ਹਨੀ ਅਤੇ ਮਨੀ ਦੋਨੋਂ ਸਕੇ ਭਰਾ ਨਹੀਂ ਹਨ। ਹਨੀ ਦਾ ਅੰਗਰੇਜ਼ੀ ‘ਚ ਅਰਥ ਹੈ ਸ਼ਹਿਦ ਅਤੇ ਮਨੀ ਦਾ ਅੰਗਰੇਜ਼ੀ ਵਿੱਚ ਅਰਥ ਹੈ ਪੈਸਾ। ਪਿਛਲੇ ਸਮੇਂ ‘ਚ ਮਾਵਾਂ ਆਪਣੇ ਪੁੱਤਾਂ ਦਾ ਨਾਮ ਮਿੱਠੂ ਜਾਂ ਮਿੱਠਾ ਰੱਖ ਲੈਂਦੀਆਂ ਸਨ। ਸਮੇਂ ਦੇ ਆਧੁਨਿਕ ਹੋਣ ਨਾਲ ਹੁਣ ਮਾਵਾਂ ਆਪਣੇ ਪੁੱਤਾਂ ਦਾ ਨਾਮ ਹਨੀ ਰੱਖ ਦਿੰਦੀਆਂ ਹਨ। ਮਿੱਠਾ-ਮਿੱਠਾ ਹਨੀ। ਸਾਡਾ ਹਨੀ ਉਹ ਹੈ ਜਿਸ ਦੇ ਮਾਸੜ ਜੀ ਪਹਿਲਾਂ ਮੰਤਰੀ ਹੁੰਦੇ ਸਨ ਅਤੇ ਹੁਣ ਮੁੱਖ ਮੰਤਰੀ। ਬੜੇ ਸਧਾਰਣ ਵਿਅਕਤੀ ਨੇ, ਉਹ ਅਕਸਰ ਕਹਿੰਦੇ ਵੀ ਨੇ ਕਿ ਉਹ ਬਹੁਤ ਹੇਠੋਂ ਉਠ ਕੇ ਆਏ ਨੇ। ਕੱਚੇ ਘਰ ਨੂੰ ਟੋਬੇ ‘ਚੋਂ ਗਾਰਾ ਲਾਇਆ, ਪਿੰਡ ‘ਚ ਮੰਜੇ ਵੀ ਬੁਣੇ, ਟੈਂਟ ਦੀ ਦੁਕਾਨ ‘ਤੇ ਮਾਈਕ ਵੀ ਠੀਕ ਕੀਤੇ। ਸਧਾਰਣ-ਸਧਾਰਣ ਖੇਡਦੇ-ਖੇਡਦੇ ਸਿਆਸਤ ‘ਚ ਆ ਗਏ ਅਤੇ ਸਿਆਸਤ ਨੇ ਸਿਤਾਰਾ ਚੜ੍ਹਾ ਦਿੱਤਾ ਅਤੇ ਮੁੱਖ ਮੰਤਰੀ ਦੇ ਅਹੁਦੇ ਤੱਕ ਪਹੁੰਚ ਗਏ। ਕੋਈ ਮੁੱਖ ਮੰਤਰੀ ਬਣੇ ਅਤੇ ਰਿਸ਼ਤੇਦਾਰਾਂ ਦੇ ਠਾਠ ਨਾ ਹੋਣ ਇਹ ਕਿਵੇਂ ਹੋ ਸਕਦੈ? ਹੋਰ ਵੀ ਤਾਂ ਠਾਠ-ਬਾਠ ਰੱਖਦੇ ਨੇ। ਹਨੀ ਤਾਂ ਫ਼ਿਰ ਮਿੱਠਾ-ਮਿੱਠਾ ਐ, ਮਾਂ ਦਾ ਲਾਡਲਾ ਅਤੇ ਮਾਸੀ ਦਾ ਭਾਣਜਾ। ਮਾਸੜ ਜੀ ਨੇ ਵੀ ਉਸ ਨੂੰ ਮੰਤਰੀਆਂ ਵਾਲੇ ਠਾਠ-ਬਾਠ ਦੇ ਦਿੱਤੇ – ਚੱਲ ਪੁੱਤਰਾ ਮੌਜਾਂ ਕਰ – ਨਾਲੇ ਸਾਨੂੰ ਕਰਵਾ। ਹਨੀ ਨੇ ਦਰਿਆਵਾਂ ਕੰਢਿਓਂ ਰੇਤੇ ਦੀਆਂ ਖੱਡਾਂ ‘ਚੋਂ ਸ਼ਹਿਦ ਚੋਇਆ ਅਤੇ ਮਾਸੜ ਜੀ ਅੱਗੇ ਪਰੋਸ ਦਿੱਤਾ ਅਤੇ ਕੁੱਝ ਆਪਣੇ ਕੋਲ ਰੱਖ ਲਿਆ, ਪਤਾ ਨਹੀਂ ਸ਼ਾਇਦ ਸਾਰਾ ਹੀ ਆਪਣੇ ਕੋਲ ਰੱਖ ਲਿਆ। ਜਦੋਂ ਹਕੂਮਤ ਆਪਣੀ ਹੋਵੇ ਤਾਂ ਕੋਈ ਮੱਖੀ ਵੀ ਨਹੀਂ ਲੜਦੀ, ਲੜੇ ਵੀ ਕਿਉਂ ਡੰਗ ਹੀ ਕੱਢ ਦਿੱਤਾ ਜਾਂਦੈ। ਪਰ ਇੰਨਾ ਸ਼ਹਿਦ ‘ਕੱਠਾ ਕਰਨਾ ਵੀ ਚੰਗਾ ਨਹੀਂ ਹੁੰਦਾ। ਕਹਿੰਦੇ ਆ ਨਜ਼ਰ ਲੱਗ ਜਾਂਦੀ ਐ। ਮੋਦੀ ਤਾਂ ਹਮੇਸ਼ਾ ਹੀ ਕੱਬੇ ਕੰਮ ਕਰਦੈ ਸੋ ਕਰ ਦਿੱਤਾ। ਹਰ ਪਾਸੇ ਲਾ-ਲਾ ਹੋ ਗਈ – ਬਈ ਕੇਂਦਰ ਦੀ ਟੀਮ ਸ਼ਹਿਦ ਚੁੱਕ ਕੇ ਲੈ ਗਈ। ਚੰਨੀ ਕਹਿੰਦੈ ਇਹ ਸਭ ਸਿਆਸੀ ਬਦਲਾਖੋਰੀ ਐ। ਅਖੇ ਸਧਾਰਣ ਬੰਦੇ ਨੂੰ ਕੋਈ ਜਰਦਾ ਨਹੀਂ। ਗੱਲ ਸੱਚੀ ਐ ਚੰਨੀ ਸਾਹਿਬ ਦੀ, 111 ਦਿਨ ਮਿਲੇ, ਪੰਜਾਬ ਦੇ ਲੋਕਾਂ ਲਈ ਐਨੇ ਐਲਾਨ ਕੀਤੇ ਤਾਂ ਕੀ ਹੋ ਗਿਆ – ਬਈ ਥੋੜ੍ਹੀ-ਬਹੁਤੀ ਉਨ੍ਹਾਂ ਦੇ ਰਿਸ਼ਤੇਦਾਰਾਂ ਤੋਂ ਭੁੱਲ ਹੋ ਗਈ। ਕਾਂਗਰਸ ਨੂੰ ਲੱਗ ਰਿਹੈ, ਜੇਕਰ ਚੰਨੀ ਨੂੰ ਨਾ ਬਚਾਇਆ ਤਾਂ ਕੀਤੇ-ਕਰਾਏ ‘ਤੇ ਪਾਣੀ ਫ਼ਿਰ ਜੂ। ਸਿੱਧੂ ਸਾਹਿਬ ਕਹਿੰਦ ਨੇ, ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਐ।
