ਸੁਖਬੀਰ ਬਾਦਲ ਪੁੱਜੇ ਸੰਗਰੂਰ, ਉਮੀਦਵਾਰ ਵਿਨਰਜੀਤ ਗੋਲਡੀ ਦੇ ਹੱਕ ‘ਚ ਕੀਤਾ ਪ੍ਰਚਾਰ

ਸੰਗਰੂਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸੰਗਰੂਰ ਹਲਕੇ ਤੋਂ ਉਮੀਦਵਾਰ ਵਿਨਰਜੀਤ ਸਿੰਘ ਗੋਲਡੀ ਦੇ ਹੱਕ ‘ਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਨੀਲੇ ਕਾਰਡ ਕੱਟੇ ਗਏ ਹਨ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ‘ਤੇ ਪਹਿਲੇ ਮਹੀਨੇ ਅੰਦਰ ਸਭ ਦੇ ਕਾਰਡ ਬਣਾਏ ਜਾਣਗੇ।
ਉਨ੍ਹਾਂ ਕਿਹਾ ਕਿ ਨੀਲਾ ਕਾਰਡ ਧਾਰਕ ਪਰਿਵਾਰ ਦੀ ਘਰ ਦੀ ਮੁਖੀ ਔਰਤ ਨੂੰ 2000 ਰੁਪਿਆ ਪ੍ਰਤੀ ਮਹੀਨਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰ ਘਰ ‘ਚ ਬਿਜਲੀ ਦੇ 400 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਹੋਣਗੇ। ਸੁਖਬੀਰ ਬਾਦਲ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਕੋਲ ਕੋਈ ਜ਼ਮੀਨ ਨਹੀਂ ਹੈ, ਪਹਿਲੇ 3 ਮਹੀਨਿਆਂ ਅੰਦਰ ਅਜਿਹੇ ਲੋਕਾਂ ਨੂੰ 5-5 ਮਰਲੇ ਜ਼ਮੀਨ ਦਿੱਤੀ ਜਾਵੇਗੀ ਅਤੇ ਭਾਈ ਘੱਨਈਆ ਸਕੀਮ ਦੁਬਾਰਾ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਇਕ ਵਿਧਾਨ ਸਭਾ ਹਲਕੇ ‘ਚ 5,000 ਮਕਾਨ ਗਰੀਬਾਂ ਲਈ ਬਣਾ ਕੇ ਦਿੱਤੇ ਜਾਣਗੇ।
ਸੁਖਬੀਰ ਬਾਦਲ ਨੇ ਕਿਹਾ ਕਿ ਜਿਨ੍ਹਾਂ ਕਿਸਾਨ ਪਰਿਵਾਰਾਂ ਕੋਲ ਕੋਈ ਵੀ ਟਿਊਬਵੈੱਲ ਕੁਨੈਕਸ਼ਨ ਨਹੀਂ ਹੈ, ਉਨ੍ਹਾਂ ਨੂੰ ਸਰਕਾਰ ਬਣਨ ਦੇ ਪਹਿਲੇ ਮਹੀਨੇ ਅੰਦਰ ਇਕ ਟਿਊਬਵੈੱਲ ਕੁਨੈਕਸ਼ਨ ਦਿੱਤਾ ਜਾਵੇਗਾ। ਸੁਖਬੀਰ ਬਾਦਲ ਨੇ ਇਸ ਮੌਕੇ ਕਾਂਗਰਸ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਕਾਂਗਰਸ ਨੇ ਪਿਛਲੇ ਸਾਲਾਂ ਦੌਰਾਨ ਕੁੱਝ ਵੀ ਨਹੀਂ ਕੀਤਾ ਅਤੇ ਜੋ ਕੁੱਝ ਵੀ ਪੰਜਾਬ ਦਾ ਵਿਕਾਸ ਹੋਇਆ ਹੈ, ਅਕਾਲੀ ਦਲ ਦੀ ਸਰਕਾਰ ਵੇਲੇ ਹੋਇਆ ਹੈ।