ਕੇਪਟਾਊਨ- ਦੱਖਣੀ ਅਫ਼ਰੀਕਾ ਦੌਰੇ ‘ਤੇ ਸ਼ਰਮਨਾਕ ਪ੍ਰਦਰਸ਼ਨ ‘ਤੇ ਮੰਥਨ ਕਰਦੇ ਹੋਏ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਕਿਹਾ ਕਿ ਖਿਡਾਰੀਆਂ ਨੂੰ ਸਥਿਰਤਾ ਅਤੇ ਸੁਰੱਖਿਆ ਮਿਲੇਗੀ, ਪਰ ਉਨ੍ਹਾਂ ਤੋਂ ਵੀ ਚੰਗੇ ਪ੍ਰਦਰਸ਼ਨ ਦੀ ਉਮੀਦ ਰਹੇਗੀ। ਭਾਰਤ ਨੂੰ ਟੈੱਸਟ ਸੀਰੀਜ਼ ‘ਚ 1-2 ਤੇ ਵਨ ਡੇ ‘ਚ 0-3 ਨਾਲ ਹਾਰ ਝੱਲਣੀ ਪਈ।
ਮੈਦਾਨ ਦੇ ਬਾਹਰ ਕਈ ਮਸਲਿਆਂ ਤੇ ਬਦਲਾਅ ਦੇ ਦੌਰ ਤੋਂ ਗੁਜ਼ਰ ਰਹੀ ਭਾਰਤੀ ਟੀਮ ਨੂੰ ਦੱਖਣੀ ਅਫ਼ਰੀਕਾ ਦੀ ਟੀਮ ਨੇ ਹਰਾਇਆ। ਦ੍ਰਾਵਿੜ ਉਨ੍ਹਾਂ ‘ਚੋਂ ਨਹੀਂ ਹਨ ਜੋ ਖਿਡਾਰੀਆਂ ਦਾ ਨਾਂ ਲੈ ਕੇ ਕੁੱਝ ਕਹਿਣ ਪਰ ਮੱਧਕ੍ਰਮ ਦੇ ਕੁੱਝ ਬੱਲੇਬਾਜ਼ਾਂ ਨੂੰ ਕਈ ਮੌਕੇ ਦਿੱਤੇ ਗਏ। ਉਨ੍ਹਾਂ ਦਾ ਭਾਵ ਸ਼੍ਰੇਅਸ ਅਈਅਰ ਅਤੇ ਰਿਸ਼ਭ ਪੰਤ ਤੋਂ ਸੀ। ਉਨ੍ਹਾਂ ਨੇ ਤੀਜੇ ਵਨ ਡੇ ਤੋਂ ਬਾਅਦ ਇੱਕ ਪ੍ਰੈੱਸ ਕਾਨਫ਼ਰੰਸ ‘ਚ ਕਿਹਾ, ”ਅਸੀਂ ਉਨ੍ਹਾਂ ਨੂੰ ਲਗਾਤਾਰ ਮੌਕੇ ਦਿੱਤੇ ਹਨ, ਅਤੇ ਅਸੀਂ ਚਾਹੁਦੇ ਹਾਂ ਕਿ ਉਹ ਆਪਣੀ ਜਗ੍ਹਾ ਨੂੰ ਲੈ ਕੇ ਸੁਰੱਖਿਅਤ ਮਹਿਸੂਸ ਕਰਨ।”
ਉਨ੍ਹਾਂ ਕਿਹਾ, ”ਪਰ ਸੁਰੱਖਿਆ ਅਤੇ ਮੌਕੇ ਦੇਣ ਦੇ ਨਾਲ ਤੁਸੀਂ ਪ੍ਰਦਰਸ਼ਨ ਦੀ ਵੀ ਉਮੀਦ ਕਰਦੇ ਹੋ। ਇਸ ਪੱਧਰ ‘ਤੇ ਖੇਡਣ ਵਾਲਿਆਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਜ਼ਰੂਰਤ ਦੇ ਸਮੇਂ ਉਹ ਚੰਗਾ ਪ੍ਰਦਰਸ਼ਨ ਕਰਨ। ਅਸੀਂ ਹਰਸੰਭਵ ਸਥਿਰਤਾ ਬਣਾਈ ਰੱਖਣਾ ਚਾਹੁੰਦੇ ਹਾਂ।”ਸ਼੍ਰੇਅਸ ਤਿੰਨ ਮੈਚਾਂ ‘ਚ 17,11 ਤੇ 26 ਦੌੜਾਂ ਹੀ ਬਣਾ ਸੱਕਿਆ। ਦ੍ਰਾਵਿੜ ਨੇ ਕਿਹਾ, ”ਤੁਸੀਂ ਚੌਥੇ, ਪੰਜਵੇਂ ਅਤੇ ਛੇਵੇਂ ਨੰਬਰ ‘ਤੇ ਬੱਲੇਬਾਜ਼ੀ ਕਰ ਰਹੇ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਟੀਮ ਦੀ ਜ਼ਰੂਰਤ ਕੀ ਹੈ। ਸ਼੍ਰੇਅਸ ਤਿੰਨੋ ਮੈਚ ‘ਚ ਛੇਤੀ ਆਊਟ ਹੋ ਗਿਆ। ਸਾਨੂੰ ਪਤਾ ਹੈ ਕਿ ਇਹ ਸਭ ਚੰਗਾ ਪ੍ਰਦਰਸ਼ਨ ਕਰਦਾ ਆਇਆ ਹੈ ਅਤੇ ਅਸੀਂ ਉਸ ਦਾ ਜਿੰਨਾ ਹੋ ਸਕੇ ਸਾਥ ਦੇਵਾਂਗੇ, ਪਰ ਟੀਮ ‘ਚ ਹਰ ਜਗ੍ਹਾ ਲਈ ਮੁਕਾਬਲੇਬਾਜ਼ੀ ਬਹੁਤ ਹੈ ਅਤੇ ਇਨ੍ਹਾਂ ਹਾਲਾਤ ‘ਚ ਇਹ ਆਸਾਨ ਨਹੀਂ ਹੁੰਦਾ।”