ਸਾਡੇ ਪਿੰਡ ਟਿੱਬੇ ਬਹੁਤ ਹੁੰਦੇ ਸਨ, ਉਥੇ ਮੂੰਗਫ਼ਲੀ ਵੀ ਬਹੁਤ ਉਗਦੀ ਸੀ। ਖੇਤੀ ਦੇ ਨਾਲ-ਨਾਲ ਇਹ ਟਿੱਬੇ ਬੱਚਿਆਂ ਦਾ ਮਨੋਰੰਜਨ ਵੀ ਬਹੁਤ ਕਰਦੇ ਸਨ। ਟਿੱਬਿਆਂ ਉਤੇ ਕਬੱਡੀ ਖੇਡਣਾ ਚੰਗਾ ਲੱਗਦਾ ਸੀ, ਵਾਲਾਂ ਵਿੱਚ ਰੇਤਾ ਪੈਣਾ ਕੋਈ ਮਾੜਾ ਨਹੀਂ ਸੀ ਲੱਗਦਾ। ਕਦੇ ਕਿਸੇ ਦੇ ਸਿਰ ਰੇਤਾ ਪਾਉਣਾ ਅਤੇ ਕਦੇ ਕਿਸੇ ਤੋਂ ਆਪਣੇ ਸਿਰਫ਼ ਪੁਆ ਲੈਣਾ। ਓਦੋਂ ਕਬੱਡੀ-ਕਬੱਡੀ ਕਰਦੇ ਦੂਜੇ ਦੇ ਪਾਲੇ ‘ਚ ਜਾਣਾ, ਕਦੇ ਫ਼ੜੇ ਜਾਣਾ ਅਤੇ ਕਦੇ ਨਾ। ਵੱਡੇ ਹੋਏ ਤਾਂ ਟਿੱਬੇ ਖ਼ਤਮ ਹੁੰਦੇ ਗਏ ਅਤੇ ਝੋਨੇ ਲਈ ਲੋਕਾਂ ਨੇ ਰੇਤਾ ਚੁਕਵਾਉਣਾ ਸ਼ੁਰੂ ਕਰ ਦਿੱਤਾ। ਟੂਰਨਾਮੈਂਟਾਂ ‘ਤੇ ਜਾਣ ਲੱਗੇ ਤਾਂ ਪਤਾ ਲੱਗਾ ਕਿ ਕਬੱਡੀ ਪਾਉਣ ਨੂੰ ਰੇਡ ਕਹਿੰਦੇ ਹਨ।
ਟਿੱਬਿਆਂ ਦੇ ਰੇਤੇ ਅਤੇ ਦਰਿਆਈ ਰੇਤੇ ‘ਚ ਫ਼ਰਕ ਹੁੰਦਾ ਹੈ। ਟਿੱਬਿਆਂ ਦਾ ਰੇਤਾ ਤਾਂ ਅਮੁੱਲ ਸੀ ਅਤੇ ਉਸ ਦੀ ਹੁਣ ਕੀਮਤ ਵੀ ਨਹੀਂ ਸੀ। ਦਰਿਆਈ ਰੇਤੇ ਦਾ ਮੁੱਲ ਪੈਣ ਲੱਗ ਪਿਆ ਹੈ। ਇਸੇ ਕਾਰਨ ਸਿਆਸਤਦਾਨਾਂ ਨੂੰ ਸੂਹ ਲੱਗੀ ਤਾਂ ਉਹ ਦਰਿਆਵਾਂ ‘ਚ ਖੱਡਾਂ ਬਣਾਉਣ ਲੱਗ ਪਏ। ਜਣਾ-ਖਣਾ ਸਿਆਸਤਦਾਨ ਹੁਣ ਖੱਡਾਂ ਦੇ ਰੇਤੇ ਦਾ ਸੁਆਦ ਦੇਖਣਾ ਚਾਹੁੰਦਾ ਹੈ। ਗੱਲ ਕਰੋੜਾਂ ‘ਚ ਚਲੀ ਜਾਂਦੀ ਐ, ਇਸ ਲਈ ਹਰ ਲੀਡਰ ਅਰਦਾਸ ਕਰਦਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣੀ ਤਾਂ ਪਹਿਲਾਂ ਰੇਤੇ ਦੀ ਖੱਡ ਉਤੇ ਦੀਵਾ ਉਹੀ ਜਾ ਕੇ ਬਾਲੂਗਾ।
