ਕੇਪਟਾਊਨ – ਦੱਖਣੀ ਅਫ਼ਰੀਕਾ ਖ਼ਿਲਾਫ਼ ਤੀਜੇ ਵਨਡੇ ਮੈਚ ‘ਚ ਹੌਲੀ ਓਵਰ ਰੇਟ ਲਈ ਭਾਰਤੀ ਟੀਮ ਦੇ ਖਿਡਾਰੀਆਂ ‘ਤੇ ਮੈਚ ਫ਼ੀਸ ਦਾ 40 ਫ਼ੀਸਦੀ ਜੁਰਮਾਨਾ ਲਗਾਇਆ ਗਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ICC ਨੇ ਦੱਸਿਆ ਕਿ ਲੋਕੇਸ਼ ਰਾਹੁਲ ਦੀ ਟੀਮ ਨੇ ਨਿਰਧਾਰਿਤ ਸਮੇਂ ‘ਚ ਦੋ ਓਵਰ ਘੱਟ ਗੇਂਦਬਾਜ਼ੀ ਕੀਤੀ ਸੀ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਚ ਰੈਫ਼ਰੀ ਐਂਡੀ ਪਾਈਕ੍ਰੌਫ਼ਟ ਨੇ ਇਹ ਜੁਰਮਾਨਾ ਤੈਅ ਕੀਤਾ।
ICC ਵਲੋਂ ਜਾਰੀ ਬਿਆਨ ਮੁਤਾਬਿਕ, ”ਖਿਡਾਰੀਆਂ ਅਤੇ ਟੀਮ ਦੇ ਸਹਿਯੋਗੀ ਮੈਂਬਰਾਂ ਲਈ ICC ਜ਼ਾਬਤੇ ਦੀ ਧਾਰਾ 2.22 (ਘੱਟੋ-ਘੱਟ ਓਵਰ-ਰੇਟ ਜੁਰਮਾਨੇ ਨਾਲ ਸਬੰਧਤ) ਅਨੁਸਾਰ ਹਰੇਕ ਓਵਰ ‘ਚ ਦੇਰੀ ਲਈ ਖਿਡਾਰੀਆਂ ਦੀ ਮੈਚ ਫ਼ੀਸ ਦਾ 20 ਫ਼ੀਸਦੀ ਜੁਰਮਾਨਾ ਲਗਾਇਆ ਗਿਆ ਹੈ।”ਰਾਹੁਲ ਨੇ ਇਸ ਦੋਸ਼ ਨੂੰ ਸਵੀਕਾਰ ਕਰ ਲਿਆ, ਇਸ ਲਈ ਰਸਮੀ ਸੁਣਵਾਈ ਦੀ ਕੋਈ ਲੋੜ ਨਹੀਂ ਪਈ।”
ਮੈਦਾਨੀ ਅੰਪਾਇਰ ਮਰਾਈਸ ਇਰਾਸਮਸ ਅਤੇ ਬੋਂਗਾਨੀ ਜੇਲੇ ਤੋਂ ਇਲਾਵਾ ਤੀਜੇ ਅੰਪਾਇਰ ਅਲਾਉਦੀਨ ਪਾਲੇਕਰ ਅਤੇ ਚੌਥੇ ਅੰਪਾਇਰ ਐਡਰੀਅਨ ਹੋਲਡਸਟੌਕ ਨੇ ਮੈਚ ਤੋਂ ਬਾਅਦ ਇਹ ਦੋਸ਼ ਲਾਏ ਸਨ। ਦੱਖਣੀ ਅਫ਼ਰੀਕਾ ਨੇ ਇਹ ਮੈਚ 4 ਦੌੜਾਂ ਨਾਲ ਜਿੱਤ ਕੇ 3 ਮੈਚਾਂ ਦੀ ਸੀਰੀਜ਼ ਵਿੱਚ 3-0 ਦੀ ਸ਼ਾਨਦਾਰ ਜਿੱਤ ਦਰਜ ਕੀਤੀ।