ਅਜਨਾਲਾ: ਭਾਰਤ-ਪਾਕਿ ਸਰਹੱਦ ’ਤੇ ਡਰੋਨ ਦੀ ਹਲਚਲ, BSF ਦੇ ਜਵਾਨਾਂ ਨੇ ਕੀਤੀ ਫਾਇਰਿੰਗ

ਭਿੰਡੀ ਸੈਦਾ/ਅਜਨਾਲਾ – ਪੁਲਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਭਿੰਡੀ ਸੈਦਾਂ ਅਧੀਨ ਆਉਂਦੀ ਭਾਰਤ ਪਾਕਿ ਸਰਹੱਦ ਦੀ ਬੀ.ਓ.ਪੀ. ਬੁਰਜ ਵਿਖੇ ਬੀਤੀ ਰਾਤ ਬੀ.ਐੱਸ.ਐੱਫ. ਦੀ 183 ਬਟਾਲੀਅਨ ਦੇ ਜਵਾਨਾਂ ਨੂੰ ਪਾਕਿਸਤਾਨ ਵਾਲੇ ਪਾਸੇ ਤੋਂ ਆਏ ਡਰੋਨ ਦੀ ਹਲਚਲ ਦਿਖਾਈ ਦਿੱਤੀ। ਡਰੋਨ ਦੀ ਹਲਚਲ ਤੋਂ ਬਾਅਦ ਸਰਹੱਦ ’ਤੇ ਤਾਇਨਾਤ ਬੀ.ਐੱਸ.ਐੱਫ. ਦੇ ਜਵਾਨਾਂ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਡਰੋਨ ਵੱਲ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਡਰੋਨ ਦੁਬਾਰਾ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ।
ਦੱਸ ਦੇਈਏ ਕਿ ਡਰੋਨ ਦੇ ਆਉਣ ਤੋਂ ਬਾਅਦ ਬੀ.ਐੱਸ.ਐੱਫ. ਦੇ ਜਵਾਨਾਂ, ਪੁਲਸ ਅਧਿਕਾਰੀਆਂ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਇਲਾਕੇ ਦੀ ਸਰਚ ਲਗਾਤਾਰ ਜਾਰੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨ ਵਿੱਚ ਬੈਠੇ ਸਮੱਗਲਰਾਂ ਵੱਲੋਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਡਰੋਨ ਦੇ ਰਾਹੀਂ ਭਾਰਤ ਵਾਲੇ ਪਾਸੇ ਹੈਰੋਇਨ ਅਤੇ ਹੋਰ ਹਥਿਆਰ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਮੱਗਲਰਾਂ ਦੀਆਂ ਇਨ੍ਹਾਂ ਕੋਸ਼ਿਸ਼ਾਂ ਨੂੰ ਸਰਹੱਦ ’ਤੇ ਬੈਠੇ ਜਵਾਨ ਨਾਕਾਮ ਕਰ ਰਹੇ ਹਨ।