ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਸੁਤੰਤਰਤਾ ਸੈਨਾਨੀ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਯੰਤੀ ’ਤੇ ਇੰਡੀਆ ਗੇਟ ’ਤੇ ਉਨ੍ਹਾਂ ਦੀ ਹੋਲੋਗ੍ਰਾਮ ਮੂਰਤੀ ਦੀ ਘੁੰਡ-ਚੁਕਾਈ। ਗ੍ਰੇਨਾਈਟ ਨਾਲ ਬਣੀ ਇਕ ਮੂਰਤੀ ਤਿਆਰ ਹੋਣ ’ਤੇ ਉਹ ਹੋਲੋਗ੍ਰਾਮ ਮੂਰਤੀ ਦੀ ਜਗ੍ਹਾ ਲਵੇਗੀ। ਪ੍ਰਧਾਨ ਮੰਤਰੀ ਮੋਦੀ ਨੇ ਬੀਤੇ ਵਿਚ ਕਿਹਾ ਸੀ ਕਿ ਇਹ ਮੂਰਤੀ ਸੁਤੰਤਰਤਾ ਸੰਗ੍ਰਾਮ ਵਿਚ ਬੋਸ ਦੇ ਬੇਮਿਸਾਲ ਯੋਗਦਾਨ ਲਈ ਇਕ ਸ਼ਰਧਾਂਜਲੀ ਹੋਵੇਗੀ ਅਤੇ ਇਹ ਦੇਸ਼ ਦੇ ਉਨ੍ਹਾਂ ਪ੍ਰਤੀ ਰਿਣੀ ਹੋਣ ਦਾ ਪ੍ਰਤੀਕ ਹੋਵੇਗੀ। ਹੋਲੋਗ੍ਰਾਮ ਮੂਰਤੀ ਨੂੰ 30,000 ਲੁਮੇਨ 4ਕੇ ਪ੍ਰਾਜੈਕਟਰ ਵਲੋਂ ਸੰਚਾਲਿਤ ਕੀਤਾ ਜਾਵੇਗਾ। ਇਸ ਮੂਰਤੀ ਦਾ ਆਕਾਰ 28 ਫੁੱਟ ਉੱਚਾ ਅਤੇ 6 ਫੁੱਟ ਚੌੜਾ ਹੈ। ਇਕ ਅਦ੍ਰਿਸ਼ 90 ਫੀਸਦੀ ਪਾਰਦਰਸ਼ੀ ਹੋਲੋਗ੍ਰਾਫਿਕ ਸਕ੍ਰੀਨ ਇਸ ਤਰ੍ਹਾਂ ਲਗਾਈ ਗਈ ਹੈ ਕਿ ਇਹ ਲੋਕਾਂ ਨੂੰ ਦਿਖਾਈ ਨਹੀਂ ਦਿੰਦੀ। ਸਰਕਾਰ ਨੇ ਕਿਹਾ ਕਿ ਹੋਲੋਗ੍ਰਾਮ ਦਾ ਪ੍ਰਭਾਵ ਪੈਦਾ ਕਰਨ ਲਈ ਉਸ ’ਤੇ ਨੇਤਾਜੀ ਦੀ ਥ੍ਰੀਡੀ ਤਸਵੀਰ ਲਗਾਈ ਜਾਵੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਯੰਤੀ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਐਤਵਾਰ ਨੂੰ ਕਿਹਾ ਕਿ ਹਰ ਭਾਰਤੀ ਨੂੰ ਦੇਸ਼ ਲਈ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ’ਤੇ ਮਾਣ ਹੈ। ਮੋਦੀ ਨੇ ਲੋਕਾਂ ਨੂੰ ‘ਪਰਾਕ੍ਰਮ ਦਿਵਸ’ ਦੀਆਂ ਵੀ ਸ਼ੁੱਭਕਾਮਨਾਵਾਂ ਦਿੱਤੀਆਂ। ਸਰਕਾਰ ਨੇ ਆਜ਼ਾਦ ਹਿੰਦ ਫੌਜ ਦੇ ਸੰਸਥਾਪਕ ਬੋਸ ਦੀ ਜਯੰਤੀ ਨੂੰ ‘ਪਰਾਕ੍ਰਮ ਦਿਵਸ’ ਦੇ ਰੂਪ ਵਿਚ ਮਨਾਉਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਕਿ ਮੈਂ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਉਨ੍ਹਾਂ ਦੀ ਜਯੰਤੀ ’ਤੇ ਨਮਨ ਕਰਦਾ ਹਾਂ।
2022 ਲਈ ਸੁਭਾਸ਼ ਚੰਦਰ ਬੋਸ ਆਫਤ ਮੈਨੇਜਮੈਂਟ ਦਾ ਐਲਾਨ
ਆਫਤ ਮੈਨੇਜਮੈਂਟ ਦੇ ਖੇਤਰ ਵਿਚ ਵਿਸ਼ੇਸ਼ ਕੰਮ ਕਰਨ ਨੂੰ ਲੈ ਕੇ ਗੁਜਰਾਤ ਆਫਤ ਮੈਨੇਜਮੈਂਟ ਸੰਸਥਾ (ਜੀ. ਆਈ. ਡੀ. ਐੱਮ.) ਅਤੇ ਸਿੱਕਮ ਰਾਜ ਆਫ਼ਤ ਮੈਨੇਜਮੈਂਟ ਅਥਾਰਿਟੀ ਦੇ ਉਪ ਪ੍ਰਧਾਨ ਵਿਨੋਦ ਸ਼ਰਮਾ ਨੂੰ 2022 ਦੇ ਸੁਭਾਸ਼ ਚੰਦਰ ਬੋਸ਼ ਆਫਤ ਮੈਨੇਜਮੈਂਟ ਪੁਰਸਕਾਰ ਲਈ ਚੁਣਿਆ ਗਿਆ ਹੈ। ਕੇਂਦਰ ਸਰਕਾਰ ਨੇ ਦੇਸ਼ ਵਿਚ ਵਿਅਕਤੀਆਂ ਅਤੇ ਸੰਗਠਨਾਂ ਵਲੋਂ ਆਫਤ ਮੈਨੇਜਮੈਂਟ ਦੇ ਖੇਤਰ ਵਿਚ ਬਹੁ-ਕੀਮਤੀ ਯੋਗਦਾਨ ਦੇਣ ਅਤੇ ਬਿਨਾਂ ਸਵਾਰਥ ਸੇਵਾ ਕਰਨ ਵਾਲਿਆਂ ਨੂੰ ਸਨਮਾਨਤ ਕਰਨ ਲਈ ਸੁਭਾਸ਼ ਚੰਦਰ ਬੋਸ ਨੇ ਆਫਤ ਮੈਨੇਜਮੈਂਟ ਸਾਲਾਨਾ ਪੁਰਸਕਾਰ ਦੀ ਸ਼ੁਰੂਆਤ ਕੀਤੀ ਸੀ। ਇਸ ਪੁਰਸਕਾਰ ਦਾ ਐਲਾਨ ਹਰ ਸਾਲ 23 ਜਨਵਰੀ ਨੂੰ ਸੁਤੰਤਰਤਾ ਸੈਨਾਨੀ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਯੰਤੀ ’ਤੇ ਕੀਤਾ ਜਾਂਦਾ ਹੈ। ਇਸ ਦੇ ਤਹਿਤ ਸੰਸਥਾ ਨੂੰ 51 ਲੱਖ ਰੁਪਏ ਦਾ ਨਕਦ ਪੁਰਸਕਾਰ ਅਤੇ ਪ੍ਰਮਾਣ ਪੱਤਰ, ਜਦਕਿ ਵਿਅਕਤੀ ਨੂੰ 5 ਲੱਖ ਰੁਪਏ ਅਤੇ ਇਕ ਪ੍ਰਮਾਣ ਪੱਤਰ ਪ੍ਰਦਾਨ ਕੀਤਾ ਜਾਂਦਾ ਹੈ।