ਅਕਾਲੀਆਂ ਨੇ ਪਹਿਲਾਂ ਰੇਤੇ ਨਾਲ ਬਹੁਤ ਹੱਥ ਰੰਗੇ, ਫ਼ਿਰ ਕਾਂਗਰਸੀਆਂ ਨੇ ਤਾਂ ਜੰਗਲ-ਪਾਣੀ ਜਾ ਕੇ ਹੱਥ ਵੀ ਇਸੇ ਰੇਤੇ ਨਾਲ ਮਾਂਜਣੇ ਸ਼ੁਰੂ ਕਰ ਦਿੱਤੇ। ਕਈ ਤਾਂ ਘੀਸੀ ਵੀ ਰੇਤੇ ਦੀ ਕਰਦੇ ਨੇ। ਘਰ ਭਰ ਲਏ ਨੋਟਾਂ ਨਾਲ – ਨੋਟਾਂ ਨਾਲ ਹੀ ਤਾਂ ਵੋਟਾਂ ਨੇ।
ਹੁਣ ਤਕ ਮਿਹਣੋ-ਮਿਹਣੀ ਹੁੰਦੇ ਰਹੇ ਨੇ ਇਹ ਸਿਆਸਤਦਾਨ ਅਤੇ ਬੋਲ ਕਬੋਲਾਂ ਨਾਲ ਇੱਕ ਦੂਜੇ ਖ਼ਿਲਾਫ਼ ਰੇਡਾਂ ਪਾਉਂਦੇ ਰਹੇ ਨੇ। ਮੋਦੀ ਪਤੰਦਰ ਕੋਲ ਤਾਂ ਰੇਡ ਪਾਉਣ ਲਈ ED ਦਾ ਮਹਿਕਮਾ ਵੀ ਹੈ। ਉਸ ਨੂੰ ਪਤੈ ਕਿ ਆਪਣੇ ਵਿਰੋਧੀਆਂ ਖ਼ਿਲਾਫ਼ ਰੇਡਾਂ ਕਿਵੇਂ ਪਾਉਣੀਆਂ ਨੇ। ਅਮਰਿੰਦਰ ਸਿੰਘ ਕਿਹੜਾ ਘਟ ਐ, ਉਸ ਨੂੰ ਜਿਸ ਤਰ੍ਹਾਂ ਟੂਰਨਾਮੈਂਟ ‘ਚੋਂ ਡਿਸਕੁਆਲੀਫ਼ਾਈਡ ਕੀਤਾ ਗਿਆ, ਉਹਦਾ ਬਦਲਾ ਵੀ ਤਾਂ ਉਸ ਨੇ ਲੈਣਾ ਸੀ। ਓਹਨੇ ਵੀ ਕੱਲੇ-ਕੱਲੇ ਖਿਡਾਰੀ ਪੱਤਰੀ ਖੋਲ੍ਹ ਦਿੱਤੀ ਐ ਅਮਿਤ ਸ਼ਾਹ ਕੋਲ।
ਹਾਲੇ ਪਹਿਲੀ ਰੇਡ ਪਈ ਐ ਅਤੇ ਕਾਂਗਰਸੀ ਕਹਿੰਦੇ ਸਿਆਸੀ ਬਦਲਾਖੋਰੀ ਐ। ਚੰਨੀ ਸਾਹਿਬ ਕਹਿੰਦੇ – ਬਈ ਮੋਦੀ ਦੀ ਫ਼ਿਰੋਜ਼ਪੁਰ ਰੈਲੀ ਲਈ ਕਿਸਾਨਾਂ ਦਾ ਪੱਖ ਲੈਣ ਕਰ ਕੇ ਉਸ ਦੇ ਰਿਸ਼ਤੇਦਾਰ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹੈ। ਨਾਲ ਉਦਾਹਰਣਾਂ ਦਿੱਤੀਆਂ ਜਾਂਦੀਆਂ ਨੇ ਕਿ ਜਦੋਂ-ਜਦੋਂ ਕਿਤੇ ਚੋਣਾਂ ਹੁੰਦੀਆਂ ਨੇ ਤਾਂ ਮੋਦੀ ਸਾਹਿਬ ਇਸੇ ਤਰ੍ਹਾਂ ED ਤੋਂ ਰੇਡਾਂ ਪੁਆਉਂਦੇ ਨੇ।
ਗੱਲ ਚੰਨੀ ਸਾਹਿਬ ਦੀ ਗੱਲ ਠੀਕ ਹੋ ਸਕਦੀ ਐ। ਨਾਲੇ 10-11 ਕਰੋੜ ਤਾਂ ਅੱਜ ਕਲ੍ਹ ਉਂਝ ਹੀ ਸਿਆਸਤਦਾਨਾਂ ਦੇ ਘਰਾਂ ‘ਚ ਪਿਆ ਰਹਿੰਦੈ। ਥੋੜ੍ਹੇ ਲੋਕ ਨੇ ਸੇਵਾ ਪਾਣੀ ਦੇਣ ਵਾਲੇ। ਇਹ ਤਾਂ ਸੱਚਮੁੱਚ ਹੀ ਬਦਲਾਖੋਰੀ ਕਹੀ ਜਾਊ। ਜੇਕਰ ਕਿਸੇ ਗ਼ਰੀਬ ਨੇ ਏਨੇ ਪੈਸੇ ਕਮਾ ਲਏ ਕੀ ਲੋਹੜਾ ਆ ਗਿਐ। ਬਾਕੀਆਂ ਨੇ ਥੋੜ੍ਹੇ ਕਮਾਏ ਨੇ! ਇਹ ਤਾਂ ਬਿਲਕੁਲ ਨਾ-ਇਨਸਾਫ਼ੀ ਐ।
