ਭਇਯੂ ਮਹਾਰਾਜ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ 3 ਸਹਿਯੋਗੀਆਂ ਨੂੰ 6-6 ਸਾਲ ਦੀ ਕੈਦ

ਇੰਦੌਰ– ਅਧਿਆਤਮਕ ਗੁਰੂ ਭਇਯੂ ਮਹਾਰਾਜ ਨੂੰ ਬਲੈਕਮੇਲ ਕਰ ਕੇ ਉਨ੍ਹਾਂ ਨੂੰ ਆਤਮਹੱਤਿਆ ਲਈ ਮਜਬੂਰ ਕਰਨ ਦਾ ਦੋਸ਼ੀ ਪਾਉਂਦੇ ਹੋਏ ਜ਼ਿਲਾ ਅਦਾਲਤ ਨੇ 28 ਸਾਲ ਦੀ ਇਕ ਔਰਤ ਸਮੇਤ 3 ਸਹਿਯੋਗੀਆਂ ਨੂੰ ਸ਼ੁੱਕਰਵਾਰ 6-6 ਸਾਲ ਦੀ ਕੈਦ ਦੀ ਸਜ਼ਾ ਸੁਣਾਈ।
ਐਡੀਸ਼ਨਲ ਸੈਸ਼ਨ ਜੱਜ ਧਰਮਿੰਦਰ ਸੋਨੀ ਨੇ ਅਧਿਆਤਮਕ ਗੁਰੂ ਦੀ ਆਤਮਹੱਤਿਆ ਦੇ ਹਾਈ ਪ੍ਰੋਫਾਈਲ ਮਾਮਲੇ ਵਿਚ 28 ਸਾਲਾ ਪਲਕ, 45 ਸਾਲਾ ਵਿਨਾਇਕ ਅਤੇ 37 ਸਾਲਾ ਸ਼ਰਦ ਨੂੰ ਆਈ. ਪੀ. ਸੀ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ੀ ਕਰਾਰ ਦਿੰਦੇ ਹੋਏ ਇਹ ਸਜ਼ਾ ਸੁਣਾਈ। ਅਧਿਕਾਰੀਆਂ ਮੁਤਾਬਕ 50 ਸਾਲਾ ਭਇਯੂ ਮਹਾਰਾਜ ਨੇ 12 ਜੂਨ 2018 ਨੂੰ ਆਪਣੇ ਨਿਵਾਸ ਵਿਖੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ ਸੀ। ਪੁਲਸ ਨੇ ਇਸ ਘਟਨਾ ਸੰਬੰਧੀ 7 ਮਹੀਨਿਆਂ ਬਾਅਦ ਪਲਕ, ਵਿਨਾਇਕ ਅਤੇ ਸ਼ਰਦ ਨੂੰ ਗ੍ਰਿਫਤਾਰ ਕੀਤਾ ਸੀ। ਪੁਲਸ ਮੁਤਾਬਕ ਪਲਕ ਭਇਯੂ ਮਹਾਰਾਜ ’ਤੇ ਇਤਰਾਜ਼ਯੋਗ ਚੈਟ ਅਤੇ ਹੋਰ ਨਿੱਜੀ ਵਸਤਾਂ ਦੇ ਜ਼ੋਰ ’ਤੇ ਉਨ੍ਹਾਂ ’ਤੇ ਵਿਆਹ ਕਰਵਾਉਣ ਲਈ ਕਥਿਤ ਤੌਰ ’ਤੇ ਦਬਾਅ ਪਾ ਰਹੇ ਸੀ। ਉਸ ਸਮੇਂ ਲਗਭਗ 50 ਸਾਲ ਦੇ ਅਧਿਆਤਮਕ ਗੁਰੂ ਜੋ ਪਹਿਲਾਂ ਤੋਂ ਹੀ ਵਿਆਹੇ ਹੋਏ ਸਨ, ਇਸ ਲਈ ਤਿਆਰ ਨਹੀਂ ਸਨ। ਪੁਲਸ ਨੇ ਭਇਯੂ ਮਹਾਰਾਜ ਦੇ ਘਰੋਂ ਇਕ ਡਾਇਰੀ ਬਰਾਮਦ ਕੀਤੀ ਸੀ, ਜਿਸ ਵਿਚ ਉਨ੍ਹਾਂ ਲਿਖਿਆ ਸੀ ਕਿ ਭਾਰੀ ਤਣਾਅ ਕਾਰਨ ਉਹ ਆਪਣੀ ਜੀਵਨ ਲੀਲਾ ਖਤਮ ਕਰ ਰਹੇ ਹਨ।