ਭਾਜਪਾ ਦਾ ਮਾਸਟਰਸਟ੍ਰੋਕ ਸਾਬਿਤ ਹੋਵੇਗੀ ਮਾਈਕ੍ਰੋ ਡੋਨੇਸ਼ਨ ਮੁਹਿੰਮ!

ਨਵੀਂ ਦਿੱਲੀ– ਕੋਰੋਨਾ ਵਾਇਰਸ ਕਾਰਨ ਭਾਜਪਾ ਚੋਣ ਸੂਬਿਆਂ ਵਿਚ ਚੋਣ ਪ੍ਰਚਾਰ ਦੀਆਂ ਪਾਬੰਦੀਆਂ ਦਰਮਿਆਨ ਵਰਕਰਾਂ ਨੂੰ ਲਾਮਬੰਦ ਕਰਨ ਅਤੇ ਜਨਤਾ ਦਰਮਿਆਨ ਪਹੁੰਚ ਵਧਾਉਣ ਲਈ ਨਵੇਂ-ਨਵੇਂ ਤਰੀਕੇ ਅਪਣਾ ਰਹੀ ਹੈ। ਇਸ ਕੜੀ ਵਿਚ ਭਾਜਪਾ ਨੇ ਲੋਕਾਂ ਨੂੰ ਪਾਰਟੀ ਨਾਲ ਸਿੱਧੇ ਜੋੜਣ ਲਈ ਉਨ੍ਹਾਂ ਕੋਲੋਂ ਪਾਰਟੀ ਲਈ ਮਾਈਕ੍ਰੋ ਡੋਨੇਸ਼ਨ ਲੈਣ ਦੀ ਯੋਜਨਾ ਬਣਾਈ ਹੈ, ਜਿਸ ਰਾਹੀਂ ਪਾਰਟੀ ਨੇ ਇਕ ਤੀਰ ਨਾਲ ਕਈ ਨਿਸ਼ਾਨੇ ਲਗਾਉਣ ਦੀ ਕੋਸ਼ਿਸ਼ ਕੀਤੀ ਹੈ।
ਇਸ ਦੇ ਲਈ ਪਾਰਟੀ ਵਰਕਰ ਘਰ-ਘਰ ਜਾ ਕੇ ਲੋਕਾਂ ਨੂੰ ਡਿਜ਼ੀਟਲ ਤਰੀਕੇ ਨਾਲ ਛੋਟੀ ਰਕਮ ਨਾਲ ਪਾਰਟੀ ਲਈ ਆਰਥਿਕ ਸਹਿਯੋਗ ਦੀ ਅਪੀਲ ਕਰਨਗੇ। ਵਰਕਰਾਂ ਨੂੰ ਵਧ ਤੋਂ ਵਧ ਲੋਕਾਂ ਨਾਲ ਸੰਪਰਕ ਕਰ ਕੇ ਪਾਰਟੀ ਲਈ ਮਾਈਕ੍ਰੋ ਡੋਨੇਸ਼ਨ ਦੇਣ ਲਈ ਕਿਹਾ ਗਿਆ ਹੈ। ਇਸ ਦੇ ਲਈ ਪਾਰਟੀ ਵਰਕਰਾਂ ਦਰਮਿਆਨ ਮੁਕਾਬਲੇਬਾਜ਼ੀ ਵਾਲਾ ਮਾਹੌਲ ਬਣਾਇਆ ਗਿਆ ਹੈ।
ਵਰਕਰਾਂ ਨੂੰ ਕਿਹਾ ਗਿਆ ਹੈ ਕਿ ਜੋ ਵਰਕਰ ਵਧ ਤੋਂ ਵਧ ਲੋਕਾਂ ਤੋਂ ਮਾਈਕ੍ਰੋ ਡੋਨੇਸ਼ਨ ਕਰਵਾਉਣਗੇ, ਉਨ੍ਹਾਂ ਨੂੰ ਨਮੋ ਐਪ ਵਿਚ ਲੀਡਰ ਬੋਰਡ ’ਤੇ ਪ੍ਰਮੁੱਖਤਾ ਨਾਲ ਦਿਖਾਇਆ ਜਾਵੇਗਾ।
ਮੁਹਿੰਮ ਨਾਲ ਜੁੜੇ ਪਾਰਟੀ ਦੇ ਯੁਵਾ ਮੋਰਚਾ ਦੇ ਇਕ ਨੇਤਾ ਨੇ ਦੱਸਿਆ ਕਿ ਇਸ ਦੇ ਲਈ ਪਾਰਟੀ ਨੇ ਨਮੋ ਐਪ ਰਾਹੀਂ ਲੋਕਾਂ ਨੂੰ 5 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਦੇ ਸਹਿਯੋਗ ਦੀ ਅਪੀਲ ਕੀਤੀ ਹੈ। ਮਾਈਕ੍ਰੋ ਡੋਨੇਸ਼ਨ ਕਰਨ ਵਾਲੇ ਲੋਕਾਂ ਵਿਚ ਪਾਰਟੀ ਦੇ ਪ੍ਰਤੀ ਆਪਣੇਪਣ ਦੀ ਭਾਵਨਾ ਮਜ਼ਬੂਤ ਹੋਵੇਗੀ। ਜੋ ਲੋਕ ਪਾਰਟੀ ਨੂੰ ਮਿਹਨਤ ਨਾਲ ਕਮਾਇਆ ਧਨ ਦੇਣਗੇ, ਉਹ ਨਿਸ਼ਚਿਤ ਤੌਰ ’ਤੇ ਪਾਰਟੀ ਦੀ ਜਿੱਤ ਲਈ ਵੀ ਸਹਿਯੋਗ ਕਰਨਗੇ। ਲੋਕਾਂ ਅਤੇ ਵਰਕਰਾਂ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਨੂੰ ਇਸਦੀ ਜਾਣਕਾਰੀ ਦੇਣ ਲਈ ਇਕ ਵੀਡੀਓ ਵੀ ਪ੍ਰਸਾਰਿਤ ਕੀਤੀ ਗਈ ਹੈ। ਇਹ ਮੁਹਿੰਮ ਭਾਜਪਾ ਦਾ ਮਾਸਟਰਸਟ੍ਰੋਕ ਸਾਬਿਤ ਹੋ ਸਕਦੀ ਹੈ।
ਇਸ ਯੋਜਨਾ ਦੀ ਸਮਾਪਤੀ 11 ਫਰਵਰੀ ਨੂੰ ਦੀਨਦਿਆਲ ਉਪਾਧਿਆਏ ਦੀ ਬਰਸੀ ਨੂੰ ਹੋਵੇਗੀ। ਪਾਰਟੀ ਦਾ ਕਹਿਣਾ ਹੈ ਕਿ ਇਸ ਦਾ ਉਦੇਸ਼ ਸਿਰਫ ਫੰਡ ਇਕੱਠਾ ਕਰਨਾ ਨਹੀਂ ਸਗੋਂ ਨਵੇਂ ਲੋਕਾਂ ਨੂੰ ਪਾਰਟੀ ਨਾਲ ਜੋੜਣਾ ਅਤੇ ਉਨ੍ਹਾਂ ਨੂੰ ਹਮਾਇਤ ਦੀ ਬੇਨਤੀ ਕਰਨਾ ਹੈ।
ਪਾਰਟੀ ਦੇ ਹੋਰ ਨੇਤਾ ਨੇ ਪਛਾਣ ਉਜਾਗਰ ਨਾ ਕਰਨ ਦੀ ਸ਼ਰਤ ’ਤੇ ਦੱਸਿਆ ਕਿ ਇਸ ਦੇ ਰਾਹੀਂ ਇਕੱਠੇ ਕਈ ਨਿਸ਼ਾਨੇ ਲਗਾਏ ਜਾਣਗੇ। ਪਾਰਟੀ ਲਈ ਚੰਦੇ ਵਾਸਤੇ ਸਿਰਫ 5 ਰੁਪਏ ਦੀ ਘੱਟੋ-ਘੱਟ ਰਕਮ ਨਿਰਧਾਰਿਤ ਕੀਤੀ ਗਈ ਹੈ। ਇਸ ਨਾਲ ਗਰੀਬ ਤੋਂ ਗਰੀਬ ਵਿਅਕਤੀ ਨੂੰ ਵੀ ਪਾਰਟੀ ਨਾਲ ਜੋੜਿਆ ਜਾ ਸਕੇਗਾ। ਡੋਨੇਸ਼ਨ ਦੇਣ ਵਾਲੇ ਵਿਅਕਤੀ ਤੱਕ ਨਮੋ ਐਪ ਦੀ ਪਹੁੰਚ ਵੀ ਹੋ ਜਾਵੇਗੀ, ਜਿਸ ਨਾਲ ਲੋਕਾਂ ਤੱਕ ਪਾਰਟੀ ਦੀ ਸਿੱਧੀ ਪਹੁੰਚ ਹੋਵੇਗੀ। ਇਸ ਤੋਂ ਇਲਾਵਾ ਡੋਨੇਸ਼ਨ ਦੇਣ ਵਾਲੇ ਵਿਅਕਤੀ ਨਾਲ ਵੀ ਸਥਾਨਕ ਵਰਕਰਾਂ ਦਾ ਸਿੱਧਾ ਸੰਪਰਕ ਸਥਾਪਤ ਹੋਵੇਗਾ।