ਕਰਾਚੀ – ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਦਾ ਸਾਲ ਦਾ ਸਰਵਸ੍ਰੇਸ਼ਠ ਪੁਰਸ਼ ਕ੍ਰਿਕਟਰ (2021) ਬਣਨ ਵਾਲੇ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫ਼ਰੀਦੀ ਨੇ ਕਿਹਾ ਕਿ ਉਸ ਦਾ ਸਭ ਤੋਂ ਯਾਦਗਾਰ ਪ੍ਰਦਰਸ਼ਨ ਪਿਛਲੇ ਸਾਲ T-20 ਵਿਸ਼ਵ ਕੱਪ ‘ਚ ਭਾਰਤ ਵਿਰੁੱਧ ਮੈਚ ‘ਚ ਰਿਹਾ ਹੈ ਜਿਸ ਵਿੱਚ ਉਸ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ ਸਨ। ਅਫ਼ਰੀਦੀ ਨੇ ਇਸ ਮੈਚ ਵਿੱਚ ਰੋਹਿਤ ਸ਼ਰਮਾ ਅਤੇ ਲੋਕੇਸ਼ ਰਾਹੁਲ ਨੂੰ ਪਵੇਲੀਅਨ ਭੇਜਣ ਤੋਂ ਬਾਅਦ ਵਿਰਾਟ ਕੋਹਲੀ ਦਾ ਵਿਕਟ ਵੀ ਹਾਸਿਲ ਕੀਤਾ ਸੀ। ਉਸ ਦੀ ਟੀਮ ਨੇ ਇਸ ਮੈਚ ਨੂੰ 10 ਵਿਕਟਾਂ ਨਾਲ ਜਿੱਤਿਆ ਸੀ।
ਸ਼ਾਹੀਨ ਨੇ ਕਿਹਾ, ”ਮੈਂ ਟੈੱਸਟ ‘ਚ ਕਈ ਵਾਰ ਪੰਜ ਵਿਕਟਾਂ ਹਾਸਿਲ ਕਰਨ ਦੇ ਨਾਲ ਹੀ ਵਧੀਆ ਪ੍ਰਦਰਸ਼ਨ ਕੀਤਾ ਹੈ। ਮੇਰੇ ਲਈ ਹਾਲਾਂਕਿ ਸਭ ਤੋਂ ਯਾਦਗਾਰ ਮੈਚ ਉਹ ਹੈ ਜਿਸ ਵਿੱਚ ਅਸੀਂ ਭਾਰਤ ਵਿਰੁੱਧ ਜਿੱਤ ਦਰਜ ਕੀਤੀ ਸੀ। ਮੇਰੇ ਲਈ ਪਿਛਲਾ ਸਾਲ ਸ਼ਾਨਦਾਰ ਰਿਹਾ ਅਤੇ ਉਮੀਦ ਹੈ ਕਿ ਤੁਸੀਂ 2022 ਵਿੱਚ ਵੀ ਮੇਰਾ ਸ਼ਾਨਦਾਰ ਪ੍ਰਦਰਸ਼ਨ ਦੇਖੋਗੇ।”ਅਫ਼ਰੀਦੀ ਨੇ ਭਾਰਤ ਦੇ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਦੇ ਵਿਕਟ ਨੂੰ T-20 ਵਿਸ਼ਵ ਕੱਪ ‘ਚ ਆਪਣਾ ਸਭ ਤੋਂ ਬੇਸ਼ਕੀਮਤੀ ਵਿਕਟ ਦੱਸਿਆ। ਉਸ ਨੇ ਕਿਹਾ, ”ਗੇਂਦ ਥੋੜੀ ਹਰਕਤ ਕਰ ਰਹੀ ਸੀ ਅਤੇ ਅਸੀਂ ਜਾਣਦੇ ਸੀ ਕਿ ਰੋਹਿਤ ਨੂੰ ਜਲਦੀ ਆਊਟ ਕਰ ਸਕਦੇ ਹਾਂ, ਪਰ ਜਿਸ ਗੇਂਦ ‘ਤੇ ਰਾਹੁਲ ਆਊਟ ਹੋਇਆ ਉਸ ਗੇਂਦ ਨੇ ਮੈਨੂੰ ਵੀ ਹੈਰਾਨ ਕਰ ਦਿੱਤਾ।