ਚੰਨੀ ਸਾਹਿਬ ਬਹੁਤ ਕੁੱਝ ਕਰ ਲੈਂਦੇ ਨੇ, ਉਨ੍ਹਾਂ ਨੇ ਬਹੁਤ ਵਾਰ ਦੱਸਿਆ। ਪਰ ਰੇਡਾਂ ਬਾਰੇ ਕਦੇ ਨਹੀਂ ਦੱਸਿਆ ਕਿ ਉਹ ਵੀ ਰੇਡਾਂ ਪਾਉਂਦੇ ਰਹੇ ਨੇ ਜਾਂ ਪੁਆਉਂਦੇ ਰਹੇ ਨੇ। ਰੇਡਾਂ ਕਰ ਕੇ ਤਾਂ ਵਿਚਾਰਾ ਮਜੀਠੀਆ ਦੋ-ਤਿੰਨ ਹਫ਼ਤੇ ਲੁਕਿਆ ਰਿਹਾ। ਰੇਡ ਚੀਜ਼ ਹੀ ਕੁੱਝ ਐਸੀ ਐ, ਵੱਡੇ-ਵੱਡੇ ਸ਼ੇਰਾਂ ਨੂੰ ਗਿੱਦੜ ਬਣਾ ਦਿੰਦੀ ਐ।
ਕਬੱਡੀ ਦੀ ਰੇਡ ਤਾਂ ਸਿਆਸਤ ‘ਚ ਵੀ ਠੀਕ ਐ, ਪਰ ED ਦੀ ਰੇਡ ਤੋਂ ਤਾਂ ਸਾਰੇ ਡਰਦੇ ਨੇ। ਜੇ ਨਹੀਂ ਡਰ ਲੱਗਦਾ ਤਾਂ ਸੁਖਪਾਲ ਖਹਿਰੇ ਤੋਂ ਜਾ ਕੇ ਪੁੱਛ ਲਓ-ਬਈ ਕੀ ਭਾਅ ਵਿਕਦੀ ਐ। ਜ਼ਮਾਨਤ ਲਈ ਫ਼ੈਸਲਾ ਹੋਣਾ ਹੁੰਦੈ, ਖਹਿਰਾ ਸਾਹਿਬ ਬਾਹਰ ਆਉਣ ਲਈ ਤਿਆਰ ਹੁੰਦੇ ਨੇ ਅਤੇ ਪਤਾ ਲੱਗਦੈ ਕਿ ਫ਼ੈਸਲਾ ਰਾਖਵਾਂ ਰੱਖ ਲਿਆ। ਰਾਖਵੇਂ ਫ਼ੈਸਲੇ ਤੋਂ ਕਦੋਂ ਖਹਿਰਾ ਸਾਹਿਬ ਦੀ ਖ਼ਲਾਸੀ ਹੋਵੇਗੀ, ਇਸ ਲਈ ਉਸ ਦੇ ਪਰਿਵਾਰ ਵਾਲੇ ਰੋਜ਼ ਅਰਦਾਸਾਂ ਕਰਕੇ ਕਹਿੰਦੇ ਹੋਣਗੇ – ਹੇ ਪ੍ਰਮਾਤਮਾ ਹੋਰ ਜੋ ਕੁੱਝ ਮਰਜ਼ੀ ਪੁਆ ਦੇਈਂ ਪਰ ਰੇਡ ਨਾ ਪੁਆਵੀਂ।
ਰੇਡਾਂ ਹੋਰ ਵੀ ਪੈਣਗੀਆਂ, ਤਾਂ ਹੀ ਤਾਂ ਹੁਣ ਕਾਂਗਰਸੀ ਲੀਡਰ ਸਿਸਮਾ ਫ਼ਾਰਮ ‘ਚ ਜਾ ਕੇ ਅਮਰਿੰਦਰ ਸਿੰਘ ਦਾ ਦੁਬਾਰਾ ਪਾਣੀ ਭਰਨ ਲੱਗ ਪਏ। ਕੈਪਟਨ ਸਾਹਿਬ ਦੇ ਫ਼ਾਰਮ ‘ਚ ਫ਼ਿਰ ਰੌਣਕਾਂ ਲੱਗਣ ਲੱਗ ਪਈਆਂ ਨੇ। ਓਹਨੇ ਵੀ 35-36 ਬੰਦਿਆਂ ਦੀ ਲਿਸਟ ਫ਼ੜਾਈ ਐ ਕੇਂਦਰ ਵਾਲਿਆਂ ਨੂੰ। ਉਡੀਕੋ ਹੁਣ ਕਿਸ ਦੇ ਘਰੋਂ ਰੇਤੇ ਦਾ ਟਰੱਕ ਨਿਕਲਦੈ।
ਦਰਸ਼ਨ ਸਿੰਘ ਦਰਸ਼ਕ
98555-08918