ਮੋਹਾਲੀ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਉਸ ਵੇਲੇ ਇਕ ਨਵੀਂ ਮੁਸੀਬਤ ’ਚ ਘਿਰ ਗਏ, ਜਦੋਂ ਪੰਜਾਬ ਦੇ ਡੀ. ਜੀ. ਪੀ., ਚੋਣ ਕਮਿਸ਼ਨਰ ਅਤੇ ਮੁੱਖ ਚੋਣ ਕਮਿਸ਼ਨਰ ਭਾਰਤ ਨੂੰ ਇਕ ਸ਼ਿਕਾਇਤ ਭੇਜ ਕੇ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਕੇਸ ਦਰਜ ਕਰਵਾਏ ਜਾਣ ਦੀ ਮੰਗ ਕੀਤੀ ਗਈ ਹੈ। ਇਹ ਸ਼ਿਕਾਇਤ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਕੇਸ ਰਜਿਸਟਰ ਕਰਵਾਉਣ ਸਬੰਧੀ ਪਿੰਡ ਝੰਜੇੜੀ ਜ਼ਿਲ੍ਹਾ ਮੋਹਾਲੀ ਦੇ ਸਤੀਸ਼ ਕੁਮਾਰ ਤੇ ਹਰਪਾਲ ਸਿੰਘ ਵਲੋਂ ਪਾਈ ਗਈ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਸਤੀਸ਼ ਕੁਮਾਰ ਤੇ ਹਰਪਾਲ ਸਿੰਘ ਦੇ ਐਡਵੋਕੇਟ ਪਰਮਪ੍ਰੀਤ ਸਿੰਘ ਬਾਜਵਾ ਅਤੇ ਐਡਵੋਕੇਟ ਗੌਰਵ ਰਾਣਾ ਨੇ ਕਿਹਾ ਕਿ 26 ਦਸੰਬਰ 2021 ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਬਟਾਲਾ ਵਿਖੇ ਇਕ ਰੈਲੀ ਦੌਰਾਨ ‘ਗੁੱਗਾ ਜ਼ਾਹਰ’ ਸਬੰਧੀ ਅਪਮਾਨਜਨਕ ਭਾਸ਼ਾ ਦਾ ਇਸਤੇਮਾਲ ਕੀਤਾ ਸੀ, ਜਿਸ ਨਾਲ ਉਨ੍ਹਾਂ ਦੇ ਸ਼ਰਧਾਲੂਆਂ ਦੇ ਮਨਾਂ ਨੂੰ ਡੂੰਘੀ ਸੱਟ ਵੱਜੀ ਹੈ। ਇਸ ਸ਼ਿਕਾਇਤ ’ਤੇ ਕਾਰਵਾਈ ਜੇਕਰ ਨਹੀਂ ਹੁੰਦੀ ਤਾਂ ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ ਦਾ ਰੁਖ਼ ਕੀਤਾ ਜਾਵੇਗਾ।