ਇੱਕ ਪ੍ਰਚਲਿਤ ਅਖਾਣ ਹੈ ਜਿਹੜੀ ਇੱਕ ਚੀਨੀ ਮੁਹਾਵਰੇ ‘ਚੋਂ ਉਪਜੀ ਹੈ, ਅਤੇ ਉਸ ਨੂੰ ਘੜਨ ਦਾ ਸਿਹਰਾ ਲਾਓ ਤਸੂ ਨੂੰ ਜਾਂਦਾ ਹੈ, ”ਹਜ਼ਾਰਾਂ ਮੀਲਾਂ ਦੇ ਸਫ਼ਰ ਦੀ ਸ਼ੁਰੂਆਤ ਪਹਿਲੇ ਇੱਕ ਕਦਮ ਨਾਲ ਸ਼ੁਰੂ ਹੁੰਦੀ ਹੈ।”ਪ੍ਰਾਚੀਨ ਵਕਤਾਂ ਦੇ ਚੀਨ ‘ਚ ਟਰੇਨਾਂ ਜਾਂ ਜਹਾਜ਼ ਨਹੀਂ ਸਨ ਹੁੰਦੇ, ਸੋ ਉਸ ਤਾਓਵਾਦੀ ਫ਼ਿਲਾਸਫ਼ਰ ਦਾ ਇਹ ਮਤਲਬ ਤਾਂ ਹਰਗਿਜ਼ ਨਹੀਂ ਸੀ ਹੋ ਸਕਦਾ ਕਿ ਤੁਸੀਂ ਆਪਣਾ ਉਹ ਪਹਿਲਾ ਕਦਮ ਕਿਸੇ ਬੱਸ ਸਟੌਪ ਵੱਲ ਵਧਾਓ। ਉਸ ਦੇ ਕਹਿਣ ਤੋਂ ਮੁਰਾਦ ਸੀ, ਜੇਕਰ ਤੁਸੀਂ ਕਿਤੇ ਪਹੁੰਚਣਾ ਚਾਹੁੰਦੇ ਹੋ, ਆਪਣੇ ਪੈਰਾਂ ‘ਤੇ ਖੜ੍ਹੇ ਹੋ ਜਾਓ ਅਤੇ ਤੁਰਨਾ ਸ਼ੁਰੂ ਕਰੋ। ਹੁਣ, ਚਿੰਤਾ ਨਾ ਕਰੋ, ਮੈਂ ਤੁਹਾਨੂੰ ਇਹ ਸਲਾਹ ਨਹੀਂ ਦੇ ਰਿਹਾ ਕਿ ਤੁਹਾਨੂੰ ਕਿਸੇ ਅਜਿਹੀ ਲੰਬੀ ਮੁਹਿੰਮ ‘ਤੇ ਨਿਕਲਣ ਦੀ ਲੋੜ ਹੈ, ਪਰ ਇਹ ਵਕਤ ਹੈ ਜ਼ਿੰਦਗੀ ‘ਚ ਕੋਈ ਨਾ ਕੋਈ ਦਿਸ਼ਾ ਫ਼ੜਨ, ਅਤੇ ਉਸ ਨੂੰ ਆਪਣੀ ਮੁਕੰਮਲ ਵਚਨਬੱਧਤਾ ਦੇਣ ਦਾ। ਤੁਹਾਨੂੰ ਇਸ ਵਿੱਚ ਥੋੜ੍ਹਾ ਵਕਤ ਲੱਗ ਸਕਦੈ, ਪਰ ਤੁਸੀਂ ਉੱਥੇ ਪਹੁੰਚ ਸਕਦੇ ਹੋ ਜਿੱਥੇ ਤੁਸੀਂ ਜਾਣਾ ਲੋਚਦੇ ਹੋ।

