ਪੰਜਾਬ ’ਚ ਕਾਂਗਰਸ ਖੁਦ ਇਕਜੁੱਟ ਨਹੀਂ, ਸੂਬੇ ਨੂੰ ਕਿਸ ਤਰ੍ਹਾਂ ਕਰੇਗੀ ਇਕਜੁੱਟ : ਜਸਬੀਰ ਗੜ੍ਹੀ

ਚੰਡੀਗੜ੍ਹ – ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਪੰਜਾਬ ਦੌਰੇ ਦੌਰਾਨ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਜ਼ਰੂਰ ਹੋਏ ਪਰ ਇਸ ਦੌਰਾਨ ਪਾਰਟੀ ਦੇ ਸੀਨੀਅਰ ਆਗੂਆਂ, ਜਿਨ੍ਹਾਂ ’ਚ ਕਈ ਸੰਸਦ ਮੈਂਬਰ ਸ਼ਾਮਲ ਸਨ, ਦਾ ਮੌਜੂਦ ਨਾ ਹੋਣਾ ਪੰਜਾਬ ਕਾਂਗਰਸ ’ਚ ਵੱਡੀ ਫੁੱਟ ਨੂੰ ਜ਼ਾਹਰ ਕਰਦਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਬਸਪਾ ਦੇ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਵਲੋਂ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੋਵੇਂ ਹੀ ਖ਼ੁਦ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦੀਆਂ ਕੋਸ਼ਿਸ਼ਾਂ ਕਰਦੇ ਨਜ਼ਰ ਆਏ।
ਜਸਬੀਰ ਸਿੰਘ ਗੜ੍ਹੀ ਨੇ ਕਿਹਾ ਕਿ ਜੋ ਕਾਂਗਰਸ ਪਾਰਟੀ ਖੁਦ ਇਕਜੁੱਟ ਨਹੀਂ, ਉਹ ਪੰਜਾਬ ਨੂੰ ਕਿਸ ਤਰ੍ਹਾਂ ਇਕਜੁੱਟ ਕਰ ਸਕੇਗੀ। ਬਸਪਾ ਪ੍ਰਧਾਨ ਨੇ ਕਿਹਾ ਕਿ ਸੂਬੇ ’ਚ ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਹੀ ਏਕਤਾ ਅਤੇ ਅਖੰਡਤਾ ਨਾਲ ਪੰਜਾਬ ਨੂੰ ਅੱਗੇ ਲਿਆ ਸਕਦਾ ਹੈ। ਇਸ ਦਾ ਕਾਰਨ ਇਹ ਹੈ ਕਿ ਬਾਕੀ ਸਿਆਸੀ ਪਾਰਟੀਆਂ ਸਿਰਫ਼ ਆਪਣੀ ਆਪਸੀ ਫੁੱਟ ਵਿਚ ਹੀ ਉਲਝੀਆਂ ਹੋਈਆਂ ਹਨ।