ਸੁਖਬੀਰ ਬਾਦਲ ਦਾ ਦਾਅਵਾ, ਕਿਹਾ-ਕਿਸਾਨਾਂ ਲਈ ਜੋ ਕੁਝ ਅਸੀਂ ਕੀਤਾ, ਉਹ ਕੋਈ ਹੋਰ ਨਹੀਂ ਕਰ ਸਕਦੈ

ਜਲੰਧਰ – ਸ਼੍ਰੋਮਣੀ ਅਕਾਲੀ ਦਲ ਤੇ ਉਸ ਦੀਆਂ ਸਰਕਾਰਾਂ ਨੇ ਕਿਸਾਨਾਂ ਨੂੰ ਜਿਹੜੀਆਂ ਸਹੂਲਤਾਂ ਦਿੱਤੀਆਂ, ਉਹ ਨਾ ਤਾਂ ਕਿਸੇ ਸਰਕਾਰ ਨੇ ਅੱਜ ਤੱਕ ਦਿੱਤੀਆਂ ਹਨ ਤੇ ਨਾ ਹੀ ਕੋਈ ਸਰਕਾਰ ਦੇ ਸਕੇਗੀ। ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਕਿਸਾਨੀ ਮੁੱਦਿਆਂ ’ਤੇ ਉਨ੍ਹਾਂ ਨਾਲ ਡਟ ਕੇ ਖੜ੍ਹਾ ਹੋਇਆ ਹੈ। ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਲੋਂ ਕਹੀ ਗਈ ਹੈ।
ਸੁਖਬੀਰ ਬਾਦਲ ਨੇ ਦੱਸਿਆ ਕਿ ਕਿਸਾਨਾਂ ਦੇ ਟਿਊਬਵੈੱਲਾਂ ਦੇ ਬਿੱਲ ਮੁਆਫ਼ ਕਰਨ ਦਾ ਫ਼ੈਸਲਾ ਦੇਸ਼ ਵਿਚ ਸਭ ਤੋਂ ਪਹਿਲਾਂ ਬਾਦਲ ਸਰਕਾਰ ਨੇ ਲਿਆ। ਕਿਸਾਨਾਂ ਨੂੰ ਟਿਊਬਵੈੱਲਾਂ ਦੇ ਕੁਨੈਕਸ਼ਨ ਵੀ ਬਾਦਲ ਸਰਕਾਰ ਨੇ ਪਹਿਲ ਦੇ ਆਧਾਰ ’ਤੇ ਦਿੱਤੇ। ਕਿਸਾਨਾਂ ਦੀਆਂ ਫ਼ਸਲਾਂ ਵਾਸਤੇ ਪੱਕੀਆਂ ਮੰਡੀਆਂ ਬਣਾਉਣ ਅਤੇ ਫੜ੍ਹ ਪੱਕੇ ਕਰਨ ਦਾ ਫ਼ੈਸਲਾ ਵੀ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਹੀ ਲਿਆ ਗਿਆ। ਪਹਿਲਾਂ ਕਿਸਾਨ ਖੇਤਾਂ ਵਿਚ ਕੱਚੇ ਖਾਲਿਆਂ ਰਾਹੀਂ ਪਾਣੀ ਲਾਉਂਦੇ ਸਨ, ਜਿਸ ਕਰ ਕੇ ਇਹ ਖਾਲੇ ਥਾਂ-ਥਾਂ ਤੋਂ ਟੁੱਟ ਜਾਂਦੇ ਸਨ ਅਤੇ ਟੇਲਾਂ ’ਤੇ ਪਾਣੀ ਹੀ ਨਹੀਂ ਪਹੁੰਚਦਾ ਸੀ।
ਬਾਦਲ ਸਰਕਾਰ ਨੇ ਸਾਰੇ ਖਾਲੇ ਪੱਕੇ ਕਰਨ ਦਾ ਫ਼ੈਸਲਾ ਕੀਤਾ ਅਤੇ ਉਹ ਕੀਤੇ ਵੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਤਾਂ ਕਿਸਾਨਾਂ ਦੇ ਸਿਰਾਂ ’ਤੇ ਰਾਜਨੀਤੀ ਹੀ ਕੀਤੀ ਹੈ। ਹੁਣ ਭਾਵੇਂ ਸੰਯੁਕਤ ਮੋਰਚਾ ਚੋਣਾਂ ਲੜ ਲਵੇ ਤੇ ਭਾਵੇਂ ਕੋਈ ਹੋਰ ਪਰ ਜੋ ਕੁਝ ਅਸੀਂ ਕਰ ਦਿੱਤਾ, ਉਹ ਕੋਈ ਹੋਰ ਨਹੀਂ ਕਰ ਸਕਦਾ। ਸੁਖਬੀਰ ਬਾਦਲ ਨੇ ਦਾਅਵਾ ਕੀਤਾ ਕਿ ਆਉਣ ਵਾਲੀ ਅਕਾਲੀ-ਬਸਪਾ ਗੱਠਜੋੜ ਦੀ ਸਰਕਾਰ ਉਹ ਸਹੂਲਤਾਂ ਦੇਵੇਗੀ, ਜਿਹੜੀਆਂ ਅੱਜ ਤੱਕ ਕਿਸੇ ਵੀ ਸੂਬੇ ਵਿਚ ਕਿਸਾਨਾਂ ਨੂੰ ਨਹੀਂ ਮਿਲੀਆਂ। ਕਿਸਾਨਾਂ ਨੂੰ ਸਬਜ਼ੀਆਂ ਤੇ ਫਲਾਂ ’ਤੇ ਐੱਮ. ਐੱਸ. ਪੀ. ਦੇਵਾਂਗੇ ਤੇ ਕਿਸਾਨਾਂ ਨੂੰ ਪੈਰਾਂ ’ਤੇ ਖੜ੍ਹਾ ਕਰਨ ਦਾ ਹਰ ਹੀਲਾ-ਵਸੀਲਾ ਕੀਤਾ ਜਾਵੇਗਾ।
ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚ ਟਿਕਟਾਂ ਦੀ ਵੰਡ ਨੂੰ ਲੈ ਕੇ ਪਏ ਕਲੇਸ਼ ਬਾਰੇ ਸੁਖਬੀਰ ਬਾਦਲ ਨੇ ਕਿਹਾ ਕਿ ਜਿਹੜੀਆਂ ਪਾਰਟੀਆਂ ਵਿਚ ਟਿਕਟਾਂ ਦੀ ਲੜਾਈ ਹੋ ਰਹੀ ਹੈ, ਉਹ ਲੋਕਾਂ ਦਾ ਕੀ ਭਲਾ ਕਰਨਗੀਆਂ। ਕਾਂਗਰਸ ਤੇ ‘ਆਪ’ ’ਤੇ ਟਿਕਟਾਂ ਵੇਚਣ ਦੇ ਦੋਸ਼ ਲੱਗ ਰਹੇ ਹਨ। ਕਾਂਗਰਸ ਤੇ ‘ਆਪ’ ਦਾ ਇਕੋ-ਇਕ ਮਕਸਦ ਸੂਬੇ ਦੇ ਲੋਕਾਂ ਨੂੰ ਲੁੱਟਣ ਦਾ ਹੈ, ਨਾ ਕਿ ਉਨ੍ਹਾਂ ਦੀ ਭਲਾਈ ਕਰਨ ਦਾ। ਇਹ ਪਾਰਟੀਆਂ ਦਿੱਲੀ ਤੋਂ ਚੱਲਦੀਆਂ ਹਨ ਅਤੇ ਦਿੱਲੀ ਵਾਲੇ ਆਪਣੇ ਆਕਾਵਾਂ ਦੇ ਕਹਿਣ ’ਤੇ ਹੀ ਫ਼ੈਸਲੇ ਲੈਂਦੀਆਂ ਹਨ, ਜਿਹੜੇ ਆਮ ਕਰ ਕੇ ਲੋਕਾਂ ਦੇ ਹੱਕ ਵਿਚ ਨਹੀਂ ਹੁੰਦੇ।
ਕੈਪਟਨ ਤੇ ਚੰਨੀ ਸਰਕਾਰਾਂ ’ਤੇ ਵਰ੍ਹਦਿਆਂ ਅਕਾਲੀ ਆਗੂ ਨੇ ਕਿਹਾ ਕਿ ਸੂਬੇ ਵਿਚ 5 ਸਾਲਾਂ ਵਿਚ ਕੋਈ ਵਿਕਾਸ ਦਾ ਪ੍ਰਾਜੈਕਟ ਨਹੀਂ ਲੱਗਾ, ਸਗੋਂ ਬਾਦਲ ਸਰਕਾਰ ਵੱਲੋਂ ਲਾਏ ਗਏ ਪ੍ਰਾਜੈਕਟਾਂ ਨੂੰ ਰੋਕਣ ਤੇ ਰੱਦ ਕਰਨ ’ਤੇ ਹੀ ਕਾਂਗਰਸ ਸਰਕਾਰਾਂ ਨੇ ਸਮਾਂ ਖ਼ਰਾਬ ਕੀਤਾ। ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਵਿਚ ਤਾਂ 5 ਸਾਲ ਮੁੱਖ ਮੰਤਰੀ ਤੇ ਮੰਤਰੀਆਂ ਦੀਆਂ ਕੁਰਸੀਆਂ ਨੂੰ ਲੈ ਕੇ ਹੀ ਲੜਾਈ ਚੱਲਦੀ ਰਹੀ। ਕਾਂਗਰਸੀਆਂ ਦੀ ਇਸ ਲੜਾਈ ਨੇ ਸੂਬੇ ਦਾ ਵੱਡੇ ਪੱਧਰ ’ਤੇ ਨੁਕਸਾਨ ਕੀਤਾ ਅਤੇ ਪੰਜਾਬ 10 ਸਾਲ ਪੱਛੜ ਗਿਆ ਹੈ।
ਸੁਖਬੀਰ ਬਾਦਲ ਨੇ ਪੰਜਾਬ ਦੇ ਕਿਸਾਨਾਂ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਸ ਪਾਰਟੀ ਦੇ ਉਮੀਦਵਾਰਾਂ ਨੂੰ ਹੀ ਚੁਣਨ, ਜਿਹੜੇ ਉਨ੍ਹਾਂ ਦੇ ਹਲਕਿਆਂ ਦਾ ਵਿਕਾਸ ਕਰ ਸਕਣ। ਪੰਜਾਬ ਨੂੰ ਅੱਗੇ ਲਿਜਾ ਸਕਣ ਤੇ ਉਹ ਸਿਰਫ਼ ਇਕੋ-ਇਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਹੈ, ਜਿਹੜੀ ਹਮੇਸ਼ਾ ਲੋਕਾਂ ਦੇ ਅੰਗ-ਸੰਗ ਰਹਿੰਦੀ ਹੈ।