ਮਹਾਰਾਸ਼ਟਰ: 12 ਭਾਜਪਾ ਵਿਧਾਇਕਾਂ ਦੀ ਮੁਅੱਤਲੀ ਮਾਮਲੇ ’ਚ ਸੁਣਵਾਈ ਪੂਰੀ, SC ਨੇ ਸੁਰੱਖਿਅਤ ਰੱਖਿਆ ਫੈਸਲਾ

ਨਵੀਂ ਦਿੱਲੀ– ਸੁਪਰੀਮ ਕੋਰਟ ਨੇ ਮਹਾਰਾਸ਼ਟਰ ਵਿਧਾਨ ਸਭਾ ਵੱਲੋਂ ਮੌਕੇ ਦੇ ਅਧਿਕਾਰੀ ਨਾਲ ਦੁਰਵਿਹਾਰ ਕਰਨ ਦੇ ਦੋਸ਼ ’ਚ ਇਕ ਸਾਲ ਲਈ ਮੁਅੱਤਲ ਕੀਤੇ ਗਏ ਭਾਜਪਾ ਦੇ 12 ਵਿਧਾਇਕਾਂ ਦੀ ਮੰਗ ’ਤੇ ਬੁੱਧਵਾਰ ਨੂੰ ਸੁਣਵਾਈ ਪੂਰੀ ਕਰ ਲਈ। ਅਦਾਲਤ ਨੇ ਇਸ ’ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ। ਜਸਟਿਸ ਏ. ਐੱਮ. ਖਾਨਵਿਲਕਰ ਦੀ ਪ੍ਰਧਾਨਗੀ ਵਾਲੀ 3 ਜੱਜਾਂ ਦੀ ਬੈਂਚ ਨੇ ਸਬੰਧਤ ਪੱਖਾਂ ਨੂੰ ਕਿਹਾ ਹੈ ਕਿ ਉਹ ਇਕ ਹਫਤੇ ਦੇ ਅੰਦਰ-ਅੰਦਰ ਲਿਖਤੀ ਦਲੀਲਾਂ ਦੇਣ।
ਸ਼ੁਰੂਆਤ ’ਚ, ਇਕ ਵਿਧਾਇਕ ਨਾਲ ਪੇਸ਼ ਹੋਏ ਸੀਨੀਅਰ ਵਕੀਲ ਮਹੇਸ਼ ਜੇਠਮਲਾਨੀ ਨੇ ਦਲੀਲ ਦਿੱਤੀ ਸੀ ਕਿ ਲੰਮੇਂ ਸਮੇਂ ਤੱਕ ਮੁਅੱਤਲ ਰੱਖਣਾ, ਬਰਖਾਤਸਗੀ ਨਾਲੋਂ ਵੀ ਵਧ ਭੈੜਾ ਹੈ, ਕਿਉਂਕਿ ਇਸ ਨਾਲ ਵੋਟਰਾਂ ਦੇ ਅਧਿਕਾਰ ਪ੍ਰਭਾਵਿਤ ਹੁੰਦੇ ਹਨ। ਹੋਰ ਵਿਧਾਇਕਾਂ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਕਿਹਾ ਕਿ ਇਕ ਸਾਲ ਦੀ ਮੁਅੱਤਲੀ ਦਾ ਫੈਸਲਾ ਪੂਰੀ ਤਰ੍ਹਾਂ ਤਰਕਹੀਣ ਹੈ।