ। ਪਰ ਤੁਸੀਂ ਇਹ ਸਭ ਕਿਵੇਂ ਕਰ ਸਕਦੇ ਹੋ ਜੇਕਰ ਤੁਸੀਂ ਖ਼ੁਦ ਹੀ ਆਪਣੀਆਂ ਕਮਜ਼ੋਰੀਆਂ ਬਾਰੇ ਉਤਾਵਲੇ, ਫ਼ਿਕਰਮੰਦ ਜਾਂ ਲੋੜੋਂ ਵੱਧ ਸੁਚੇਤ ਹੋਣ ਦੀ ਲੋੜ ਮਹਿਸੂਸ ਕਰ ਰਹੇ ਹੋਵੋ? ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਕੁਝ ਵੀ ਕਰਨ ਜਾਂ ਬੋਲਣ ਤੋਂ ਪਹਿਲਾਂ ਆਪਣੀ ਅੰਦਰੂਨੀ ਤਾਕਤ ਤੋਂ ਪ੍ਰੇਰਨਾ ਲਓ। ਤੁਹਾਡੇ ਸ਼ੰਕਿਆਂ ਦੇ ਬਾਵਜੂਦ, ਤੁਹਾਡੇ ਲਈ ਇਹ ਕਰਨਾ ਸੰਭਵ ਹੈ। ਅਤੇ ਛੇਤੀ ਹੀ ਇਸ ਦਾ ਸਾਰਥਕ ਫ਼ਰਕ ਵੀ ਦਿਖਣ ਲੱਗੇਗਾ।
ਜਦੋਂ ਚੀਜ਼ਾਂ ਗ਼ਲਤ ਹੁੰਦੀਆਂ ਜਾਪਣ ਤਾਂ ਅਕਸਰ ਇਸ ਦਾ ਕਾਰਨ ਇਹ ਹੁੰਦਾ ਕਿ ਸਹੀ ਸ਼ੈਅ ਕੀ ਹੋਵੇਗੀ ਬਾਰੇ ਸਾਡੀ ਧਾਰਣਾ ਹੀ ਗ਼ਲਤ ਹੁੰਦੀ ਹੈ। ਅਸੀਂ ਦ੍ਰਿੜ ਖ਼ਿਆਲਾਤ ਬਣਾ ਲੈਂਦੇ ਹਾਂ। ਅਸੀਂ ਯੋਜਨਾਵਾਂ ਬਣਾਉਂਦੇ ਹਾਂ। ਅਸੀਂ ਉਮੀਦਾਂ ਸਿਰਜਦੇ ਹਾਂ। ਜਦੋਂ ਕਿ ਇਹ ਸਭ ਸਿਧਾਂਤਕ ਤੌਰ ‘ਤੇ ਤਾਂ ਸਹੀ ਹਨ, ਪਰ ਇਹ ਸਾਡੇ ਖ਼ਿਲਾਫ਼ ਭੁਗਤਦੇ ਨੇ ਜੇਕਰ ਅਸੀਂ ਇਨ੍ਹਾਂ ‘ਚ ਬਹੁਤ ਜ਼ਿਆਦਾ ਨਿਵੇਸ਼ ਕਰ ਬੈਠੀਏ। ਕਲਪਨਾ ਕਰੋ, ਉਦਾਹਰਣ ਦੇ ਤੌਰ ‘ਤੇ, ਤੁਸੀਂ ਇੱਥੋਂ ਕਿਸੇ ਹੋਰ ਸ਼ਹਿਰ ‘ਚ ਜਾਣਾ ਚਾਹੁੰਦੇ ਹੋ। ਯਾਤਰਾ ਮੁਮਕਿਨ ਹੈ। ਪਰ ਹੋ ਸਕਦੈ ਕਿ ਉਸ ਸਫ਼ਰ ਦੀ ਰੂਪਰੇਖਾ ਹੂ-ਬ-ਹੂ ਓਹੋ ਜਿਹੀ ਨਾ ਹੋਵੇ ਜਿਹੋ ਜਿਹੀ ਤੁਸੀਂ ਉਮੀਦ ਕੀਤੀ ਸੀ। ਪਰ ਇਸ ਦੇ ਬਾਵਜੂਦ ਜੇ ਤੁਸੀਂ ਓਥੇ ਅੱਪੜ ਸਕੋ ਜਿੱਥੇ ਜਾਣ ਦੀ ਤੁਹਾਨੂੰ ਲੋੜ ਅਤੇ ਚਾਹ ਸੀ, ਹੋਰ ਕਿਸੇ ਚੀਜ਼ ਨਾਲ ਕੀ ਫ਼ਰਕ ਪੈਂਦੈ?
