ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਜਲਦ ਹੀ 10 ਹਜ਼ਾਰ ਫੁੱਟ ਦੀ ਉਚਾਈ ‘ਤੇ ਆਧੁਨਿਕ ਫੁਟਬਾਲ ਸਟੇਡੀਅਮ, ਇਕ ਸਿੰਥੈਟਿਕ ਟਰੈਕ ਅਤੇ 1000 ਸਮਰੱਥਾ ਦੇ ਇਕ ਹੋਸਟਲ ਦੀ ਸੌਗਾਤ ਦੇਵੇਗੀ। ਪੀ.ਐੱਮ. ਮੋਦੀ ਨੇ ਐਤਵਾਰ ਨੂੰ ਇੱਥੇ ਰੇਡੀਓ ‘ਤੇ ਪ੍ਰਸਾਰਿਤ ਆਪਣੇ ਮਹੀਨਾਵਾਰ ਪ੍ਰੋਗਰਾਮ ‘ਮਨ ਕੀ ਬਾਤ’ ‘ਚ ਇਹ ਐਲਾਨ ਕਰਦੇ ਹੋਏ ਕਿਹਾ ਕਿ ਲੱਦਾਖ ਦੇ ਲੋਕਾਂ ਲਈ ਉਨ੍ਹਾਂ ਦੀ ਸਰਕਾਰ ਦੀਆਂ ਜ਼ਰੂਰੀ ਸਹੂਲਤਾਂ ਉਪਲੱਬਧ ਕਰਵਾਉਣ ਲਈ ਵਚਨਬੱਧ ਹੈ ਤਾਂ ਕਿ ਉੱਥੇ ਦੇ ਲੋਕਾਂ ਦਾ ਕਠਿਨ ਜੀਵਨ ਆਸਾਨ ਹੋ ਸਕੇ। ਉਨ੍ਹਾਂ ਕਿਹਾ,”ਅੱਜ ਮੈਂ ਲੱਦਾਖ ਦੀ ਇਕ ਅਜਿਹੀ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਹੈ, ਜਿਸ ਬਾਰੇ ਜਾਣ ਕੇ ਤੁਹਾਨੂੰ ਮਾਣ ਹੋਵੇਗਾ। ਲੱਦਾਖ ਨੂੰ ਜਲਦ ਹੀ ਇਕ ਸ਼ਾਨਦਾਰ ਓਪਨ ਸਿੰਥੈਟਿਕ ਟਰੈਕ ਅਤੇ ਐਸਟ੍ਰੋ ਟਰਫ਼ ਫੁਟਬਾਲ ਸਟੇਡੀਅਮ ਦੀ ਸੌਗਾਤ ਮਿਲਣ ਵਾਲੀ ਹੈ। ਇਹ ਸਟੇਡੀਅਮ 10 ਹਜ਼ਾਰ ਫੁਟ ਤੋਂ ਵੱਧ ਦੀ ਉਚਾਈ ‘ਤੇ ਬਣ ਰਿਹਾ ਹੈ ਅਤੇ ਇਸ ਦਾ ਨਿਰਮਾਣ ਜਲਦ ਪੂਰਾ ਹੋਣ ਵਾਲਾ ਹੈ। ਲੱਦਾਖ ਦਾ ਇਹ ਸਭ ਤੋਂ ਵੱਡਾ ਓਪਨ ਸਟੇਡੀਅਮ ਹੋਵੇਗਾ, ਜਿੱਥੇ 30 ਹਜ਼ਾਰ ਫੁਟਬਾਲ ਦਰਸ਼ਕ ਇਕੱਠੇ ਬੈਠ ਸਕਣਗੇ।”
ਉਨ੍ਹਾਂ ਕਿਹਾ,”ਇਸ ਆਧੁਨਿਕ ਸਟੇਡੀਅਮ ‘ਚ 8 ਲੇਨ ਦਾ ਇਕ ਸਿੰਥੈਟਿਕ ਟਰੈਕ ਵੀ ਹੋਵੇਗਾ। ਇਸ ਤੋਂ ਇਲਾਵਾ ਇੱਥੇ ਇਕ ਹਜ਼ਾਰ ਬੈੱਡ ਵਾਲੇ ਇਕ ਹੋਸਟਲ ਦੀ ਸਹੂਲਤ ਵੀ ਹੋਵੇਗੀ। ਤੁਹਾਨੂੰ ਇਹ ਜਾਣ ਕੇ ਵੀ ਚੰਗਾ ਲੱਗੇਗਾ ਕਿ ਇਸ ਸਟੇਡੀਅਮ ਨੂੰ ਫੁਟਬਾਲ ਦੀ ਸਭ ਤੋਂ ਵੱਡੀ ਸੰਸਥਾ ਫੀਫਾ ਨੇ ਵੀ ਪ੍ਰਮਾਣਿਤ ਕੀਤਾ ਹੈ। ਜਦੋਂ ਸਪੋਰਟਸ ਦਾ ਅਜਿਹਾ ਕੋਈ ਵੱਡਾ ਬੁਨਿਆਦੀ ਢਾਂਚਾ ਤਿਆਰ ਹੁੰਦਾ ਹੈ ਤਾਂ ਇਹ ਦੇਸ਼ ਦੇ ਨੌਜਵਾਨਾਂ ਲਈ ਬਿਹਤਰੀਨ ਮੌਕੇ ਲੈ ਕੇ ਆਉਂਦਾ ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿੱਥੇ ਇਹ ਵਿਵਸਥਾ ਹੁੰਦੀ ਹੈ, ਉੱਥੇ ਵੀ ਦੇਸ਼ ਭਰ ਦੇ ਲੋਕਾਂ ਦਾ ਆਉਣਾ-ਜਾਣਾ ਹੁੰਦਾ ਹੈ, ਸੈਰ-ਸਪਾਟੇ ਨੂੰ ਉਤਸ਼ਾਹ ਮਿਲਦਾ ਹੈ ਅਤੇ ਰੁਜ਼ਗਾਰ ਦੇ ਕਈ ਮੌਕੇ ਪੈਦਾ ਹੁੰਦੇ ਹਨ। ਸਟੇਡੀਅਮ ਦਾ ਵੀ ਲਾਭ ਲੱਦਾਖ ਦੇ ਕਈ ਨੌਜਵਾਨਾਂ ਨੂੰ ਹੋਵੇਗਾ।