ਅਸੀਂ ਪਹਿਲੇ ਸਮਿਆਂ ‘ਚ ਬਿਨਾਂ ਇੰਟਰਨੈੱਟ ਦੇ ਜਿਊਂਦੇ ਕਿਵੇਂ ਰਹਿੰਦੇ ਸੀ? ਸੈੱਲ ਫ਼ੋਨਾਂ ਬਿਨਾਂ ਸਾਡਾ ਕਿਵੇਂ ਸਰਦਾ ਸੀ? ਸੋਚੋ ਜ਼ਰਾ, ਕਿੰਨੀਆਂ ਕਾਲਾਂ ਸਾਨੂੰ ਮਿੱਸ ਕਰਨੀਆਂ ਪਈਆਂ ਹੋਣਗੀਆਂ ਅਤੇ ਉਨ੍ਹਾਂ ਸਾਰੀਆਂ ਈਮੇਲਾਂ ਬਾਰੇ ਵੀ ਜਿਹੜੀਆਂ ਕਦੇ ਸਾਡੇ ਤਕ ਪਹੁੰਚ ਹੀ ਨਹੀਂ ਸਕੀਆਂ। ਸ਼ਾਇਦ ਇਸੇ ਲਈ ਉਸ ਵਕਤ ਅਸੀਂ ਸਾਰੇ ਇੰਨੇ ਉਦਾਸ ਜੀਵਨ ਜਿਊਣ ਲਈ ਮਜਬੂਰ ਸੀ। ਕੀ ਕਿਹਾ, ਅਸੀਂ ਓਦੋਂ ਨਾਖ਼ੁਸ਼ ਨਹੀਂ ਸੀ? ਤੁਹਾਡੇ ਕਹਿਣ ਤੋਂ ਮੁਰਾਦ ਹੈ ਕਿ ਉਸ ਵੇਲੇ ਵੀ ਇਹ ਸੰਸਾਰ ਰਹਿਣ ਲਈ ਇੱਕ ਸੁਹਾਵਣਾ ਸਥਾਨ ਸੀ, ਫ਼ੇਸਬੁੱਕ ਅਤੇ ਟਵਿਟਰ ਦੀ ਇਜਾਦ ਤੋਂ ਪਹਿਲਾਂ ਅਤੇ ਬਿਨਾਂ? ਬਿਲਕੁਲ ਸੀ! ਅਤੇ ਇਸ ਸਮੇਂ ਜਦੋਂ ਤੁਸੀਂ ਉਨ੍ਹਾਂ ਸਾਰੀਆਂ ਸ਼ੈਵਾਂ ਦੀ ਸੰਭਾਵੀ ਅਣਹੋਂਦ ਬਾਰੇ ਵਿਚਾਰ ਰਹੇ ਹੋ ਜਿਨ੍ਹਾਂ ਦੇ ਮੌਜੂਦ ਹੋਣ ਦੀ ਹੁਣ ਤੁਹਾਨੂੰ ਆਦਤ ਜਿਹੀ ਪੈ ਚੁੱਕੀ ਹੈ, ਇਸ ਸੰਭਾਵਨਾ ਬਾਰੇ ਵੀ ਸੋਚੋ ਕਿ ਸ਼ਾਇਦ ਉਨ੍ਹਾਂ ਬਿਨਾ ਗ਼ੁਜ਼ਾਰਾ ਕਰਨਾ ਸੱਚਮੁੱਚ ਇੰਨਾ ਔਖਾ ਨਹੀਂ।

ਜਦੋਂ ਅਸੀਂ ਆਪਣਾ ਪੈਸਾ ਗਿਣੀਏ, ਸਾਨੂੰ ਉਸ ਨੂੰ ਕੇਵਲ ਇੱਕ ਵਾਰ ਹੀ ਗਿਣਨਾ ਚਾਹੀਦਾ ਹੈ। ਲੋਕ ਅਕਸਰ ਓਦੋਂ ਮੁਸੀਬਤ ‘ਚ ਫ਼ਸ ਜਾਂਦੇ ਹਨ ਜਦੋਂ ਉਹ ਖ਼ੁਦ ਨੂੰ ਉਸ ਨਾਲੋਂ ਵਧੇਰੇ ਅਮੀਰ ਸਮਝ ਲੈਂਦੇ ਹਨ ਜਿੰਨੇ ਉਹ ਹੁੰਦੇ ਹਨ ਅਤੇ ਉਸ ਨਾਲੋਂ ਵੱਧ ਖ਼ਰਚ ਕਰ ਦਿੰਦੇ ਹਨ ਜਿੰਨਾ ਉਨ੍ਹਾਂ ਨੂੰ ਕਰਨਾ ਚਾਹੀਦੈ। ਪਰ ਜਦੋਂ ਅਸੀਂ ਆਪਣੀਆਂ ਬਖ਼ਸ਼ਿਸ਼ਾਂ ਗਿਣਨ ਲੱਗੀਏ, ਸਾਨੂੰ ਪੂਰੀ ਖੁੱਲ੍ਹ ਹੁੰਦੀ ਹੈ ਕਿ ਅਸੀਂ ਉਨ੍ਹਾਂ ਨੂੰ ਦੁੱਗਣਾ ਜਾਂ ਇੱਥੋ ਤਕ ਕਿ ਤਿਗਣਾ ਕਰ ਕੇ ਗਿਣੀਏ। ਦਿਲਾਂ ਦੇ ਅਸਾਸੇ ਕਦੇ ਵੀ ਖ਼ਤਮ ਨਹੀਂ ਹੋ ਸਕਦੇ। ਜਿੰਨਾ ਜ਼ਿਆਦਾ ਅਸੀਂ ਉਨ੍ਹਾਂ ਦੀ ਵਰਤੋਂ ਕਰਦੇ ਹਾਂ, ਉਨ੍ਹਾਂ ਨੂੰ ਸਲਾਹੁੰਦੇ ਅਤੇ ਵੰਡਦੇ ਹਾਂ, ਇਹ ਓਨੇ ਹੀ ਵਧਦੇ ਨੇ। ਤੁਹਾਡੀ ਆਰਥਿਕ ਸਥਿਤੀ ਭਾਵੇਂ ਓਹੋ ਜਿਹੀ ਨਾ ਵੀ ਹੋਵੇ ਜਿਹੋ ਜਿਹੀ ਤੁਸੀਂ ਚਾਹੁੰਦੇ ਸੀ, ਪਰ ਤੁਹਾਡੀ ਜ਼ਿੰਦਗੀ ਦੇ ਦੂਸਰੇ ਖੇਤਰਾਂ ‘ਚ ਤੁਹਾਡੀ ਖ਼ੁਸ਼ਕਿਸਮਤੀ ਦੀ ਕੋਈ ਹੱਦ ਨਹੀਂ। ਉਸ ਦਾ ਜਸ਼ਨ ਮਨਾਓ, ਅਤੇ ਬਾਕੀ ਸਭ ਕੁੱਝ ਖ਼ੁਦ-ਬ-ਖ਼ੁਦ ਸੁਲਝ ਜਾਏਗਾ।

ਆਪਣਾ ਵਕਤ ਉਨ੍ਹਾਂ ਸਾਰੀਆਂ ਚੀਜ਼ਾਂ ਬਾਰੇ ਸੋਚਣ ‘ਤੇ ਜ਼ਾਇਆ ਨਾ ਕਰੋ ਜੋ ਤੁਹਾਡੇ ਕੋਲ ਨਹੀਂ, ਤੁਹਾਨੂੰ ਮਿਲ ਨਹੀਂ ਸਕਦੀਆਂ ਜਾਂ ਤੁਹਾਡੀ ਇੱਛਾ ਹੈ ਕਿ ਤੁਹਾਨੂੰ ਵਾਪਿਸ ਮਿਲ ਜਾਣ। ਤੁਹਾਡੇ ਅੰਦਰ ਇਸ ਵਕਤ ਵਿਚਾਰਮਗਨ, ਚਿੰਤਨਸ਼ੀਲ ਮੂਡ ਉਮੜ ਰਿਹੈ, ਅਤੇ ਜਦੋਂ ਕਿ ਅਜਿਹਾ ਮਿਜ਼ਾਜ ਸ਼ੇਅਰੋ ਸ਼ਾਇਰੀ ਕਰਨ ਜਾਂ ਕਵਿਤਾ ਰਚਣ ਲਈ ਤਾਂ ਬਹੁਤ ਵਧੀਆ ਹੈ, ਇਹ ਮੌਕੇ ਸਿਰਜਣ ‘ਚ ਤੁਹਾਡੀ ਕੋਈ ਮਦਦ ਨਹੀਂ ਕਰ ਸਕਦਾ। ਜੇਕਰ ਤੁਸੀਂ ਕਿਸੇ ਮੌਕੇ ਦਾ ਫ਼ਾਇਦਾ ਉਠਾਉਣਾ ਚਾਹੁੰਦੇ ਹੋ, ਤੁਹਾਨੂੰ ਵਰਤਮਾਨ ‘ਚ ਰਹਿਣਾ ਸਿਖਣਾ ਪੈਣੈ। ਜਿਹੜੇ ਮੌਕੇ ਇਸ ਵਕਤ ਤੁਹਾਡੇ ਸਨਮੁੱਖ ਮੌਜੂਦ ਹਨ, ਸ਼ਾਇਦ ਇਹ ਉਹੋ ਜਿਹੇ ਨਾ ਹੋਣ ਜਿਹੋ ਜਿਹੀ ਤੁਸੀਂ ਕਦੇ ਕਲਪਨਾ ਜਾਂ ਇੱਛਾ ਕੀਤੀ ਸੀ, ਪਰ ਫ਼ਿਰ ਵੀ ਉਹ ਸੱਚਮੁੱਚ ਸ਼ਾਨਦਾਰ ਹਨ। ਜਿਓਂ ਹੀ ਤੁਸੀਂ ਉਤਸਾਹਪੂਰਣ ਰਵੱਈਆ ਅਪਨਾ ਲਓਗੇ, ਆਰਥਿਕ ਅਤੇ ਭਾਵਨਾਤਮਕ ਪੱਖੋਂ ਤੁਹਾਡੀ ਜ਼ਿੰਦਗੀ ਨਾਟਕੀ ਢੰਗ ਨਾਲ ਸੁਧਰ ਜਾਵੇਗੀ।

ਜੇ ਕੋਈ ਅਜਿਹੀ ਚੀਜ਼ ਹੈ ਜਿਹੜੀ ਤੁਹਾਨੂੰ ਸਮਝ ਨਹੀਂ ਆ ਰਹੀ, ਉਸ ਨੂੰ ਸਮਝਣ ਦੀ ਬਹੁਤੀ ਜ਼ਿਆਦਾ ਕੋਸ਼ਿਸ ਕਰਨੀ ਬੰਦ ਕਰ ਦਿਓ। ਹੋ ਸਕਦਾ ਹੈ ਤੁਸੀਂ ਕਿਸੇ ਅਜਿਹੀ ਸ਼ੈਅ ਨੂੰ ਢੂੰਡ ਰਹੇ ਹੋਵੋ ਜਿਸ ਦੀ ਹੋਂਦ ਹੀ ਨਾ ਹੋਵੇ, ਜਿਵੇਂ ਪ੍ਰੇਮ ਹੋ ਜਾਣ ਦਾ ਕੋਈ ਤਰਕਸ਼ੀਲ ਕਾਰਨ ਜਾਂ ਕਿਸੇ ਬੇਵਕੁਫ਼ਾਨੇ ਸਵਾਲ ਦਾ ਸਿਆਣਾ ਜਵਾਬ। ਤੁਸੀਂ ਇੱਕ ਅਜਿਹੀ ਸਥਿਤੀ ‘ਚ ਹੋ ਜਿਹੜੀ ਜਿਵੇਂ ਦੀ ਹੈ ਬਸ ਉਸੇ ਤਰ੍ਹਾਂ ਦੀ ਹੀ ਹੈ! ਇਹ ਨਾ ਪੁੱਛੋ, ”ਕਿਸ ਦਾ ਕਸੂਰ ਹੈ ਇਹ? ”ਜਾਂ ਇਹ ਵੀ ਨਹੀਂ, ”ਇਸ ਨੂੰ ਸੁਧਾਰਿਆ ਕਿਵੇਂ ਜਾ ਸਕਦਾ ਹੈ? ”ਸਿਰਫ਼ ਇਹ ਪੁੱਛੋ, ”ਇਸ ਵਕਤ ਜੋ ਮੈਂ ਬਦਲਣ ਦੇ ਕਾਬਿਲ ਨਹੀਂ, ਉਸ ਨੂੰ ਕਬੂਲ ਕਿਵੇਂ ਕਰਾਂ? ”ਕੁੱਝ ਕਾਰਨ ਅਜਿਹੇ ਹੁੰਦੇ ਹਨ ਜਿਹੜੇ ਨਾ ਤਾਂ ਓਨੇ ਸਥਾਈ ਹੁੰਦੇ ਹਨ ਅਤੇ ਨਾ ਹੀ ਅੰਤਿਮ ਜਿੰਨਾ ਉਹ ਜਾਪਦੇ ਹੁੰਦੇ ਹਨ। ਇਹੋ ਕਾਰਨ ਹੈ ਕਿ ਕੁੱਝ ਹੱਦ ਤਕ ਭੰਬਲਭੂਸਾ ਕਿਓਂ ਠੀਕ ਹੈ – ਅਤੇ ਕਿਸੇ ਤਰ੍ਹਾਂ ਦਾ ਵੀ ਨਿਰਾਸ਼ਾਵਾਦ ਕਿਓਂ ਨਹੀਂ!
