ਯਮੁਨਾਨਗਰ – ਹਰਿਆਣਾ ‘ਚ ਇਕ ਫਰਵਰੀ ਤੋਂ ਸਕੂਲ ਖੁੱਲ ਜਾਣਗੇ। ਸਿੱਖਿਆ ਮੰਤਰੀ ਕੰਵਰ ਪਾਲ ਗੁੱਜਰ ਨੇ ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਕਰ ਕੇ ਇਸ ਮਾਮਲੇ ‘ਚ ਪੂਰੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਕੂਲ 10ਵੀਂ, 11ਵੀਂ ਅਤੇ 12ਵੀਂ ਜਮਾਤਾਂ ਲਈ ਖੁੱਲ੍ਹਣਗੇ। ਹੁਣ ਤੱਕ 75 ਫੀਸਦੀ ਯਾਨੀ ਕਰੀਬ 5 ਲੱਖ ਬੱਚਿਆਂ ਨੂੰ ਵੈਕਸੀਨ ਲੱਗ ਚੁਕੀ ਹੈ, ਜੋ ਬੱਚੇ ਸਕੂਲ ਆਉਣਾ ਚਾਹੁੰਦੇ ਹਨ, ਉਹ ਆਉਣਗੇ, ਕਿਸੇ ਲਈ ਜ਼ਰੂਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਆਨਲਾਈਨ ਕਲਾਸ ਵੀ ਜਾਰੀ ਰਹੇਗੀ। ਜੇਕਰ ਸਥਿਤੀ ਸਹੀ ਰਹੀ ਤਾਂ ਆਉਣ ਵਾਲੇ ਸਮੇਂ ‘ਚ 6ਵੀਂ ਤੋਂ 9ਵੀਂ ਜਮਾਤ ਬਾਰੇ ਵੀ ਸੋਚਿਆ ਜਾਵੇਗਾ।
ਫਿਲਹਾਲ ਜਿਸ ਤਰੀਕੇ ਨਾਲ 15 ਤੋਂ 18 ਸਾਲ ਦੇ ਵਿਦਿਆਰਥੀਆਂ ਦੀ 75 ਫੀਸਦੀ ਵੈਕਸੀਨੇਸ਼ਨ ਹੋ ਚੁਕੀ ਹੈ, ਉਸ ਤੋਂ ਬਾਅਦ ਹੀ ਇਹ ਫ਼ੈਸਲਾ ਲਿਆ ਗਿਆ ਹੈ। ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਵੀ ਗਾਈਡਲਾਈਨਜ਼ ਜਾਰੀ ਕਰ ਦਿੱਤੀਆਂ ਜਾਣਗੀਆਂ ਕਿ ਕੋਰੋਨਾ ਦੇ ਸਾਰੇ ਨਿਯਮਾਂ ਦੀ ਸਕੂਲ ‘ਚ ਪਾਲਣਾ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਨਿੱਜੀ ਸਕੂਲਾਂ ਦਾ ਕੋਈ ਦਬਾਅ ਨਹੀਂ ਹੈ, ਇਹ ਫ਼ੈਸਲਾ ਤਾਂ ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ ਲਿਆ ਹੈ।