ਨਿੰਦਰ ਘੁਗਿਆਣਵੀ
9417421700
ਦੇਵ ਬਾਪੂ ਦੱਸ ਨਾ ਗਿਓਂ!
ਹਾਲੇ ਪਰਸੋਂ ਚੌਥ ਦੀ ਗੱਲ ਹੈ ਲੈਪ ਟੌਪ ਫ਼ਰੋਲ ਰਿਹਾ ਸਾਂ, ਬਾਪੂ ਦੇਵ ਥਰੀਕੇ ਵਾਲੇ ਨਾਲ ਕਈ ਫ਼ੋਟੋਆਂ ਮੂਹਰੇ ਆਈਆਂ ਅਤੇ ਆਲੋਪ ਹੋ ਗਈਆਂ। ਮਨ ਬਣਾਇਆ ਕਿ ਅਗਲੇ ਹਫ਼ਤੇ ਲੁਧਿਆਣੇ ਗੇੜੀ ‘ਤੇ ਬਾਪੂ ਦੇਵ ਜੀ ਦੇ ਦਰਸ਼ਨ ਕਰਾਂਗੇ, ਹੁਣ ਤਾਂ ਸਤੀਸ਼ ਗੁਲਾਟੀ ਵੀ ਕੈਨੇਡਾ ਤੋਂ ਵਾਪਿਸ ਆ ਗਿਆ ਹੋਇਆ ਹੈ, ਸਤੀਸ਼ ਨਾਲ ਉਹਦੀ ਕਾਰ ‘ਚ ਚਲਾ ਜਾਵਾਂਗਾ। ਸਤੀਸ਼ ਗੁਲਾਟੀ ਦੇਵ ਥਰੀਕਿਆਂ ਵਾਲੇ ਦਾ ਗੁਆਂਢੀ ਹੈ ਅਤੇ ਦੇਵ ਨੇ ਹੀ ਉਹਨੂੰ ਆਪਣੇ ਨੇੜੇ ਥਰੀਕੇ ਪਿੰਡ ‘ਚ ਘਰ ਲੱਭ ਕੇ ਦਿੱਤਾ ਸੀ। ਮੈਂ ਅਤੇ ਨਿਰਮਲ ਜੌੜਾ ਨੇ ਦੇਵ ਥਰੀਕਿਆਂ ਵਾਲੇ ਨੂੰ ਅੰਕਲ ਕਹਿ ਕੇ ਕਦੇ ਨਹੀਂ ਸੀ ਬੁਲਾਇਆ, ਬਾਪੂ ਹੀ ਆਖਦੇ ਸਾਂ। ਹੋਰ ਵੀ ਬਥੇਰੇ ਉਹਨੂੰ ਬਾਪੂ ਹੀ ਆਖਦੇ ਸਨ ਅਤੇ ਮਾਣਕ ਵੀ ਬਾਪੂ ਈ ਕਹਿੰਦਾ ਹੁੰਦਾ ਸੀ। ਉਹ ਲੋਕ ਗਾਥਾਵਾਂ, ਗੀਤਾਂ ਅਤੇ ਕਲੀਆਂ ਦਾ ਬਾਪੂ ਹੀ ਤਾਂ ਸੀ।
ਕੁੱਝ ਦਿਨ ਪਹਿਲਾਂ ਹੀ ਸਤੀਸ਼ ਗੁਲਾਟੀ ਵਲੋਂ ਭੇਜਿਆ ਆਪਣੀ ਚਿੱਠੀਆਂ ਦੀ ਕਿਤਾਬ ਦੇ ਖਰੜੇ ਦੇ ਪਰੂਫ਼ ਪੜ੍ਹ ਰਿਹਾ ਸਾਂ ਤਾਂ ਦੇਵ ਬਾਪੂ ਦੀਆਂ ਉਹਦੇ ‘ਚ ਮੋਹ ਭਿੱਜੀਆਂ ਹਾਕਾਂ ਮਾਰਦੀਆਂ ਚਾਰ ਚਿੱਠੀਆਂ ਥਿਆਈਆਂ। ਹੁਣ ਚਿੱਠੀਆਂ ਵੇਖ ਰਿਹਾਂ। ਤੇਰੀ ਮੋਤੀਆਂ ਵਰਗੀ ਲਿਖਾਈ। ਵਾਹ ਓ ਬਾਪੂ, ਤੇਰੇ ਆਖਰੀ ਦੀਦਾਰੇ ਵੀ ਮੇਰੇ ਭਾਗਾਂ ‘ਚ ਨਹੀਂ ਸਨ। ਪਿੰਡ ਬੈਠਾ ਅੱਖਾਂ ਭਰ ਰਿਹਾਂ। ਤੈਨੂੰ ਭਰੇ ਮਨ ਨਾਲ ਚੇਤੇ ਕਰ ਰਿਹਾਂ। ਫ਼ੇਰ ਕਦ ਫ਼ੇਰਾ ਪਾਵੇਂਗਾ ਪੰਜਾਬੀ ਗੀਤਾਂ ਦੇ ਸਰਵਣ ਪੁੱਤਰਾ, ਦੇਵ ਥਰੀਕਿਆਂ ਵਾਲਿਆ? ਕਦ ਲਿਖੇਂਗਾ, ”ਛੇਤੀ ਕਰ ਸਰਵਣ ਪੁੱਤਰਾ, ਪਾਣੀ ‘ਤੇ ਪਿਲਾਦੇ ਓਏ ਅਤੇ ਕਦ ਲਿਖੇਂਗਾ, ”ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ” ਜਿਹੇ ਪਿਆਰੇ ਪਿਆਰੇ ਗੀਤ? ਪੁਰਾਣਿਆਂ ਗੀਤਕਾਰਾਂ ਚੋਂ ਜਦ ਹਸਨਪੁਰੀ ਤੁਰਿਆ ਸੀ ਤਾਂ ਪੰਜਾਬੀ ਗੀਤਕਾਰੀ ਦੇ ਸਰੋਵਰ ਦਾ ਕੰਢਾ ਖੁਰਿਆ ਸੀ, ਅਤੇ ਹੁਣ ਦੇਵ ਥਰੀਕਿਆਂ ਵਾਲੇ ਦੇ ਤੁਰ ਜਾਣ ਨਾਲ ਗੀਤਾਂ ਦਾ ਸਰੋਵਰ ਹੀ ਖ਼ਾਮੋਸ਼ ਹੋ ਗਿਆ ਹੈ। ਸਹਿਮ ਗਿਐ ਅਤੇ ਲੈ ਦੇ ਕੇ ਪੁਰਾਣਿਆਂ ਚੋਂ ਬਾਬੂ ਸਿੰਘ ਮਾਨ ਮਰਾੜਾਂ ਵਾਲਾ ਹੀ ਸਾਡੇ ਕੋਲ ਬਾਕੀ ਹੈ।
***
ਦੇਵ ਥਰੀਕਿਆਂ ਵਾਲੇ ਨਾਲ ਮੇਰੀ ਪਹਿਲੀ ਵਾਰੀ ਮੁਲਾਕਾਤ ਸੰਨ 1990 ‘ਚ ਜਗਦੇਵ ਸਿੰਘ ਜੱਸੋਵਾਲ ਨੇ ਸਾਡੇ ਗੁਆਂਢੀ ਪਿੰਡ ਗੋਲੇਵਾਲੇ ਉਸਤਾਦ ਯਮਲਾ ਜੀ ਦਾ ਬੁੱਤ ਲਗਵਾਉਣ ਵੇਲੇ ਕਰਵਾਈ ਸੀ। ਸੰਤ ਸਿੰਘ ਸੇਖੋਂ ਵੀ ਆਏ ਸਨ। ਕੰਵਲ ਸਾਹਬ, ਹਸਨਪੁਰੀ ਅਤੇ ਦੇਵ ਜੀ। ਬਸ, ਓਦਣ ਤੋਂ ਲੈ ਕੇ ਹੁਣ ਤੀਕ ਬਾਪੂ ਦੇਵ ਦੇ ਸੰਪਰਕ ‘ਚ ਲਗਾਤਾਰ ਰਿਹਾਂ।
***
ਦੇਵ ਥਰੀਕਿਆਂ ਵਾਲਾ ਹਰਦੇਵ ਦਿਲਗੀਰ ਦੇ ਨਾਂ ਹੇਠ ਬਾਲ ਸਾਹਿਤ ਲਿਖ ਲਿਖ ਅਖਬਾਰਾਂ ‘ਚ ਛਪਵਾਉਂਦਾ ਰਿਹਾ। ਕਿਤਾਬਾਂ ਦੇ ਢੇਰ ਉਹਦੇ ਕਮਰੇ ‘ਚ ਹਮੇਸ਼ਾ ਲੱਗੇ ਰਹੇ। ਅੱਖਾਂ ਦਾ ਔਪ੍ਰੇਸ਼ਨ ਕਰਵਾ ਕੇ ਵੀ ਪੜ੍ਹਨੋਂ ਲਿਖਣੋ ਪ੍ਰਹੇਜ਼ ਨਾ ਕਰਦਾ। ਮੰਗਵਾ ਮੰਗਵਾ ਤੇ ਲੱਭ ਲੱਭ ਕੇ ਕਿਤਾਬਾਂ ਪੜ੍ਹਨੀਆਂ ਦੇਵ ਦੇ ਬਚਪਨ ਦਾ ਭੁੱਸ ਸੀ। ਦਸ ਕੁ ਸਾਲ ਹੋਏ। ਇੱਕ ਦਿਨ ਕਹਿੰਦਾ, ”ਪੁੱਤਰਾ, ਮੈਂ ਬਲਵੰਤ ਗਾਰਗੀ ਦੀ ਵਾਰਤਕ ਦਾ ਸ਼ੈਦਾਈ ਆਂ, ਜੇ ਅੱਜ ਉਹ ਜਿਊਂਦਾ ਹੁੰਦਾ ਤਾਂ ਮੈਂ ਉਹਦੇ ਕੋਲ ਜਾ ਕੇ ਜ਼ਰੂਰ ਕਹਿੰਦਾ ਕਿ ਮੇਰੇ ਬਾਰੇ ਵੀ ਰੌਚਕ ਲੰਬਾ ਰੇਖਾ ਚਿਤਰ ਲਿਖਦੇ ਯਾਰ ਗਾਰਗੀ, ਪਰ ਹੁਣ ਗਾਰਗੀ ਹੈਨੀ, ਪੁੱਤਰਾ, ਤੂੰ ਲਿਖਦੇ ਬੁੜੇ ਬਾਰੇ ਲੰਬਾ ਰੇਖਾ ਚਿਤਰ ਅਤੇ ਸ਼ੁਸ਼ੀਲ ਦੁਸਾਂਝ ਦੇ ਰਸਾਲੇ (ਜਿਸ ਦਾ ਨਾਮ ‘ਹੁਣ’ ਸੀ) ‘ਚ ਛਪਵਾਦੇ ਯਾਰ, ਆਹ ਵੇਖ ਰੱਖੀਆਂ ਹੋਈਆਂ ਨੇ ਸਿਰਹਾਣੇ ਗਾਰਗੀ ਦੀ ਸ਼ਰਬਤ ਦੀਆਂ ਘੁੱਟਾਂ।”
ਮੈਂ ਹੱਸ ਕੇ ਟਾਲਿਆ। ਬਾਪੂ ਮੇਰੀ ਕਲਮ ਦੀ ਪਕੜ ‘ਚ ਨਹੀਂ ਸੀ ਆ ਰਿਹਾ। ਉਹਦੀ ਸ਼ਖਸੀਅਤ ਦਾ ਖਚਰਾਪਣ ਲੱਭ ਹੀ ਨਹੀਂ ਸੀ ਰਿਹਾ ਮੈਨੂੰ। ਰੇਖਾ ਚਿਤਰ ਲਿਖਣ ਵਾਸਤੇ ਕਿਸੇ ਦੀ ਸ਼ਖ਼ਸੀਅਤ ਦਾ ਭੋਰਾ ਖਚਰਾ ਕਚਰਾ ਲੱਭੇ! ਜਦ ਬਾਪੂ ਮਿਲਦਾ, ਉਲਾਂਭਾ ਪੈਰ ‘ਤੇ ਪਿਆ ਹੁੰਦਾ, ”ਓ ਲਿਖਦੇ ਪਤੰਦਰਾ ਹੁਣ ਤਾਂ ਰੇਖਾ ਚਿਤਰ, ਯਾਰ ਗੁਲਾਟੀ ਤੂੰ ਕਰ ਸਿਫ਼ਾਰਿਸ਼ ਤੇਰੀ ਨੀ ਮੋੜਦਾ ਏਹੇ, ਫ਼ੇਰ ਏਹੇ ਮਰੇ ਉੱਤੇ ਲਿਖੂਗਾ।”ਖੈਰ! ਲਿਖਿਆ ਗਿਆ ਬਾਪੂ ਬਾਰੇ। ਬੜੀ ਥਾਈਂ ਛਪਿਆ। ਲੋਕਾਂ ਨੇ ਪਸੰਦ ਕੀਤਾ। ਬਾਪੂ ਬੜਾ ਖ਼ੁਸ਼ ਸੀ। ਬਾਪੂ ਦੇਵ ਜੀ ਦੀ ਚਾਹਤ ਸੀ ਕਿ ਨਿੰਦਰ ਅਤੇ ਜੌੜਾ ਉਹਦੇ ਬਾਰੇ ਇੱਕ ਸਾਂਝੀ ਕਿਤਾਬ ਲਿਖਣ। ਜੌੜਾ ਨੇ ਲੋਕਾਂ ਤੋਂ ਲੇਖ ਇੱਕਠੇ ਕਰ ਕੇ ਕਿਤਾਬ ਛਾਪ ਦਿਤੀ, ਮੇਰਾ ਵੀ ਇੱਕ ਛੋਟਾ ਲੇਖ ਸ਼ਾਮਿਲ ਸੀ ਉਸ ਵਿੱਚ, ਪਰ ਦੇਵ ਥਰੀਕੇ ਵਾਲੇ ਦੇ ਗੀਤਾਂ ਦਾ ਲੇਖਾ ਜੋਖਾ ਤੇ ਉਸ ਦੀ ਸ਼ਖਸੀਅਤ ਬਾਰੇ ਲਿਖਣਾ, ਕਾਫ਼ੀ ਕੁੱਝ ਰਹਿ ਗਿਆ ਸੀ। ਮੈਂ ਅਤੇ ਜੌੜਾ ਪੂਰਾ ਕੰਮ ਕਰਨ ਦੀਆਂ ਸਲਾਹਾਂ ਕਰਦੇ ਰਹਿ ਗਏ, ਸਮਾਂ ਮੀਤ ਨਾ ਬਣਿਆ ਸਾਡਾ, ਜਾਂ ਫ਼ਿਰ ਅਸੀਂ ਸਮੇਂ ਦੇ ਹਾਣੀ ਨਾ ਹੋ ਸਕੇ।
****
ਮੈਨੂੰ ਚੇਤੇ ਹੈ, ਦੇਰ ਦੀ ਗੱਲ ਐ, ਜੱਜ ਦਾ ਅਰਦਲੀ ਪੜ੍ਹ ਕੇ ਬਾਪੂ ਦੇਵ ਨੇ ਲੰਬੀ ਚਿਠੀ ਲਿਖੀ ਸੀ। ਉਹ ਅਕਸਰ ਪੋਸਟ ਕਾਰਡ ਲਿਖਦੇ ਸਨ ਅਤੇ ਮੇਰੇ ਕੋਲ ਸਾਂਭੇ ਪਏ ਨੇ। ਜਦ ਜਦ ਵੀ ਮੈਂ ਕਰਨੈਲ ਸਿੰਘ ਪਾਰਸ, ਉਸਤਾਦ ਯਮਲਾ ਜੱਟ, ਜੱਸੋਵਾਲ, ਹੰਸ ਆਦਿ ਬਾਰੇ ਆਪਣੀਆਂ ਪੁਸਤਕਾਂ ਛਪਵਾਈਆਂ, ਤਦ ਤਦ ਬਾਪੂ ਦੇਵ ਨੇ ਇਨਾਂ ਹਸਤੀਆਂ ਬਾਰੇ ਆਪਣੀਆਂ ਮਿੱਠੀਆਂ ਯਾਦਾਂ ਕਲਮਬਧ ਕਰ ਕੇ ਡਾਕ ਰਾਹੀਂ ਭੇਜੀਆਂ। ਇੱਕ ਥਾਂ ਉਸ ਨੇ ਲਿਖਿਆ ਸੀ ਕਿ ਉਹ ਪਹਿਲੀ ਵਾਰੀ ਗੀਤਾਂ ਦੀ ਕਾਪੀ ਚੁਕ ਕੇ ਯਮਲਾ ਜੀ ਕੋਲ ਗਿਆ ਤਾਂ ਉਨਾਂ ਅਗੋਂ ਨਰਿੰਦਰ ਬੀਬਾ ਕੋਲ ਘੱਲ ਦਿੱਤਾ। ਬੀਬਾ ਨੇ ਗੀਤ ਰਿਕਾਰਡ ਕਰਵਾਇਆ। ਫ਼ਿਰ ਮਾਣਕ ਨਾਲ ਮੇਲ ਈਸਾਪੁਰ ਵਾਲੇ ਮਾਸਟਰ ਜੀ ਨੇ ਕਰਵਾ ਦਿਤਾ। ਦੇਵ ਦੇਵ ਹੋਗੀ ਚਾਰੇ ਪਾਸੇ। ਅਜ ਉਹਦੇ ਜਗਤ ਉੱਤੋਂ
ਤੁਰਨ ਵੇਲੇ ਵੀ ਦੇਵ ਦੇਵ ਹੋ ਰਹੀ ਹੈ। ਪੰਜਾਬ ਦਾ ਗੀਤ ਉਦਾਸ ਹੋ ਗਿਐ, ਅਤੇ ਪੰਜਾਬੀ ਸਰੋਤਾ ਨਿਰਾਸ਼! ਬਾਪੂ ਦੇਵ ਥਰੀਕਿਆਂ ਵਾਲਿਆ, ਛੇਤੀ ਮੁੜ ਆਈਂ ਅਤੇ ਕੋਈ ਅਲੋਕਾਰਾ ਜਿਹਾ ਗੀਤ ਲਿਖ ਕੇ ਆਪਣੇ ਪਰਤ ਆਉਣ ਦੀ ਖ਼ਬਰ ਦੇਵੀਂ।
***