ਅੰਮ੍ਰਿਤਸਰ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਵਲੋਂ ਅੱਜ ਅੰਮ੍ਰਿਤਸਰ ’ਚ ਪ੍ਰੈੱਸ ਕਾਨਫਰੰਸ ਕਰਕੇ ਲਗਾਤਾਰ ਹੋ ਰਹੀਆਂ ਬੇਅਦਬੀਆਂ ਦਾ ਮਸਲਾ ਚੁੱਕਿਆ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਪਿਛਲੇ 5-7 ਸਾਲਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋ ਰਹੀਆਂ ਹਨ। ਜਿਨ੍ਹਾਂ ਲੋਕਾਂ ਨੇ ਬੇਅਦਬੀਆਂ ਕੀਤੀਆਂ ਹਨ ਅਤੇ ਬੇਅਦਬੀਆਂ ਦੇ ਨਾਂ ’ਤੇ ਸਿਆਸਤ ਕੀਤੀ ਹੈ, ਉਨ੍ਹਾਂ ਦਾ ਕੱਖ ਨਾ ਰਹੇ। ਅਜਿਹੇ ਲੋਕ ਪੰਥ ਦੀ ਨੁਮਾਇੰਦਾ ਜਥੇਬੰਦੀ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।
ਸੁਖਬੀਰ ਬਾਦਲ ਨੇ ਕਿਹਾ ਕਿ ਸਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਰੋਵਰ ’ਚ ਗੁਟਕਾ ਸਾਹਿਬ ਸੁੱਟ ਕੇ ਬੇਅਦਬੀ ਕਰਨ ਵਾਲਾ ਮੁਲਜ਼ਮ ਅੱਜ ਵੀ ਪੁਲਸ ਦੇ ਹਵਾਲੇ ਹੈ, ਜਿਸ ਤੋਂ ਇਸ ਮਾਮਲੇ ਦੇ ਸਬੰਧ ’ਚ ਅਜੇ ਤੱਕ ਕੋਈ ਪੁੱਛਗਿੱਛ ਨਹੀਂ ਕੀਤੀ ਗਈ। ਸੁਖਬੀਰ ਬਾਦਲ ਨੇ ਕਿਹਾ ਕਿ ਮੈਂ ਗੁਰੂ ਸਾਹਿਬ ਜੀ ਦੇ ਅੱਗੇ ਇਹੋ ਅਰਦਾਸ ਕਰਦਾਂ ਹਾਂ ਕਿ ਜਿਸ ਸ਼ਖ਼ਸ ਨੇ ਬੇਅਦਬੀ ਕੀਤੀ ਹੈ ਅਤੇ ਜਿਹੜੀ ਸਿਆਸੀ ਪਾਰਟੀ ਨੇ ਇਸ ਮਸਲੇ ‘ਤੇ ਸਿਆਸਤ ਕੀਤੀ ਹੈ, ਉਸ ਦਾ ਕੱਖ ਨਾ ਰਹੇ। ਉਨ੍ਹਾਂ ਕਿਹਾ ਕਿ ਬੇਅਦਬੀ ਦੇ ਮੁੱਦੇ ‘ਤੇ ਸਿਆਸਤ ਕਰਨ ਵਾਲਿਆਂ ਨੂੰ ਵਿਧਾਨ ਸਭਾ ਚੋਣਾਂ ’ਚ ਇਸ ਦੇ ਨਤੀਜੇ ਭੁਗਤਣੇ ਪੈਣਗੇ।
ਸੁਖਬੀਰ ਬਾਦਲ ਨੇ ਅੱਗੇ ਬੋਲਦਿਆਂ ਕਿਹਾ ਕਿ ਬੇਅਦਬੀ ਦੀਆਂ ਇਹ ਘਟਨਾਵਾਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਰਵਾਈਆਂ ਗਈਆਂ ਸਨ। ਕਾਂਗਰਸ ਸਰਕਾਰ ’ਤੇ ਨਿਸ਼ਾਨ ਵਿੰਨ੍ਹਦੇ ਹੋਏ ਸੁਖਬੀਰ ਨੇ ਕਿਹਾ ਕਿ ਇਨ੍ਹਾਂ ਨੇ ਪੰਜ ਸਾਲ ਸਿਰਫ਼ ਸਿਆਸਤ ਕੀਤੀ ਹੈ, ਕਿਸੇ ਵੀ ਦੋਸ਼ੀ ਨੂੰ ਫੜਿਆ ਨਹੀਂ ਗਿਆ। ਉਨ੍ਹਾਂ ਕਿਹਾ ਕਿ ਬੇਅਦਬੀਆਂ ਕਰਨ ਵਾਲੇ ਲੋਕਾਂ ਨੂੰ ਹੋਰ ਕੋਈ ਸਜ਼ਾ ਦੇਵੇ ਜਾਂ ਨਾ ਦੇਵੇ ਪਰ ਪਰਮਾਤਮਾ ਸਜ਼ਾ ਜ਼ਰੂਰ ਦੇਵੇਗਾ।