ਮਜੀਠੀਆ ਤੇ ਸਿੱਧੂ ਸਿਰਫ਼ ਸਿਆਸੀ ‘ਹਾਥੀ’, ਲੋਕਾਂ ਨੂੰ ਕੁਚਲਣਗੇ, ਨਾ ਕਿ ਭਵਿੱਖ ਸੰਵਾਰਨਗੇ : ਰਾਘਵ ਚੱਢਾ

ਅੰਮ੍ਰਿਤਸਰ – ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਰਾਘਵ ਚੱਢਾ ਨੇ ਅੰਮ੍ਰਿਤਸਰ ਹਲਕਾ ਪੂਰਬੀ ਤੋਂ ਚੋਣ ਲੜ ਰਹੇ ਕਾਂਗਰਸ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ’ਤੇ ਹਮਲਾ ਬੋਲਦੇ ਹੋਏ ਉਨ੍ਹਾਂ ਨੂੰ ਕੇਵਲ ਸਿਆਸੀ ਹਾਥੀ ਕਰਾਰ ਦਿੱਤਾ। ਰਾਘਵ ਚੱਢਾ ਨੇ ਕਿਹਾ ਕਿ ਉਹ ਆਪਸੀ ਲੜਾਈ ਵਿਚ ਆਮ ਜਨਤਾ ਨੂੰ ਕੁਚਲਣ ਦਾ ਕੰਮ ਕਰਨਗੇ ਹੋਰ ਕੁਝ ਨਹੀਂ।
ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਜਿਸ ਬਿਕਰਮ ਮਜੀਠੀਆ ’ਤੇ ਨਸ਼ੇ ਦਾ ਵਪਾਰ ਕਰਨ ਦਾ ਦੋਸ਼ ਹੈ, ਉਹ ਲੋਕਾਂ ਦੀ ਕੀ ਸੇਵਾ ਕਰਨਗੇ। ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੱਧੂ ਪਿਛਲੇ 15 ਸਾਲ ਤੋਂ ਕਦੇ ਸੰਸਦ ਤਾਂ ਕਦੇ ਵਿਧਾਇਕ ਦੇ ਰੂਪ ਵਿਚ ਅੰਮ੍ਰਿਤਸਰ ਦਾ ਤਰਜਮਾਨੀ ਕਰ ਰਹੇ ਹਨ। ਨਵਜੋਤ ਸਿੱਧੂ ਨੇ ਪਿਛਲੇ 15 ਸਾਲਾਂ ਵਿਚ ਅੰਮ੍ਰਿਤਸਰ ਦੇ ਲੋਕਾਂ ਦਾ ਫੋਨ ਤੱਕ ਨਹੀਂ ਚੁੱਕਿਆ। ਉਨ੍ਹਾਂ ਕਿਹਾ ਕਿ ਜਦੋਂ ਵੀ ਲੋਕਾਂ ਨੂੰ ਜ਼ਰੂਰਤ ਪਈ ਤਾਂ ਨਾ ਨਵਜੋਤ ਸਿੰਘ ਸਿੱਧੂ ਸਾਹਮਣੇ ਆਏ, ਨਾ ਹੀ ਬਿਕਰਮ ਸਿੰਘ ਮਜੀਠੀਆ।