ਤੁਹਾਡੇ ਕੋਲ ਇੱਕ ਲਾਭਕਾਰੀ ਸਮਝੌਤੇ ‘ਤੇ ਅੱਪੜਨ ਦਾ ਇੱਕ ਖ਼ੂਬਸੂਰਤ ਮੌਕਾ ਹੈ। ਤੁਸੀਂ ਕੋਈ ਅਜਿਹਾ ਕਾਰਜ ਕਰਨ ਦਾ ਪ੍ਰਬੰਧ ਕਰ ਸਕਦੇ ਹੋ ਜਿਸ ਦਾ ਫ਼ਾਇਦਾ ਤੁਹਾਨੂੰ ਤਾਂ ਹੋਵੇ ਹੀ, ਪਰ ਉਹ ਕਿਸੇ ਹੋਰ ਨੂੰ ਵੀ ਨਫ਼ੇ ‘ਚ ਛੱਡ ਕੇ ਜਾਵੇ। ਇਸ ਨੂੰ ਅੰਗ੍ਰੇਜ਼ੀ ‘ਚ ਵਿੰਨ-ਵਿੰਨ ਸਿਚੁਏਸ਼ਨ ਕਹਿੰਦੇ ਹਨ, ਭਾਵ ਅਜਿਹੀ ਸਥਿਤੀ ਜਿਸ ‘ਚ ਦੋਹੇਂ ਧਿਰਾਂ ਖੱਟਣ। ਕਿਸੇ ਨੂੰ ਸੌਦੇ ‘ਚ ਹਾਰਨਾ ਨਾ ਪਵੇ ਜਾਂ ਘਾਟਾ ਨਾ ਉਠਾਉਣਾ ਪਵੇ। ਨਾ ਹੀ ਤੁਹਾਨੂੰ ਇਨਸਾਫ਼ ਲਈ ਕੋਈ ਜੰਗ ਲੜਨੀ ਪਵੇ। ਕੇਵਲ ਉਹ ਸੁਝਾਓ ਜੋ ਤੁਹਾਨੂੰ ਪ੍ਰਤੱਖ ਜਾਪਦੈ, ਅਤੇ ਤੁਸੀਂ ਦੇਖੋਗੇ ਕਿ ਕਿਸੇ ਦੂਸਰੇ ਵਿਅਕਤੀ ਨੂੰ ਵੀ ਉਹ ਵਿਚਾਰ ਓਨਾ ਹੀ ਪ੍ਰਤੱਖ ਲੱਗਦੈ। ਕੀ ਜ਼ਿੰਦਗੀ ਹਮੇਸ਼ਾ ਇੰਨੀ ਸੌਖੀ ਹੁੰਦੀ ਹੈ? ਨਹੀਂ। ਕੀ ਤੁਹਾਡੇ ਲਈ ਇਹ ਹਮੇਸ਼ਾ ਲਈ ਇੰਨੀ ਹੀ ਸੌਖੀ ਬਣੀ ਰਹੇਗੀ? ਸ਼ਾਇਦ ਨਹੀਂ। ਪਰ ਘੱਟੋਘੱਟ ਹਾਲ ਦੀ ਘੜੀ, ਤੁਸੀਂ ਜੋ ਚਾਹੁੰਦੇ ਹੋ ਉਸ ਨੂੰ ਹਾਸਿਲ ਕਰਨ ਲਈ ਤੁਸੀਂ ਬਹੁਤ ਵਧੀਆ ਸਥਿਤੀ ‘ਚ ਹੋ।
ਜਦੋਂ ਯਾਤਰੀ ਆਪਣੀ ਯਾਤਰਾ ਦੇ ਅੰਤ ਤਕ ਪਹੁੰਚ ਜਾਣ ਤਾਂ ਉਨ੍ਹਾਂ ਨੂੰ ਕੀ ਕਰਨਾ ਚਾਹੀਦੈ? ਅਗਲੀ ਯਾਤਰਾ ਦੀ ਤਿਆਰੀ! ਨਹੀਂ ਤਾਂ ਫ਼ਿਰ ਉਹ ਯਾਤਰੀ ਕਹਾਉਣ ਦੇ ਯੋਗ ਹੀ ਨਹੀਂ ਰਹਿਣਗੇ। ਜਦੋਂ ਤੁਸੀਂ ਕੋਈ ਖੋਜ ਕਰ ਲੈਂਦੇ ਹੋ, ਉਸ ਮਗਰੋਂ ਕੀ ਹੋਣਾ ਚਾਹੀਦਾ ਹੈ? ਇੱਕ ਨਵੀਂ ਖੋਜ! ਤੁਸੀਂ ਖ਼ੁਸ਼ ਹੀ ਨਹੀਂ ਰਹਿ ਸਕਦੇ, ਜਿੰਨਾ ਚਿਰ ਤੁਸੀਂ ਕਿਸੇ ਸ਼ੈਅ ਦਾ ਪਿੱਛਾ ਨਾ ਕਰ ਰਹੇ ਹੋਵੋ; ਅਤੇ ਕਿਆ ਹੀ ਚੰਗਾ ਹੋਵੇ ਕਿ ਜਿਸ ਦਾ ਪਿੱਛਾ ਤੁਸੀਂ ਕਰ ਰਹੇ ਹੋਵੇ ਉਹ ਹੱਥ ਨਾ ਆਉਣ ਵਾਲੀ ਕੋਈ ਚੀਜ਼ ਹੋਵੇ। ਸ਼ਾਇਦ ਤੁਸੀਂ ਮਹਿਸੂਸ ਕਰ ਰਹੇ ਹੋ ਕਿ ਆਪਣੀ ਕਿਸੇ ਤਾਜ਼ਾ ਯੋਜਨਾ ‘ਚ ਤੁਸੀਂ ਲੋੜੀਂਦੀ ਸਫ਼ਲਤਾ ਹਾਸਿਲ ਨਹੀਂ ਕੀਤੀ, ਇਸ ਲਈ ਅੱਗਲੇ ਕਿਸੇ ਪ੍ਰੌਜੈਕਟ ਬਾਰੇ ਸੋਚਣਾ ਇਸ ਵਕਤ ਜਲਦਬਾਜ਼ੀ ਹੋਵੇਗੀ। ਪਰ ਕੁੱਝ ਭਵਿੱਖੀ ਘਟਨਾਵਾਂ, ਤੁਹਾਡੇ ਲਈ ਉਸ ਬਾਰੇ ਇੱਕ ਬਿਲਕੁਲ ਨਵਾਂ ਦ੍ਰਿਸ਼ਟੀਕੋਣ ਲੈ ਕੇ ਆਉਣਗੀਆਂ।

ਜਿਹੜੇ ਰਿਸ਼ਤੇ ‘ਚ ਕੋਈ ਲੈਣ-ਦੇਣ ਹੀ ਨਾ ਹੋਵੇ, ਉਹ ਰਿਸ਼ਤਾ ਕਾਹਦਾ? ਕੌਣ ਹੈ ਜੋ ਬਹੁਤ ਜ਼ਿਆਦਾ ਦੇ ਰਿਹੈ? ਅਤੇ ਬਹੁਤ ਜ਼ਿਆਦਾ ਲੈਣਾ ਕਿੱਥੇ ਹੋ ਰਿਹੈ? ਕਿਸੇ ਹੋਰ ਲਈ ਬਹਾਨੇ ਨਾ ਬਣਾਓ। ਇਹ ਵੀ ਇੱਕ ਤਰ੍ਹਾਂ ਦਾ ਦੇਣਾ ਹੀ ਹੁੰਦੈ ਅਤੇ, ਜਦੋਂ ਕਿ ਇਹ ਬਹੁਤ ਵੱਡੀ ਫ਼ਰਾਖ਼ਦਿਲੀ ਹੈ, ਇਹ ਤੁਹਾਡੇ ਭਾਵਨਾਤਮਕ ਜੀਵਨ ਦੇ ਕਿਸੇ ਖ਼ਾਸ ਖੇਤਰ ‘ਚ ਉਲਾਰ ਹੋਏ ਹਾਲਾਤ ਨੂੰ ਬਦਲਣ ਜਾਂ ਉਨ੍ਹਾਂ ਦਾ ਤਵਾਜ਼ਨ ਬਹਾਲ ਕਰਨ ‘ਚ ਬਹੁਤਾ ਕੁੱਝ ਨਹੀਂ ਕਰ ਸਕਦੀ। ਤੁਹਾਨੂੰ ਸਪੱਸ਼ਟ ਅਤੇ ਦ੍ਰਿੜ ਹੋਣਾ ਪਵੇਗਾ। ਤੁਸੀਂ ਰਹਿਮਦਿਲ ਅਤੇ ਉਦਾਰ ਬਣ ਸਕਦੇ ਹੋ, ਨਿਰਸੰਦੇਹ। ਪਰ ਜਿਸ ਸਥਿਤੀ ‘ਚ ਤੁਸੀਂ ਖ਼ੁਦ ਨੂੰ ਪਾ ਲਿਐ, ਤੁਸੀਂ ਉਸ ਤੋਂ ਬਿਹਤਰ ਦੇ ਹੱਕਦਾਰ ਹੋ। ਉਸ ਨੂੰ ਬਦਲਣਾ ਤੁਹਾਡੇ ਆਪਣੇ ਹੱਥ ‘ਚ ਹੈ।