ਹੁਣ ਮਜੀਠੀਆ ਵੀ ਮੈਦਾਨ ‘ਚ ਕੁੱਦ ਪਿਆ। ਖੋਲ੍ਹ ‘ਤੇ ਚਿੱਠੇ। ਦਿਖਾਤੀਆਂ ਫ਼ੋਟੋਆਂ ਹਨੀ ਅਤੇ ਚੰਨੀ ਦੀਆਂ, ਸੁਣਾ ‘ਤੀਆਂ ਟੇਪਾਂ, ਪੇਸ਼ ਕਰ ‘ਤੀਆਂ ਵੀਡੀਓਜ਼। ਜੋੜ ‘ਤੇ ‘ਕੱਲੇ-‘ਕੱਲੇ ਤਾਰ ਹਨੀ, ਮਨੀ ਅਤੇ ਚੰਨੀ ਦੇ। ਮਜੀਠੀਆ ਵੀ ਕੀ ਕਰਦਾ, ਉਸ ਨੂੰ ਵੀ ਤਾਂ ਪੰਜ ਸਾਲ ਡਰੱਗ ਮਾਮਲੇ ‘ਚ ਸੂਲੀ ‘ਤੇ ਟੰਗੀ ਰੱਖਿਐ ਕਾਂਗਰਸੀਆਂ ਨੇ। ਹੁਣ ਮਜੀਠੀਏ ਨੂੰ ਕੋਈ ਪੁੱਛੇ, ਬਈ ਤੇਰੀਆਂ ਤਸਵੀਰਾਂ ਵੀ ਤਾਂ ਬਹੁਤ ਸਾਰੇ ਲੋਕਾਂ ਨਾਲ ਛੱਪਦੀਆਂ ਰਹੀਆਂ ਨੇ। ਫ਼ਿਰ ਕੀ ਹੋ ਗਿਐ ਜੇਕਰ ਚੰਨੀ ਅਤੇ ਹਨੀ ਦੀ ਜੋੜੀ ਦੀਆਂ ਫ਼ੋਟੋਆਂ ਸਾਹਮਣੇ ਆ ਗਈਆਂ ਨੇ। ਰਿਸ਼ਤੇਦਾਰਾਂ ਨੂੰ ਕੋਈ ਇਹ ਤਾਂ ਕਹਿ ਨਹੀਂ ਸਕਦਾ – ਬਈ ਫ਼ੋਟੋ ਨਹੀਂ ਖਿਚਵਾਉਣੀ। ਠੀਕ ਐ, ਉਸ ਦਾ ਸਟੇਜਾਂ ‘ਤੇ ਮਾਨ ਸਨਮਾਨ ਵੀ ਹੋਇਐ, ਰਿਸ਼ਤੇਦਾਰ ਦੇ ਮਾਨ-ਸਨਮਾਨ ਕਰਾਉਣੇ ਵੀ ਕੋਈ ਮਾੜੀ ਗੱਲ ਐ। ਸੁਖਬੀਰ ਬਾਦਲ ਨੇ ਵੀ ਤਾਂ ਮਜੀਠੀਏ ਨੂੰ ਮਾਨ-ਸਨਮਾਨ ਦਿੱਤੈ।
ਚੰਨੀ ਕਹਿੰਦੈ-ਇਹ ਸਭ ਝੂਠ ਐ, ਉਸ ਦੀ ਇਮਾਨਦਾਰੀ ‘ਤੇ ਸ਼ੱਕ ਨਾ ਕੀਤਾ ਜਾਵੇ, ਪਰ ਕੇਜਰੀਵਾਲ ਕਿਥੇ ਮੰਨਣ ਵਾਲਾ, ਉਹ ਤਾਂ ਚਮਕੌਰ ਸਾਹਿਬ ਦੇ ਮਗਰ ਹੀ ਪੈ ਗਿਆ। ਕੋਈ ਪ੍ਰੋਗਰਾਮ ਦੇਖੋ, ਚਮਕੌਰ ਸਾਹਿਬ ਲੋਕ ਤਾਂ ਬਿਠਾਏ ਹੀ ਹੁੰਦੇ ਨੇ – ਕੋਈ ਕਹਿੰਦੈ ਹਸਪਤਾਲ ਠੀਕ ਨਹੀਂ, ਕੋਈ ਕਹਿੰਦੈ ਵਿਕਾਸ ਨਹੀਂ ਹੋਇਆ। ਹੁਣ ਤਾਂ ਕੇਜਰੀਵਾਲ ਨੇ ਹੱਦ ਕਰ ਦਿੱਤੀ, ਟੰਗ ਦਿੱਤੀ ਚੰਨੀ ਦੀ ਫ਼ੋਟੋ ਹਨੀ ਦੇ ਪੈਸਿਆਂ ਨਾਲ। ਹੁਣ ਚੰਨੀ ਸਾਹਿਬ ਕਹਿੰਦੇ ਨੇ ਮਾਨਹਾਨੀ ਦਾ ਦਾਅਵਾ ਕਰਾਂਗਾ। ਚੰਨੀ ਸਾਹਿਬ ਕਰੋ ਮਾਨਹਾਨੀ ਦਾ ਦਾਅਵਾ, ਅਗਲੇ ਨੇ ਵੀ ਮੁਆਫ਼ੀਨਾਮਾ ਨਾਲ ਹੀ ਲਿਖ ਕੇ ਰੱਖਿਆ ਹੋਇਐ। ਗਡਕਰੀ ਸਾਹਿਬ, ਮਰਹੂਮ ਜੇਤਲੀ ਸਾਹਿਬ ਅਤੇ ਮਜੀਠੀਆ ਸਾਹਿਬ ਤੋਂ ਵੀ ਤਾਂ ਅਗਲੇ ਨੇ ਗੋਡੇ ਟੇਕ ਮੁਆਫ਼ੀ ਮੰਗੀ ਹੀ ਸੀ, ਫ਼ਿਰ ਤੁਹਾਡੇ ਤੋਂ ਮੰਗ ਲਊ। ਕੇਜਰੀਵਾਲ ਨੇ ਤਾਂ ਇੱਕ ਵਾਰ ਫ਼ਿਰ ਸਾਨ੍ਹ ਵਾਂਗ ਬੜ੍ਹਕ ਮਾਰ ਦਿੱਤੀ ਐ, ਫ਼ਿਰ ਗਊ ਦਾ ਜਾਇਆ ਕਹਿ ਕੇ ਮੋਕ ਮਾਰ ਦਊ। ਕੋਈ ਫ਼ਰਕ ਨਹੀਂ ਪੈਂਦਾ।
ਕਹਿੰਦੇ ਨੇ ਘਿਓ ਟੇਢੀ ਉਂਗਲ ਨਾਲ ਕੱਢਿਆ ਜਾਂਦੈ, ਸ਼ਹਿਦ ਲਈ ਤਾਂ ਸਿੱਧੀ ਉਂਗਲ ਨਾਲ ਵੀ ਚੱਲ ਜਾਂਦਾ। ਕਈ ਲੋਕ ਹਥੇਲੀ ‘ਤੇ ਪਾ ਕੇ ਵੀ ਚੱਟਣ ਲੱਗ ਜਾਂਦੇ ਨੇ, ਇਸ ਨਾਲ ਕਈ ਵਾਰ ਮੁੱਛ-ਦਾੜ੍ਹੀ ਵੀ ਲਿਬੜ ਜਾਂਦੀ ਐ, ਪਰ ਜੇਕਰ ਸ਼ਹਿਦ ਕਪੜਿਆਂ ਨੂੰ ਲੱਗ ਜਾਵੇ ਤਾਂ ਮੱਖੀਆਂ ਭਿਣਕਣ ਲੱਗਦੀਆਂ ਨੇ।
ਦਰਸ਼ਨ ਸਿੰਘ ਦਰਸ਼ਕ
98555-0891