ਬਾਈਡੇਨ ਦੀ ਰੂਸ ਨੂੰ ਚਿਤਾਵਨੀ, ਯੂਕਰੇਨ ‘ਚ ਦਾਖਲ ਹੋਣ ‘ਤੇ ਭੁਗਤਣੇ ਪੈਣਗੇ ਗੰਭੀਰ ਨਤੀਜੇ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਮੰਗਲਵਾਰ ਨੂੰ ਰੂਸ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਸ ਨੇ ਯੂਕਰੇਨ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਮੈਂ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਜੇਕਰ ਰੂਸ ਯੂਕਰੇਨ ‘ਚ ਦਾਖਲ ਹੋਣ ਦਾ ਫ਼ੈਸਲਾ ਕਰਦਾ ਹੈ ਤਾਂ ਉਸ ਨੂੰ ਗੰਭੀਰ ਆਰਥਿਕ ਪਾਬੰਦੀਆਂ ਸਮੇਤ ਗੰਭੀਰ ਨਤੀਜੇ ਭੁਗਤਣੇ ਪੈਣਗੇ। ਇੰਨਾ ਹੀ ਨਹੀਂ, ਮੈਂ ਪੂਰਬੀ ਖੇਤਰ (ਪੋਲੈਂਡ, ਰੋਮਾਨੀਆ ਆਦਿ) ਵਿੱਚ ਅਮਰੀਕੀ ਫ਼ੌਜਾਂ ਅਤੇ ਨਾਟੋ ਦੀ ਮੌਜੂਦਗੀ ਨੂੰ ਵਧਾਉਣ ਤੋਂ ਵੀ ਸੰਕੋਚ ਨਹੀਂ ਕਰਾਂਗਾ।
ਬਾਈਡੇਨ ਨੇ ਮੰਗਲਵਾਰ ਸਵੇਰੇ ਆਪਣੀ ਰਾਸ਼ਟਰੀ ਸੁਰੱਖਿਆ ਟੀਮ ਨਾਲ ਬੈਠਕ ਕੀਤੀ। ਉਹਨਾਂ ਨੇ ਕਿਹਾ ਕਿ ਰੂਸੀ ਬਲਾਂ ਦੀ ਤਾਇਨਾਤੀ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਬੇਲਾਰੂਸ ਦੀ ਪੂਰੀ ਸਰਹੱਦ ‘ਤੇ ਰੂਸੀ ਫ਼ੌਜੀ ਮੌਜੂਦ ਹਨ। ਬਾਈਡੇਨ ਨੇ ਸਪੱਸ਼ਟ ਕੀਤਾ ਕਿ ਅਮਰੀਕਾ ਦੀ ਯੂਕਰੇਨ ਵਿੱਚ ਆਪਣੀਆਂ ਫ਼ੌਜਾਂ ਜਾਂ ਨਾਟੋ ਬਲਾਂ ਨੂੰ ਭੇਜਣ ਦੀ ਕੋਈ ਯੋਜਨਾ ਨਹੀਂ ਹੈ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਪਰ ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਜੇ ਰੂਸੀ ਫ਼ੌਜਾਂ ਯੂਕਰੇਨ ਵਿੱਚ ਦਾਖਲ ਹੁੰਦੀਆਂ ਹਨ, ਤਾਂ ਇਸ ਦੇ ਗੰਭੀਰ ਆਰਥਿਕ ਨਤੀਜੇ ਹੋਣਗੇ।
ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਰਹੱਦ ‘ਤੇ 100,000 ਰੂਸੀ ਫ਼ੌਜੀ ਮੌਜੂਦ ਹਨ ਜੋ ਯੂਕਰੇਨ ‘ਤੇ ਹਮਲੇ ਲਈ ਜੰਗ-ਭੜਕਾਊ ਬਿਆਨਬਾਜ਼ੀ ਅਤੇ ਕਾਰਵਾਈਆਂ ਰਾਹੀਂ ਦੁਨੀਆ ਭਰ ਵਿਚ ਪ੍ਰਚਾਰ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸਾਕੀ ਨੇ ਕਿਹਾ ਕਿ ਅਸੀਂ ਕੂਟਨੀਤਕ ਯਤਨਾਂ ਨੂੰ ਤਰਜੀਹ ਦੇਵਾਂਗੇ ਪਰ ਸਾਨੂੰ ਨਹੀਂ ਪਤਾ ਕਿ ਰਾਸ਼ਟਰਪਤੀ ਪੁਤਿਨ ਦੇ ਦਿਮਾਗ ਵਿੱਚ ਕੀ ਚੱਲ ਰਿਹਾ ਹੈ। ਅਸੀਂ ਸਰਹੱਦ ‘ਤੇ ਹਮਲਾਵਰ ਕਾਰਵਾਈ ਅਤੇ ਤਿਆਰੀ ਦੇਖੀ ਹੈ। ਸਾਕੀ ਨੇ ਖੇਤਰ ਵਿੱਚ ਤਣਾਅ ਨੂੰ ਘੱਟ ਕਰਨ ਦੀ ਕਿਸੇ ਵੀ ਕੋਸ਼ਿਸ਼ ਦਾ ਸਵਾਗਤ ਕੀਤਾ। ਉਹਨਾਂ ਨੇ ਕਿਹਾ ਕਿ ਅਸੀਂ ਯੂਕਰੇਨ ਸੰਕਟ ਨੂੰ ਲੈ ਕੇ ਆਪਣੇ ਕਈ ਸਹਿਯੋਗੀਆਂ ਅਤੇ ਭਾਈਵਾਲਾਂ ਦੇ ਸੰਪਰਕ ਵਿੱਚ ਹਾਂ। ਹਾਲਾਂਕਿ, ਭਾਰਤੀ ਅਧਿਕਾਰੀਆਂ ਨਾਲ ਗੱਲਬਾਤ ਬਾਰੇ ਮੇਰੇ ਕੋਲ ਸਪੱਸ਼ਟ ਕਰਨ ਲਈ ਕੁਝ ਨਹੀਂ ਹੈ। ਅਸੀਂ ਖੇਤਰ ਵਿੱਚ ਤਣਾਅ ਨੂੰ ਘੱਟ ਕਰਨ ਦੀ ਹਰ ਕੋਸ਼ਿਸ਼ ਦਾ ਸਵਾਗਤ ਕਰਦੇ ਹਾਂ।