ਦਿੱਲੀ ਸਰਕਾਰ ‘ਤੇ ਵੱਡੇ ਬਾਦਲ ਦਾ ਨਿਸ਼ਾਨਾ, ਕਿਹਾ-ਦਵਿੰਦਰਪਾਲ ਭੁੱਲਰ ਦੀ ਰਿਹਾਈ ’ਚ ਅੜਿੱਕਾ ਨਾ ਬਣਨ ਕੇਜਰੀਵਾਲ

ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਬੇਨਤੀ ਕੀਤੀ ਹੈ ਕਿ ਉਹ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਵਿਚ ਅੜਿੱਕਾ ਨਾ ਬਣਨ। ਕੇਜਰੀਵਾਲ ਚੋਣ ਅਵਸਰਵਾਦ ਦੀ ਥਾਂ ਭੁੱਲਰ ਦੀ ਰਿਹਾਈ ਲਈ ਤੁਰੰਤ ਮਨਜ਼ੂਰੀ ਦੇਣ ਦਾ ਫ਼ੈਸਲਾ ਲੈਣ। ਦਵਿੰਦਰ ਸਿੰਘ ਭੁੱਲਰ 1993 ਦੇ ਦਿੱਲੀ ਬੰਬ ਧਮਾਕੇ ਦੇ ਦੋਸ਼ੀ ਹਨ। ਇਸ ਬੰਬ ਧਮਾਕੇ ਵਿਚ 9 ਲੋਕ ਮਾਰੇ ਗਏ ਸਨ ਅਤੇ ਮਨਜਿੰਦਰ ਸਿੰਘ ਬਿੱਟਾ ਸਮੇਤ 31 ਲੋਕ ਜ਼ਖ਼ਮੀ ਹੋਏ ਸਨ।
ਸਾਬਕਾ ਮੁੱਖ ਮੰਤਰੀ ਨੇ ਭੁੱਲਰ ਵੱਲੋਂ ਸਿਹਤ ਸਬੰਧੀ ਝੱਲੀਆਂ ਜਾ ਰਹੀਆਂ ਗੰਭੀਰ ਮੁਸ਼ਕਿਲਾਂ ਵੱਲ ਵੀ ਕੇਜਰੀਵਾਲ ਦਾ ਧਿਆਨ ਦਿਵਾਇਆ ਅਤੇ ਕਿਹਾ ਕਿ ਸਿਰਫ਼ ਕਾਨੂੰਨੀ ਗੱਲਾਂ ਤੋਂ ਇਲਾਵਾ ਬੁਨਿਆਦੀ ਮਾਨਵੀ ਚਿੰਤਾ ਨਾਲ ਤੁਹਾਨੂੰ ਇਸ ਮਾਮਲੇ ਵਿਚ ਤੇਜ਼ੀ ਨਾਲ ਸਕਾਰਾਤਮਕ ਕਾਰਵਾਈ ਕਰਨੀ ਚਾਹੀਦੀ ਹੈ। ਬਾਦਲ ਨੇ ਕਿਹਾ ਕਿ ਕੇਜਰੀਵਾਲ ਨੂੰ ਸ਼ਾਂਤੀ ਪਸੰਦ ਪੰਜਾਬੀਆਂ ਦਾ ਧਰੁਵੀਕਰਨ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਹੈ ਅਤੇ ਨਾ ਹੀ ਇਥੇ ਵੱਖ-ਵੱਖ ਭਾਈਚਾਰਿਆਂ ਵਿਚਕਾਰ ਮਜ਼ਬੂਤ ਪ੍ਰੰਪਰਕ ਭਾਈਚਾਰੇ ਦੇ ਬੰਧਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹ ਰਿਹਾਈ ਪੰਜਾਬ ਵਿਚ ਭਾਈਚਾਰਿਆਂ ਵਿਚਕਾਰ ਸ਼ਾਂਤੀ ਅਤੇ ਭਾਈਚਾਰੇ ਦੀ ਭਾਵਨਾ ਨੂੰ ਹੱਲਾਸ਼ੇਰੀ ਦੇਵੇਗੀ।