ਨਵੀਂ ਦਿੱਲੀ – ਜ਼ਿੰਬਾਬਵੇ ਦੇ ਸਾਬਕਾ ਕਪਤਾਨ ਬ੍ਰੈਂਡਨ ਟੇਲਰ ਨੇ ਇੱਕ ਭਾਰਤੀ ਕਾਰੋਬਾਰੀ ਦੇ ਨਾਲ ਬੈਠਕ ਦੌਰਾਨ ਮੂਰਖਤਾਪੂਰਨ ਕੋਕੇਨ ਲੈਣ ਤੋਂ ਬਾਅਦ ਮੈਚ ਫ਼ਿਕਸਿੰਗ ਦੇ ਲਈ ਬਲੈਕਮੇਲ ਕੀਤੇ ਜਾਣ ਦਾ ਦੋਸ਼ ਲਗਾਉਾਂਦੇ ਹੋਏ ਕਿਹਾ ਕਿ ਇਸ ਮਾਮਲੇ ਦੀ ਜਾਣਕਾਰੀ ਕੌਮਾਂਤਰੀ ਕ੍ਰਿਕਟ ਪਰਿਸ਼ਦ (ICC) ਨੂੰ ਸਮੇਂ ‘ਤੇ ਨਾ ਦੇਣ ਕਾਰਨ ਉਸ ‘ਤੇ ਕਈ ਸਾਲ ਦੀ ਪਾਬੰਦੀ ਲਗ ਸਕਦੀ ਹੈ।
ਟੇਲਰ ਨੇ ਇਸ ਗ਼ਲਤੀ ਨੂੰ ਸਵੀਕਾਰ ਕਰਦੇ ਹੋਏ ਦਾਅਵਾ ਕੀਤਾ ਕਿ ਭਾਰਤੀ ਕਾਰੋਬਾਰੀ ਨੇ ਉਨ੍ਹਾਂ ਨੂੰ ਭਾਰਤ ‘ਚ ਸਪੌਂਸਰਸ਼ਿਪ ਦਿਵਾਉਣ ਅਤੇ ਜ਼ਿੰਬਾਬਵੇ ‘ਚ ਇੱਕ T-20 ਟੂਰਨਾਮੈਂਟ ਦੀ ਸੰਭਾਵੀ ਯੋਜਨਾ ‘ਤੇ ਚਰਚਾ ਕਰਨ ਲਈ ਇਨਵਾਈਟ ਕੀਤਾ ਸੀ। ਉਨ੍ਹਾਂ ਨੇ ਇਸ ਕਾਰੋਬਾਰੀ ਦੇ ਨਾਂ ਦਾ ਖ਼ੁਲਾਸਾ ਨਹੀਂ ਕੀਤੀ, ਪਰ ਕਿਹਾ ਹੈ ਕਿ ਉਨ੍ਹਾਂ ਨੂੰ ਅਕਤੂਬਰ 2019 ‘ਚ 15 ਹਜ਼ਾਰ ਡਾਲਰ ਦੀ ਪੇਸ਼ਕਸ਼ ਕੀਤੀ ਗਈ ਸੀ।
ਟੇਲਰ ਨੇ ਕਿਹਾ, ”ਅਸੀਂ ਇਕੱਠਿਆਂ ਸ਼ਰਾਬ ਪੀਤੀ ਅਤੇ ਸ਼ਾਮ ਦੇ ਸਮੇਂ ਉਨ੍ਹਾਂ ਨੇ ਮੈਨੂੰ ਕੋਕੇਨ ਦੀ ਪੇਸ਼ਕਸ਼ ਕੀਤੀ। ਉਹ ਖ਼ੁਦ ਵੀ ਕੋਕੇਨ ਲੈ ਰਹੇ ਸਨ। ਮੈਂ ਮੂਰਖਤਾ ਨਾਲ ਇਸ ਦਾ ਸੇਵਨ ਕੀਤਾ। ਇਸ ਘਟਨਾ ਤੋਂ ਬਾਅਦ ਮੈਨੂੰ ਅਜੇ ਤਕ ਲੱਖਾਂ ਵਾਰ ਪਛਤਾਵਾ ਹੋ ਚੁੱਕਾ ਹੈ। ਮੈਨੂੰ ਉਸ ਗੱਲ ਨੂੰ ਲੁਕਾ ਕੇ ਰੱਖਣ ਦਾ ਪਛਤਾਵਾ ਹੈ ਕਿ ਉਸ ਰਾਤ ਉਨ੍ਹਾਂ ਨੇ ਕਿਵੇਂ ਮੇਰਾ ਇਸਤੇਮਾਲ ਕੀਤਾ।”ਟੇਲਰ ਨੇ ਅੱਗੇ ਕਿਹਾ, ”ਅਗਲੀ ਸਵੇਰ ਉਹ ਫ਼ਿਰ ਤੋਂ ਮੇਰੇ ਹੋਟਲ ਦੇ ਕਮਰੇ ‘ਚ ਆਏ ਅਤੇ ਕੋਕੇਨ ਲੈਂਦੇ ਹੋਏ ਮੇਰਾ ਵੀਡੀਓ ਮੈਨੂੰ ਦਿਖਾਇਆ। ਉਨ੍ਹਾਂ ਨੇ ਮੈਨੂੰ ਕਿਹਾ ਕਿ ਮੈਂ ਉਨ੍ਹਾਂ ਲਈ ਕੌਮਾਂਤਰੀ ਮੈਚਾਂ ‘ਚ ਫ਼ਿਕਸਿੰਗ ਕਰਾਂ ਨਹੀਂ ਤਾਂ ਮੇਰੀ ਵੀਡੀਓ ਨੂੰ ਜਨਤਕ ਕਰ ਦਿੱਤੀ ਜਾਵੇਗੀ।”