ਅੰਮ੍ਰਿਤਸਰ ਪੂਰਬੀ ਹਲਕੇ ਤੋਂ ਚੋਣ ਲੜਨ ਲਈ ਨਵਜੋਤ ਸਿੱਧੂ ਨੇ ਦਾਖ਼ਲ ਕਰਵਾਇਆ ਨਾਮਜ਼ਦਗੀ ਪੱਤਰ

ਅੰਮ੍ਰਿਤਸਰ – ਪੰਜਾਬ ’ਚ 20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਘ ਸਿੱਧੂ ਨੇ ਅੱਜ ਚੋਣ ਲੜਨ ਲਈ ਆਪਣਾ ਨਾਮਜ਼ਦਗੀ ਪੱਤਰ ਭਰ ਦਿੱਤਾ ਹੈ। ਐੱਸ.ਡੀ.ਐੱਮ ਦਫ਼ਤਰ ਨਾਮਜ਼ਦਗੀ ਪੱਤਰ ਭਰਨ ਗਏ ਨਵਜੋਤ ਸਿੱਧੂ ਦੇ ਨਾਲ ਇਸ ਮੌਕੇ ਬਹੁਤ ਸਾਰੇ ਕਾਂਗਰਸੀ ਆਗੂ ਵਿਸ਼ੇਸ਼ ਤੌਰ ’ਤੇ ਮੌਜੂਦ ਹਨ।
ਦੱਸ ਦੇਈਏ ਕਿ ਅੰਮ੍ਰਿਤਸਰ ਪੂਰਬੀ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਨਵਜੋਤ ਸਿੰਘ ਸਿੱਧੂ ਦਾ ਮੁਕਾਬਲਾ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨਾਲ ਹੋ ਰਿਹਾ ਹੈ। ਬਿਕਰਮ ਸਿੰਘ ਮਜੀਠੀਆ ਨੇ ਬੀਤੇ ਦਿਨ ਅੰਮ੍ਰਿਤਸਰ ਪੂਰਬੀ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਵਾ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਜਿਥੇ ਇਕ ਪਾਸੇ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ, ਉਥੇ ਹੀ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਵਾਦਾਂ ਵਿੱਚ ਘਿਰ ਗਏ ਹਨ। ਬੀਤੇ ਦਿਨ ਅਮਰੀਕਾ ‘ਚ ਰਹਿ ਰਹੀ ਨਵਜੋਤ ਸਿੱਧੂ ਦੀ ਭੈਣ ਡਾਕਟਰ ਸੁਮਨ ਤੂਰ ਨੇ ਸਿੱਧੂ ‘ਤੇ ਗੰਭੀਰ ਦੋਸ਼ ਲਾਏ ਹਨ। ਉਸ ਨੇ ਕਿਹਾ ਹੈ ਕਿ ਪਿਤਾ ਭਗਵੰਤ ਸਿੱਧੂ ਦੀ ਮੌਤ ਤੋਂ ਬਾਅਦ ਉਸ ਦੇ ਭਰਾ ਨਵਜੋਤ ਸਿੱਧੂ ਨੇ ਮਾਂ ਨਿਰਮਲ ਭਗਵੰਤ ਅਤੇ ਭੈਣਾਂ ਨੂੰ ਘਰੋਂ ਕੱਢ ਦਿੱਤਾ ਸੀ। ਸਿੱਧੂ ਨੇ ਲੋਕਾਂ ਸਾਹਮਣੇ ਝੂਠ ਬੋਲਿਆ ਕਿ ਜਦੋਂ ਉਹ (ਸਿੱਧੂ) ਦੋ ਸਾਲ ਦਾ ਸੀ ਤਾਂ ਉਹ ਆਪਣੇ ਮਾਪਿਆਂ ਤੋਂ ਵੱਖ ਹੋ ਗਿਆ ਸੀ। ਸੁਮਨ ਤੂਰ ਨੇ ਕਿਹਾ ਕਿ ਉਹ ਇਸ ਮੁੱਦੇ ‘ਤੇ ਨਵਜੋਤ ਸਿੱਧੂ ਨੂੰ ਮਿਲਣ ਲਈ ਉਨ੍ਹਾਂ ਦੇ ਅੰਮ੍ਰਿਤਸਰ ਸਥਿਤ ਘਰ ਗਈ ਸੀ ਪਰ ਉਨ੍ਹਾਂ ਨੇ ਗੇਟ ਨਹੀਂ ਖੋਲ੍ਹਿਆ।