ਨਵੀਂ ਦਿੱਲੀ – ਦੇਸ਼ ਦੇ ਪਹਿਲੇ ਚੀਫ਼ ਡਿਫੈਂਸ ਆਫ਼ ਸਟਾਫ਼ (ਸੀ. ਡੀ. ਐੱਸ.) ਮਰਹੂਮ ਜਨਰਲ ਬਿਪਿਨ ਰਾਵਤ ਦੇ ਭਰਾ ਰਿਟਾਇਰਡ ਕਰਨਲ ਵਿਜੇ ਰਾਵਤ ਉੱਤਰਾਖੰਡ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੁੱਧਵਾਰ ਨੂੰ ਭਾਜਪਾ ’ਚ ਸ਼ਾਮਲ ਹੋ ਗਏ। ਰਾਜਧਾਨੀ ਸਥਿਤ ਭਾਜਪਾ ਹੈੱਡਕੁਆਰਟਰ ’ਚ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਸੂਬਾ ਭਾਜਪਾ ਪ੍ਰਧਾਨ ਮਦਨ ਕੌਸ਼ਿਕ ਅਤੇ ਰਾਜ ਸਭਾ ਮੈਂਬਰ ਅਨਿਲ ਬਲੂਨੀ ਦੀ ਮੌਜੂਦਗੀ ’ਚ ਉਨ੍ਹਾਂ ਨੇ ਭਾਜਪਾ ਦੀ ਮੈਂਬਰਸ਼ਿਪ ਹਾਸਲ ਕੀਤੀ।
ਵਿਜੇ ਰਾਵਤ ਨੇ ਇਸ ਮੌਕੇ ’ਤੇ ਕਿਹਾ ਕਿ ਭਾਜਪਾ ਦਾ ਕੰਮ ਕਰਨ ਦਾ ਢੰਗ ਬਹੁਤ ਪਿਆਰਾ ਹੈ ਅਤੇ ਇਹੀ ਇਕ ਅਜਿਹੀ ਪਾਰਟੀ ਹੈ, ਜੋ ਅਸਲ ’ਚ ਦੇਸ਼ ਦਾ ਭਲਾ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸੋਚ ਵੀ ਬਹੁਤ ਚੰਗੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਇਕ ਹੈਲੀਕਾਪਟਰ ਹਾਦਸੇ ’ਚ ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਸਮੇਤ ਕਈ ਹੋਰ ਫ਼ੌਜੀ ਅਧਿਕਾਰੀਆਂ ਦਾ ਦਿਹਾਂਤ ਹੋ ਗਿਆ ਸੀ।