ਚੰਡੀਗੜ੍ਹ : ਆਮ ਆਦਮੀ ਪਾਰਟੀ ਦਾ ਸੀ. ਐੱਮ. ਚਿਹਰਾ ਐਲਾਨੇ ਗਏ ਭਗਵੰਤ ਮਾਨ ਵੱਲੋਂ ਇੱਥੇ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ‘ਚੋਂ ਨਿਕਲੀ ਹੋਈ ਪਾਰਟੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਵਿਧਾਨ ਸਭਾ ਚੋਣਾਂ ਦੌਰਾਨ ਵੱਡੇ-ਵੱਡੇ ਆਗੂਆਂ ਅਤੇ ਧਨਾਢਾਂ ਨੂੰ ਆਮ ਆਦਮੀ ਪਾਰਟੀ ਦੇ ਨੌਜਵਾਨ ਹਰਾ ਦੇਣਗੇ।
ਇਸ ਮੌਕੇ ਉਨ੍ਹਾਂ ਨੇ ਕਾਂਗਰਸ ਪਾਰਟੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਪੰਜਾਬ ਦੀ ਸਿਆਸਤ ਨੂੰ ਕਦੇ ਪਰਿਵਾਰਵਾਦ ‘ਚੋਂ ਨਿਕਲਣ ਹੀ ਨਹੀਂ ਦਿੱਤਾ ਅਤੇ ਹੁਣ ਵੀ ਪਾਰਟੀ ਵੱਲੋਂ ਦਿੱਤੀਆਂ ਟਿਕਟਾਂ ‘ਚ ਪਰਿਵਾਰਵਾਦ ਸਾਫ਼ ਤੌਰ ‘ਤੇ ਦਿਖਾਈ ਦੇ ਰਿਹਾ ਹੈ। ਉੁਨ੍ਹਾਂ ਕਿਹਾ ਕਿ ਕਾਂਗਰਸ ਹਮੇਸ਼ਾ ਇਹ ਗੱਲ ਕਹਿੰਦੀ ਹੈ ਕਿ ਯੂਥ ਨੂੰ ਅੱਗੇ ਆਉਣਾ ਚਾਹੀਦਾ ਹੈ ਪਰ ਪਾਰਟੀ ਨੇ ਖ਼ੁਦ ਹੀ ਯੂਥ ਲਈ ਦਰਵਾਜ਼ੇ ਬੰਦ ਕੀਤੇ ਹੋਏ ਹਨ।
ਉੁਨ੍ਹਾਂ ਕਿਹਾ ਕਿ ਇਸ ਵਾਰ ਖ਼ੁਦ ਨੂੰ ਸੀਜ਼ਨਲ ਸਿਆਸਤਦਾਨ ਕਹਾਉਣ ਵਾਲੇ ਆਗੂਆਂ ਨੂੰ 30-35 ਸਾਲਾਂ ਦੇ ਨੌਜਵਾਨ ਹਰਾਉਣਗੇ। ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਨਿਸ਼ਾਨਾ ਸਾਧਦਿਆਂ ਭਗਵੰਤ ਮਾਨ ਨੇ ਕਿਹਾ ਕਿ ਲੋਕ ਕਾਂਗਰਸ ਤੋਂ ਇੰਨਾ ਪਰੇਸ਼ਾਨ ਹਨ ਕਿ ਰਾਹੁਲ ਗਾਂਧੀ ਦੇ ਆਉਣ ‘ਤੇ ਲੋਕਾਂ ਨੇ ਦੁਕਾਨਾਂ ਹੀ ਬੰਦ ਕਰ ਲਈਆਂ ਹਨ ਪਰ ਮਾਰਚ ਮਹੀਨੇ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ‘ਤੇ ਕਿਸੇ ਨੂੰ ਦੁਕਾਨਾਂ ਬੰਦ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ 20 ਫਰਵਰੀ ਨੂੰ ਲੋਕ ਝਾੜੂ ਵਾਲਾ ਬਟਨ ਦੱਬ ਕੇ ਕਾਂਗਰਸ ਦੀ ਦੁਕਾਨ ਬੰਦ ਕਰ ਦੇਣਗੇ।