ਸਾਡੇ ‘ਚੋਂ ਕੋਈ ਵੀ ਸੰਪੂਰਨ ਨਹੀਂ, ਪਰ ਅਸੀਂ ਸਾਰੇ ਵੱਖੋ-ਵੱਖਰੇ ਅਤੇ ਬਹੁਤ ਸਾਰੇ ਢੰਗਾਂ ਨਾਲ ਆਪਣੀ ਅਪੂਰਨਤਾ ਦਾ ਮੁਜ਼ਾਹਰਾ ਕਰਦੇ ਰਹਿੰਦੇ ਹਾਂ। ਸਾਡੇ ‘ਚੋਂ ਕੁਝ ਲੋਕ ਇਸ ਕਾਰਨ ਅਪੂਰਣ ਹੁੰਦੇ ਨੇ ਕਿਉਂਕਿ ਉਹ ਸੰਪੂਰਨ ਹੋਣ ਲਈ ਬਹੁਤ ਜ਼ਿਆਦਾ ਕੋਸ਼ਿਸ਼ ਕਰਦੇ ਹਨ! ਅਸੀਂ ਅਵਾਸਤਵਿਕ ਆਸਾਂ ਜਗਾ ਲੈਂਦੇ ਹਾਂ, ਗ਼ੈਰਵਾਜਿਬ ਸਥਿਤੀਆਂ ‘ਚ ਖ਼ੁਦ ਨੂੰ ਫ਼ਸਾ ਲੈਂਦੇ ਹਾਂ, ਚਮਤਕਾਰ ਵਰਤਾਉਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਸਾਨੂੰ ਅਹਿਸਾਸ ਹੁੰਦੈ ਕਿ ਕਦੇ ਕਦਾਈਂ ਅਸੀਂ, ਅਸਲ ‘ਚ, ਲਗਭਗ ਅਜਿਹਾ ਕਰਨ ਦੇ ਸਮਰੱਥ ਵੀ ਹਾਂ। ਫ਼ਿਰ ਅਸੀਂ ਅਜਿਹੇ ਵਾਅਦੇ ਕਰਦੇ ਹਾਂ ਜਿਨ੍ਹਾਂ ਬਾਰੇ ਸਾਨੂੰ ਬਾਅਦ ‘ਚ ਅਹਿਸਾਸ ਹੁੰਦੈ ਕਿ ਅਸੀਂ ਉਨ੍ਹਾਂ ਨੂੰ ਪੂਰੇ ਨਹੀਂ ਕਰ ਸਕਦੇ – ਅਤੇ ਇਸ ਹਕੀਕਤ ਨੂੰ ਪਛਾਣਨ ਦੀ ਪੀੜਾ ਵੀ ਸਾਨੂੰ ਜਰਨੀ ਪੈਂਦੀ ਹੈ। ਪਰ ਤੁਸੀਂ ਇੱਕ ਚੰਗੇ ਇਨਸਾਨ ਹੋ ਜਿਹੜਾ ਹਰ ਰੋਜ਼ ਸਿਆਣਾ ਹੋ ਰਿਹੈ। ਅਤੇ ਬਾਵਜੂਦ ਇਸ ਸਭ ਦੇ, ਜਿਵੇਂ ਛੇਤੀ ਹੀ ਤੁਸੀਂ ਦੇਖੋਗੇ, ਤੁਹਾਡੇ ਜੀਵਨ ‘ਚ ਕੁਝ ਅਜਿਹਾ ਹੈ ਜਿਹੜਾ ਲਗਭਗ ਸੰਪੂਰਨ ਅਤੇ ਤਰੁਟੀਹੀਨ ਹੈ।
ਕੀ ਤੁਸੀਂ ਇੱਕ ਪੀੜਤ ਹੋ? ਕੀ ਤੁਸੀਂ ਇੱਕ ਕਠਪੁਤਲੀ ਹੋ? ਕੀ ਤੁਸੀਂ ਇੱਕ ਅਜਿਹੇ ਕਮਜ਼ੋਰ, ਸੁਸਤ, ਬੇਵੱਸ ਇਨਸਾਨ ਹੋ ਜਿਸ ਦੀ ਜ਼ਿੰਦਗੀ ਕਿਸੇ ਤਾਕਤਵਰ ਅਤੇ ਬੇਦਰਦ ਸ਼ਕਤੀ ਦੇ ਰਹਿਮੋਕਰਮ ‘ਤੇ ਹੈ? ਨਹੀਂ, ਅਜਿਹੀ ਕੋਈ ਗੱਲ ਨਹੀਂ! ਕਿਸੇ ਸੰਵੇਦਨਸ਼ੀਲ ਸਥਿਤੀ ‘ਚ, ਤੁਹਾਡੇ ਕੋਲ ਉਹ ਤਾਕਤ, ਹਿੰਮਤ ਅਤੇ ਪ੍ਰਭਾਵ ਮੌਜੂਦ ਹੈ ਜਿਸ ਦੀ ਤੁਸੀਂ ਤਮੰਨਾ ਕੀਤੀ ਸੀ, ਪਰ ਉਨ੍ਹਾਂ ਦਾ ਇਸਤੇਮਾਲ ਕਰਨ ਲਈ, ਤੁਹਾਨੂੰ ਸਾਹਸੀ, ਸ਼ਾਂਤ ਅਤੇ ਸਪੱਸ਼ਟ ਬਣਨ ਦੀ ਲੋੜ ਹੈ। ਜੇ ਤੁਸੀਂ ਕਿਸੇ ਚੀਜ਼ ਜਾਂ ਵਿਅਕਤੀ ਖ਼ਿਲਾਫ਼ ਭੈੜੀ ਪ੍ਰਕਿਰਿਆ ਦਿੱਤੀ ਤਾਂ ਤੁਸੀਂ ਖ਼ੁਦ ਨੂੰ ਕਮਜ਼ੋਰ ਕਰ ਬੈਠੋਗੇ, ਅਤੇ ਕਿਸੇ ਅਨੁਕੂਲ ਸਥਿਤੀ ਦਾ ਤੁਸੀਂ ਪੂਰਾ ਲਾਹਾ ਨਹੀਂ ਲੈ ਸਕੋਗੇ। ਜੇਕਰ ਅਜਿਹਾ ਹੋ ਜਾਵੇ ਤਾਂ ਤੁਸੀਂ ਉਸ ਨੂੰ ਮੁੜ ਹਾਸਿਲ ਵੀ ਕਰ ਸਕਦੇ ਹੋ, ਪਰ ਉਸ ਨੂੰ ਪਹਿਲਾਂ ਹੀ ਹੱਥੋਂ ਨਿਕਲਣ ਕਿਉਂ ਦੇਣਾ? ਆਪਣੇ ਦਿਲ ਦੇ ਸਭ ਤੋਂ ਬਿਹਤਰੀਨ ਹਿੱਸੇ ‘ਤੇ ਯਕੀਨ ਰੱਖੋ।
ਸਵੈ-ਵਿਸ਼ਵਾਸ ਇੱਕ ਮਹੱਤਵਪੂਰਨ ਗੁਣ ਹੈ। ਕੀ ਤੁਸੀਂ ਖ਼ੁਦ ‘ਚ ਵਿਸ਼ਵਾਸ ਕਰਦੇ ਹੋ? ਕਿੰਨਾ ਡੂੰਘਾ? ਕੀ ਤੁਸੀਂ ਖ਼ੁਦ ਨਾਲ ਉਸ ਤਰ੍ਹਾਂ ਦਾ ਸਲੂਕ ਕਰ ਰਹੇ ਹੋ ਜਿਵੇਂ ਦਾ ਤੁਹਾਡੇ ਸਭ ਕੱਟੜ ਆਲੋਚਕ ਵੀ ਤੁਹਾਡੇ ਨਾਲ ਕਰਨ ਤੋਂ ਗ਼ੁਰੇਜ਼ ਕਰਦੇ ਹੋਣ? ਤੁਹਾਡੇ ਇਸ ਸ਼ੱਕ ਪਿੱਛੇ ਕੀ ਕਾਰਨ ਹੈ ਕਿ ਸ਼ਾਇਦ ਤੁਸੀਂ ਉਸ ਪਿਆਰ, ਸੁਖ ਅਤੇ ਆਨੰਦ ਨੂੰ ਮਹਿਸੂਸ ਕਰਨ ਦੇ ਹੱਕਦਾਰ ਨਹੀਂ ਜਿਸ ਨੂੰ ਪ੍ਰਾਪਤ ਕਰਨ ਲਈ ਤੁਹਾਡਾ ਦਿਲ ਇੰਨਾ ਤੜਪ ਰਿਹੈ? ਤੁਹਾਡੀ ਨਿੱਜੀ ਜ਼ਿੰਦਗੀ ‘ਚ ਚਾਹੇ ਤੁਹਾਨੂੰ ਜੋ ਕੁਝ ਵੀ ਗ਼ਲਤ ਹੁੰਦਾ ਜਾਪ ਰਿਹਾ ਹੋਵੇ ਜਾਂ ਆਪਣੇ ਸੰਸਾਰ ‘ਚ ਜਿੱਥੇ ਕਿਤੇ ਵੀ ਤੁਹਾਨੂੰ ਕਿਸੇ ਸ਼ੈਅ ਦੀ ਕਮੀ ਮਹਿਸੂਸ ਹੋ ਰਹੀ ਹੋਵੇ, ਇਸ ਵਕਤ ਪਹਿਲੀ ਪ੍ਰਾਥਮਿਕਤਾ ਹੈ ਤੁਹਾਡਾ ਗੁਆਚਿਆ ਹੋਇਆ ਆਤਮ-ਵਿਸ਼ਵਾਸ ਮੁੜ ਬਹਾਲ ਕਰਨਾ। ਇਸ ਤੋਂ ਹੀ, ਜੋ ਕੁਝ ਵੀ ਤੁਹਾਨੂੰ ਚਾਹੀਦੈ, ਉਹ ਮਿਲੇਗਾ। ਉਸ ਤੋਂ ਬਾਅਦ ਹੀ ਤੁਸੀਂ, ਆਪਣੀ ਜ਼ਿੰਦਗੀ ‘ਚ, ਉਹ ਸਾਰੀ ਹਮਾਇਤ ਹਾਸਿਲ ਕਰ ਸਕੋਗੇ ਜਿਹੜੀ ਤੁਹਾਡਾ ਹੱਕ ਹੈ।