ਦੁਬਈ – ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੂੰ ਸਾਲ ਦਾ ਸਰਵਸ੍ਰੇਸ਼ਠ ICC ਵਨ ਡੇ ਕ੍ਰਿਕਟਰ ਚੁਣਿਆ ਗਿਆ ਜਿਸ ਨੇ 2021 ‘ਚ ਛੇ ਮੈਚਾਂ ਵਿੱਚ 67.50 ਦੀ ਔਸਤ ਨਾਲ 405 ਦੌੜਾਂ ਬਣਾਈਆਂ। ਆਜ਼ਮ ਨੇ ਦੱਖਣੀ ਅਫ਼ਰੀਕਾ ਖ਼ਿਲਾਫ਼ 2-1 ਨਾਲ ਮਿਲੀ ਜਿੱਤ ਵਿੱਚ 228 ਦੌੜਾਂ ਬਣਾਈਆਂ ਅਤੇ ਦੋਹਾਂ ਮੈਚਾਂ ‘ਚ ਜਿੱਤ ‘ਚ ਪਲੇਅਰ ਔਫ਼ ਦਾ ਮੈਚ ਚੁਣਿਆ ਗਿਆ। ਪਹਿਲੇ ਵਨ ਡੇ ‘ਚ ਉਸ ਨੇ ਸੈਂਕੜਾ ਲਗਾਇਆ ਅਤੇ ਆਖ਼ਰੀ ਵਨ ਡੇ ਵਿੱਚ 82 ਗੇਂਦਾਂ ਵਿੱਚ 84 ਦੌੜਾਂ ਦੀ ਪਾਰੀ ਖੇਡੀ। ਇੰਗਲੈਂਡ ਖ਼ਿਲਾਫ਼ 0-3 ਨਾਲ ਮਿਲੀ ਹਾਰ ‘ਚ ਪਾਕਿਸਤਾਨ ਲਈ ਇਕੱਲੇ ਹੀ ਡੱਟ ਕੇ ਬੱਲੇਬਾਜ਼ੀ ਕਰਦਾ ਰਿਹਾ।
ਉਸ ਨੇ ਤਿੰਨ ਮੈਚਾਂ ਵਿੱਚ 177 ਦੌੜਾਂ ਬਣਾਈਆਂ, ਪਰ ਦੂਜੇ ਸਿਰੇ ਤੋਂ ਸਹਿਯੋਗ ਨਹੀਂ ਮਿਲ ਸਕਿਆ। ਆਖ਼ਰੀ ਵਨਡੇ ‘ਚ ਉਸ ਨੇ ਇਮਾਮੁਲ ਹੱਕ ਨਾਲ 92 ਦੌੜਾਂ ਦੀ ਸਾਂਝੇਦਾਰੀ ਕੀਤੀ। ਉਨ੍ਹਾਂ ਨੇ ਪਹਿਲਾਂ 50 ਦੌੜਾਂ 72 ਗੇਂਦਾਂ ‘ਚ ਅਤੇ ਅਗਲੀਆਂ 50 ਦੌੜਾਂ 32 ਗੇਂਦਾਂ ਵਿੱਚ ਪੂਰੀਆਂ ਕੀਤੀਆਂ ਜੋ ਇਸ ਸਾਲ ਉਸ ਦਾ ਦੂਜਾ ਸੈਂਕੜਾ ਸੀ। ਉਥੇ ਹੀ ਦੱਖਣੀ ਅਫ਼ਰੀਕਾ ਦੇ ਮਰਾਈਸ ਇਰਾਸਮਸ ਨੂੰ ਤੀਜੀ ਵਾਰ ਸਾਲ ਦਾ ਸਰਵਸ੍ਰੇਸ਼ਠ ਅੰਪਾਇਰ ਚੁਣਿਆ ਗਿਆ। ਉਹ 2016 ਅਤੇ 2017 ਵਿੱਚ ਵੀ ਇਹ ਪੁਰਸਕਾਰ ਜਿੱਤ ਚੁੱਕੇ ਹਨ। ਉਹ ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਹਾਲ ਹੀ ਵਿੱਚ ਸਮਾਪਤ ਹੋਈ ਸੀਰੀਜ਼ ‘ਚ ਵੀ ਅੰਪਾਇਰ ਸਨ।