ਪਾਰਲ – ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਕਿਹਾ ਕਿ ਜੇਕਰ ਭਵਿੱਖ ‘ਚ ਉਨ੍ਹਾਂ ਨੂੰ ਰਾਸ਼ਟਰੀ ਟੀਮ ਦੀ ਕਪਤਾਨੀ ਦਾ ਮੌਕਾ ਮਿਲਦਾ ਹੈ ਤਾਂ ਉਹ ਇਹ ਜ਼ਿੰਮੇਵਾਰੀ ਨਿਭਾਉਣ ਤੋਂ ਕਦੇ ਪਿੱਛੇ ਨਹੀਂ ਹਟੇਗਾ। ਵੀਰਾਟ ਕੋਹਲੀ ਦਾ ਟੈੱਸਟ ਕਪਤਾਨੀ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਉਸ ਦਾ ਤਿੰਨਾਂ ਸਵਰੂਪਾਂ ‘ਚ ਕਪਤਾਨੀ ਕਰੀਅਰ ਖ਼ਤਮ ਹੋ ਗਿਆ ਹੈ ਜਦੋਂ ਕਿ ਰੋਹਿਤ ਸ਼ਰਮਾ ਅਗਲੇ ਸਾਲ 35 ਸਾਲ ਦੇ ਹੋ ਜਾਵੇਗਾ ਅਤੇ ਅਜਿਹੇ ‘ਚ ਸਵਾਲ ਇਹ ਉੱਠਦਾ ਹੈ ਕਿ ਅਜਿਹਾ ਕਿਹੜਾ ਖਿਡਾਰੀ ਹੈ ਜੋ ਕਿ ਲੰਮੀ ਮਿਆਦ ਤਕ ਟੀਮ ਦੀ ਕਮਾਨ ਸੰਭਾਲ ਸਕਦਾ ਹੋਵੇ। ਇਸ ਲਿਹਾਜ਼ ਤੋਂ ਬੁਮਰਾਹ ਨੂੰ ਵੀ ਕਪਤਾਨੀ ਦੇ ਦਾਅਵੇਦਾਰਾਂ ‘ਚ ਮੰਨਿਆ ਜਾ ਰਿਹਾ ਹੈ।
ਬੁਮਰਾਹ ਨੇ ਦੱਖਣੀ ਅਫ਼ਰੀਕਾ ਖਿਲਾਫ਼ ਸ਼ੁਰੂ ਹੋ ਚੁੱਕੀ ਵਨ ਡੇ ਸੀਰੀਜ਼ ਤੋਂ ਪਹਿਲਾਂ ਇੱਕ ਪ੍ਰੈੱਸ ਕਾਨਫ਼ਰੰਸ ‘ਚ ਕਿਹਾ, ”ਜੇਕਰ ਇਹ ਮੌਕਾ ਮਿਲਦਾ ਹੈ ਤਾਂ ਇਹ ਸਨਮਾਨ ਹੋਵੇਗਾ ਅਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਖਿਡਾਰੀ ਇਸ ਲਈ ਮਨ੍ਹਾ ਕਰੇਗਾ ਅਤੇ ਮੈਂ ਵੀ ਇਸ ਖ਼ਿਆਲ ਦੇ ਵਿਰੋਧ ‘ਚ ਨਹੀਂ। ਚਾਹੇ ਉਹ ਕੋਈ ਵੀ ਲੀਡਰਸ਼ਿਪ ਸਮੂਹ ਹੋਵੇ, ਮੈਂ ਹਮੇਸ਼ਾ ਆਪਣੀ ਸਭ ਤੋਂ ਸਰਵੋਤਮ ਸਮਰੱਥਾ ਨਾਲ ਉਸ ‘ਚ ਯੋਗਦਾਨ ਦੇਣਾ ਚਾਹੁੰਦਾ ਹਾਂ।”ਦੱਖਣੀ ਅਫ਼ਰੀਕਾ ਖਿਲਾਫ਼ ਵਨ ਡੇ ਸੀਰੀਜ਼ ‘ਚ ਬੁਮਰਾਹ ਉੱਪ-ਕਪਤਾਨ ਦੀ ਭੂਮਿਕਾ ਨਿਭਾ ਰਿਹਾ ਹੈ, ਅਤੇ ਉਸ ਨੇ ਕਿਹਾ, ”ਜ਼ਿੰਮੇਵਾਰੀ ਲੈਣਾ ਤੇ ਟੀਮ ਦੇ ਸਾਥੀਆਂ ਦੀ ਮਦਦ ਕਰਨਾ ਉਨ੍ਹਾਂ ਦਾ ਸੁਭਾਵਿਕ ਗੁਣ ਹੈ।”