ਕੈਨੇਡਾ ’ਚ ਵੈਕਸੀਨ ਵਿਰੋਧੀ ਟਰੱਕ ਡਰਾਈਵਰਾਂ ਦਾ ਕਾਫ਼ਲਾ ਓਟਾਵਾ ’ਚ ਦਾਖ਼ਲ

ਨਿਊਯਾਰਕ/ਓਟਾਵਾ : ਵੈਕਸੀਨ ਵਿਰੋੋਧੀ ਕੈਨੇਡੀਅਨ ਟਰੱਕਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਕਾਫ਼ਲਾ ਦੇਸ਼ ਦੀ ਰਾਜਧਾਨੀ ਓਟਾਵਾ ਵਿਖੇ ਪਹੁੰਚ ਚੁੱਕਾ ਹੈ। ਇਸ ਕਾਫ਼ਲੇ ਦੀ ਮੁੱਖ ਮੰਗ ਕੈਨੇਡਾ ਤੋਂ ਅਮਰੀਕਾ ਅਤੇ ਵਾਪਸ ਆਉਣ ਸਮੇਂ ਵੈਕਸੀਨੇਸ਼ਨ ਦੇ ਨਿਯਮਾਂ ਵਿਚ ਛੋਟ ਅਤੇ ਵੈਕਸੀਨ ਨਾਲ ਸਬੰਧਤ ਕੈਨੇਡਾ ਭਰ ਵਿਚ ਢਿੱਲਾਂ ਦੇਣੀਆਂ ਸ਼ਾਮਲ ਹਨ। ਇਸ ਕਾਫ਼ਲੇ ਵਿਚ ਸੱਜੇ ਪੱਖੀ, ਵੱਖਵਾਦੀ ਅਤੇ ਜਸਟਿਨ ਟਰੂਡੋ ਵਿਰੋਧੀ ਧਿਰਾਂ ਦੀ ਵੀ ਮੌਜੂਦਗੀ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਖੁਫੀਆ ਏਜੰਸੀਆਂ ਨੇ ਇਸ ਮੌਕੇ ਕਿਸੇ ਵੀ ਤਰ੍ਹਾਂ ਦੀ ਗੜਬੜ ਰੋਕਣ ਲਈ ਵਿਸ਼ੇਸ਼ ਪ੍ਰਬੰਧ ਵੀ ਕੀਤੇ ਹੋਣ ਦੀ ਗੱਲ ਦੁਹਰਾਈ ਹੈ।
ਇਸ ਮੁਜਾਹਰੇ ਦਾ ਪ੍ਰਬੰਧ ਕਰਨ ਵਾਲੇ ਗਰੁੱਪ, ਕੈਨੇਡਾ ਯੂਨਿਟੀ ਦਾ ਕਹਿਣਾ ਹੈ ਕਿ ਗਵਰਨਰ ਜਨਰਲ ਅਤੇ ਸੈਨੇਟ ਨੂੰ ਇਕ ਕਮੇਟੀ ਬਣਾਉਣੀ ਚਾਹੀਦੀ ਹੈ, ਜੋ ਕਿ ਕੋਵਿਡ-19 ਸੰਬੰਧੀ ਪਬੰਦੀਆਂ ਅਤੇ ਵੈਕਸੀਨ ਪਾਸਪੋਰਟ ਨੂੰ ਰੱਦ ਕਰਨ ’ਤੇ ਵਿਚਾਰ ਕਰੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਕੈਨੇਡਾ ਦੀ ਸਾਰਿਆਂ ਤੋਂ ਵੱਡੀ ਟਰੱਕਰ ਐਸੋਸੀਏਸ਼ਨ ‘ਕੈਨੇਡੀਅਨ ਟਰੱਕਰ ਐਲਾਇੰਸ’ ਨੇ ਆਪਣੀ ਹਮਾਇਤ ਇਸ ਮੁਜਾਹਰੇ ਨੂੰ ਨਹੀਂ ਦਿੱਤੀ ਹੈ ਅਤੇ ਪੰਜਾਬੀ ਭਾਈਚਾਰੇ ਨਾਲ ਸਬੰਧਤ ਬਹੁਗਿਣਤੀ ਟਰੱਕ ਡਰਾਈਵਰ ਇਸ ਮੁਜਾਹਰੇ ਦਾ ਹਿੱਸਾ ਨਹੀਂ ਹਨ। ਪਿਛਲੇ ਦਿਨੀਂ ਕੈਨੇਡਾ ਅਤੇ ਅਮਰੀਕਾ ਦੀਆਂ ਸਰਕਾਰਾਂ ਨੇ ਬਾਰਡਰ ਪਾਰ ਕਰਨ ਵਾਲੇ ਟਰੱਕ ਡਰਾਈਵਰਾਂ ਲਈ ਕੋਰੋਨਾ ਵੈਕਸੀਨ ਸਬੰਧੀ ਸ਼ਰਤਾਂ ਵਾਲਾ ਮੈਂਡਟ ਲਾਗੂ ਕਰ ਦਿੱਤਾ ਸੀ।