ਪਟਨਾ/ਲਖਨਊ– ਰੇਲਵੇ ਦੇ ਐੱਨ. ਟੀ. ਪੀ. ਸੀ. ਅਤੇ ਗਰੁੱਪ ‘ਡੀ’ ਪ੍ਰੀਖਿਆ ਦੇ ਨਤੀਜੇ ਦੇ ਖਿਲਾਫ ਵਿਦਿਆਰਥੀਆਂ ਨੇ ਬਿਹਾਰ ’ਚ ਬਵਾਲ ਮਚਾ ਦਿੱਤਾ। ਬਿਹਾਰ ’ਚ ਲਗਾਤਾਰ ਪ੍ਰਦਰਸ਼ਨ ਦੇ ਦੂਜੇ ਦਿਨ ਆਰਾ ਸਟੇਸ਼ਨ ’ਤੇ ਵਿਦਿਆਰਥੀਆਂ ਨੇ ਆਰਾ-ਸਾਸਾਰਾਮ ਪੈਸੱਜਰ ਟ੍ਰੇਨ ’ਚ ਅੱਗ ਲਾ ਦਿੱਤੀ, ਜਿਸ ਕਾਰਨ ਯਾਤਰੀਆਂ ਨੂੰ ਭੱਜ ਕੇ ਜਾਨ ਬਚਾਉਣੀ ਪਈ।
ਪ੍ਰਸ਼ਾਸਨ ਨੇ ਟ੍ਰੇਨ ’ਚ ਲੱਗੀ ਅੱਗ ’ਤੇ ਕਾਬੂ ਪਾ ਲਿਆ ਹੈ। ਨਤੀਜੇ ’ਚ ਧਾਂਦਲੀ ਦੇ ਖਿਲਾਫ ਆਰਾ ’ਚ ਮੰਗਲਵਾਰ ਨੂੰ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਘੰਟਿਆਂਬੱਧੀ ਆਰਾ ਰੇਲਵੇ ਸਟੇਸ਼ਨ ’ਤੇ ਕਬਜ਼ਾ ਜਮਾਈ ਰੱਖਿਆ। ਉੱਥੇ ਹੀ ਰੇਲਵੇ ਭਰਤੀ ਬੋਰਡ ਦੀ ਐੱਨ. ਟੀ. ਪੀ. ਸੀ. ਪ੍ਰੀਖਿਆ ਨੂੰ ਲੈ ਕੇ ਕਈ ਜਗ੍ਹਾ ਪ੍ਰਦਰਸ਼ਨ ਕਰ ਰਹੇ, ਉਮੀਦਵਾਰਾਂ ਨੂੰ ਹੁਣ ਸਰਕਾਰੀ ਨੌਕਰੀ ਨਹੀਂ ਮਿਲੇਗੀ। ਭਾਰਤੀ ਰੇਲਵੇ ਨੇ ਇਸ ਸੰਬੰਧ ’ਚ ਨੋਟਿਸ ਜਾਰੀ ਕਰ ਦਿੱਤਾ ਹੈ। ਨੋਟਿਸ ’ਚ ਸਖ਼ਤ ਚਿਤਾਵਨੀ ਦਿੰਦੇ ਹੋਏ ਕਿਹਾ ਗਿਆ ਹੈ ਕਿ ਅਜਿਹੇ ਉਮੀਦਵਾਰਾਂ ਦੀ ਪਛਾਣ ਲਈ ਜਾਂਚ ਏਜੰਸੀਆਂ ਦਾ ਸਹਾਰਾ ਲਿਆ ਜਾਵੇਗਾ। ਰੇਲਵੇ ਟ੍ਰੈਕ ਅਤੇ ਰੇਲ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲੇ ਉਮੀਦਵਾਰਾਂ ’ਤੇ ਪੁਲਸ ਕਾਰਵਾਈ ਦੇ ਨਾਲ-ਨਾਲ ਨੌਕਰੀ ਲਈ ਸਾਰੀ ਉਮਰ ਲਈ ਰੋਕ ਲਗਾਈ ਜਾ ਸਕਦਾ ਹੈ।