ਮੁੰਬਈ– ਦਿੱਗਜ ਤਕਨਾਲੋਜੀ ਕੰਪਨੀ ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਅਤੇ ਕੰਪਨੀ ਦੇ 5 ਹੋਰ ਅਧਿਕਾਰੀਆਂ ਖ਼ਿਲਾਫ਼ ਅਦਾਲਤ ਦੇ ਆਦੇਸ਼ ’ਤੇ ਕਥਿਤ ਕਾਪੀਰਾਈਟ ਉਲੰਘਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮੁੰਬਈ ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਗੂਗਲ ਨੇ ਇਸ ’ਤੇ ਪ੍ਰਤੀਕਿਰਿਆ ’ਚ ਕਿਹਾ ਹੈ ਕਿ ਉਸਨੇ ਕਾਪੀਰਾਈਟ ਦੇ ਮਾਲਿਕਾਂ ਲਈ ਇਕ ਪ੍ਰਣਾਲੀ ਬਣਾਈ ਹੈ ਜਿਸਦਾ ਇਸਤੇਮਾਲ ਉਹ ਯੂਟਿਊਬ ਵਰਗੇ ਮੰਚਾਂ ’ਤੇ ਆਪਣੀ ਸਮੱਗਰੀ ਦੀ ਰੱਖਿਆ ਲਈ ਕਰ ਸਕਦੇ ਹਨ।
ਪੁਲਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਮੈਜਿਸਟ੍ਰੇਟ ਅਦਾਲਤ ਦੇ ਆਦੇਸ਼ ’ਤੇ ਮੰਗਲਵਾਰ ਸ਼ਾਮ ਨੂੰ ਉਪਨਗਰੀ ਅੰਧੇਰੀ ਦੇ ਐੱਮ.ਆਈ.ਡੀ.ਸੀ. ਪੁਲਸ ਥਾਣੇ ’ਚ ਮਾਮਲਾ ਦਰਜ ਕੀਤਾ ਗਿਆ ਹੈ।
ਫਿਲਮ ਨਿਰਦੇਸ਼ਕ ਅਤੇ ਨਿਰਮਾਤਾ ਸੁਨੀਲ ਦਰਸ਼ਨ ਨੇ ਕਥਿਤ ਕਾਪੀਰਾਈਟ ਉਲੰਘਣ ਦਾ ਦੋਸ਼ ਲਗਾਉਂਦੇ ਹੋਏ ਅਦਾਲਤ ਨੂੰ ਗੂਗਲ ਅਤੇ ਇਸਦੇ ਉੱਚ ਅਧਿਕਾਰੀਆਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਅਪੀਲ ਕੀਤੀ ਸੀ। ਉਨ੍ਹਾਂ ਆਪਣੀ ਸ਼ਿਕਾਇਤ ’ਚ ਕਿਹਾ ਕਿ ਗੂਗਲ ਨੇ ਅਣਅਧਿਕਾਰਤ ਵਿਅਕਤੀਆਂ ਨੂੰ ਉਨ੍ਹਾਂ ਦੀ ਫਿਲਮ ‘ਇਕ ਹਸੀਨਾ ਥੀ ਇਕ ਦੀਵਾਨਾ ਥਾ’ ਨੂੰ ਯੂਟਿਊਬ ’ਤੇ ਅਪਲੋਡ ਕਰਨ ਦੀ ਮਨਜ਼ੂਰੀ ਦਿੱਤੀ ਸੀ।
ਭਾਰਤ ’ਚ ਗੂਗਲ ਦੇ ਬੁਲਾਰੇ ਨੇ ਕਿਹਾ ਕਿ ਅਣਅਧਿਕਾਰਤ ਅਪਲੋਡ ਦੀ ਸੂਚਨਾ ਨੂੰ ਲੈ ਕੇ ਉਹ ਕਾਪੀਰਾਈਟ ਮਾਲਿਕਾਂ ’ਤੇ ਨਿਰਭਰ ਕਰਦਾ ਹੈ ਅਤੇ ਉਨ੍ਹਾਂ ਨੂੰ ਅਧਿਕਾਰ ਪ੍ਰਬੰਧਨ ਟੂਲ ਦੀ ਪੇਸ਼ਕਸ਼ ਕਰਦਾ ਹੈ। ਉਨ੍ਹਾਂ ਕਿਹਾ ਕਿ ਕਾਪੀਰਾਈਟ ਉਲੰਘਣ ਦੀ ਸੂਚਨਾ ਮਿਲਣ ’ਤੇ ਉਹ ਸਮੱਗਰੀ ਨੂੰ ਤੁਰੰਤ ਹਟਾ ਦਿੰਦੇ ਹਨ ਅਤੇ ਇਕ ਤੋਂ ਜ਼ਿਆਦਾ ਵਾਰ ਉਲੰਘਣ ਕਰਨ ਵਾਲਿਆਂ ਦੇ ਅਕਾਊਂਟ ਬੰਦ ਕਰ ਦਿੰਦੇ ਹਨ।