ਸਖ਼ਤ ਮਿਹਨਤ ਕਰਨ ਵਾਲੇ ਲੋਕ ਹਮੇਸ਼ਾ ਸਫ਼ਲ ਨਹੀਂ ਹੁੰਦੇ। ਤੁਸੀਂ ਸਾਈਕਲ ਨੂੰ ਜਿੰਨੀ ਮਰਜ਼ੀ ਤੇਜ਼ ਚਾਹੋ ਪੈਡਲ ਮਾਰ ਸਕਦੇ ਹੋ, ਪਰ ਜੇਕਰ ਚੇਨ ਪਹੀਏ ਨਾਲ ਸਹੀ ਤਰ੍ਹਾਂ ਜੁੜੀ ਹੋਈ ਨਹੀਂ, ਉਹ ਬਹੁਤੀ ਦੂਰ ਨਹੀਂ ਜਾ ਸਕੇਗਾ। ਅਤੇ ਜੇਕਰ ਤੁਸੀਂ ਖ਼ੁਦ ਨੂੰ ਕਿਸੇ ਪਹਾੜ ਦੀ ਟੀਸੀ ‘ਤੇ ਖੜ੍ਹਾ ਹੋਇਆ ਪਾਓ ਅਤੇ ਤੁਹਾਡੀ ਮੰਜ਼ਿਲ ਉਸ ਤੋਂ ਕਿਤੇ ਹੇਠਾਂ ਹੋਵੇ, ਸ਼ਾਇਦ ਤੁਸੀਂ ਬਿਨਾ ਪੈਰ ਮਾਰੇ ਜਾਂ ਬਹੁਤੀ ਕੋਸ਼ਿਸ਼ ਕੀਤਿਆਂ ਫ਼ਿਸਲ ਕੇ ਵੀ ਉੱਥੇ ਤਕ ਪਹੁੰਚ ਸਕਦੇ ਹੋ। ਮੈਂ ਇਸ ਗੱਲ ਦਾ ਜ਼ਿਕਰ ਕੇਵਲ ਇਸ ਲਈ ਕਰ ਰਿਹਾਂ ਕਿਉਂਕਿ ਤੁਹਾਨੂੰ ਇਸ ਵਕਤ ਆਪਣੇ ਉਸ ਉੱਦਮ ਲਈ ਥੋੜ੍ਹੀ ਜਿਹੀ ਰਣਨੀਤੀ ਘੜਨ ਦੀ ਲੋੜ ਹੈ ਜਿਹੜਾ ਅਸੰਤੁਸ਼ਟੀਜਨਕ ਸਾਬਿਤ ਹੋਣਾ ਸ਼ੁਰੂ ਹੋ ਗਿਐ। ਵਧੇਰੇ ਸਿਆਣਪ ਨਾਲ ਸੋਚੋ, ਅਤੇ ਤੁਸੀਂ ਲੰਬੀ, ਕਰੜੀ ਜੱਦੋਜਹਿਦ ਤੋਂ ਬੱਚ ਜਾਓਗੇ।