ਸਾਰੇ ਰਿਸ਼ਤਿਆਂ ‘ਚ ਕਿਸੇ ਨਾ ਕਿਸੇ ਕਿਸਮ ਦਾ ਤਵਾਜ਼ਨ ਬਹਾਲ ਕਰਨ ਦੀ ਲੋੜ ਹਮੇਸ਼ਾ ਪੈਂਦੀ ਹੈ। ਹਰ ਵਾਰ ਜਦੋਂ ਅਸੀਂ ਸੋਚਦੇ ਹਾਂ ਕਿ ਸਾਨੂੰ ਸਾਡਾ ਬਣਦਾ ਹੱਕ ਅਤੇ ਇਨਸਾਫ਼ ਮਿਲ ਗਿਐ, ਕੋਈ ਨਵਾਂ ਦਬਾਅ ਜਾਂ ਤਨਾਅ ਦਾ ਸ੍ਰੋਤ ਖ਼ੁਦ ਨੂੰ ਸਾਡੇ ਸਾਹਵੇਂ ਪੇਸ਼ ਕਰ ਦਿੰਦੈ ਜਿਸ ਕਾਰਨ ਦੋਹਾਂ ਧਿਰਾਂ ਨੂੰ ਰੀ-ਐਡਜਸਟ ਕਰਨਾ ਪੈਂਦੈ, ਭਾਵ ਉਸ ਰਿਸ਼ਤੇ ਦੀ ਥੋੜ੍ਹੀ ਮੁਰੰਮਤ ਕਰਨੀ ਪੈਂਦੀ ਹੈ। ਅਸੀਂ ਕੇਵਲ ਇਹ ਸੋਚਦੇ ਹੋਏ ਸੁਕੂਨ ਨਾਲ ਨਹੀਂ ਵਿੱਚਰ ਸਕਦੇ ਅਤੇ ਇਹ ਮੰਨ ਕੇ ਆਰਾਮ ਨਾਲ ਨਹੀਂ ਬੈਠ ਸਕਦੇ ਕਿ ਕਿਉਂਕਿ ਸਾਡਾ ਤਾਲਮੇਲ ਕਿਸੇ ਵਿਅਕਤੀ ਨਾਲ ਬਹੁਤ ਵਧੀਆ ਚੱਲ ਰਿਹੈ, ਉਸ ਨਾਲ ਆਪਣੇ ਇਕਰਾਰ ਨੂੰ ਮੁੜ ਨਵਿਆਉਣ ਜਾਂ ਉਸ ਰਿਸ਼ਤੇ ਦੇ ਕਿਸੇ ਪਹਿਲੂ ਬਾਰੇ ਗੱਲਬਾਤ ਫ਼ਿਰ ਤੋਂ ਸ਼ੁਰੂ ਕਰਨ ਦੀ ਨੌਬਤ ਕਦੇ ਵੀ ਨਹੀਂ ਆਏਗੀ। ਜ਼ਿੰਦਗੀ ਚਾਹੁੰਦੀ ਹੈ ਕਿ ਤੁਸੀਂ ਲਚਕ ਅਤੇ ਸਦਭਾਵਨਾ ਤੋਂ ਕੰਮ ਲਵੋ। ਕੋਸ਼ਿਸ਼ ਕਰੋ ਕਿ ਇਸ ਗੱਲ ‘ਤੇ ਹੀ ਨਾ ਅਟਕੇ ਰਹੋ ਕਿ ਕਿਸੇ ਵੇਲੇ ਚੀਜ਼ਾਂ ਕਿਵੇਂ ਹੁੰਦੀਆਂ ਸਨ। ਚੀਜ਼ਾਂ ਕਿਵੇਂ ਦੀਆਂ ਹੋਣ ਵਾਲੀਆਂ ਹਨ, ਇਹ ਦੇਖ ਕੇ ਤੁਸੀਂ ਬਹੁਤ ਜ਼ਿਆਦਾ ਬਿਹਤਰ ਮਹਿਸੂਸ ਕਰੋਗੇ!