ਨਵਜੋਤ ਸਿੱਧੂ ਦਾ ਕੇਜਰੀਵਾਲ ’ਤੇ ਤੰਜ, ਕਿਹਾ-ਪੰਜਾਬ ’ਚ ਮਿਸ ਕਾਲ ’ਤੇ ਲੱਭ ਰਹੇ CM

ਅੰਮ੍ਰਿਤਸਰ – ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਤੁਹਾਨੂੰ ਜੁਬਾਨ ਦੇ ਰਿਹਾ ਹਾਂ ਕਿ ਜੋ ਗੱਲ ਕਰਾਂਗਾ, ਨਾ ਉਹ 5 ਹਜ਼ਾਰ ਵਾਅਦਿਆਂ ਵਾਲੀ ਹੈ ਅਤੇ ਨਾ ਹੀ 500 ਵਾਅਦਿਆਂ ਵਾਲੀ ਹੈ, ਉਹ 13 ਨੁਕਾਤੀ ਪ੍ਰੋਗਰਾਮ ਵਾਲੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਦੇ ਲੋਕਾਂ ਨੂੰ ਪੰਜਾਬ ਦਾ ਕਲਿਆਣ ਕਰਨ ਵਾਲੀ ਸਰਕਾਰ ਨੂੰ ਚੁਣਨਾ ਹੋਵੇਗਾ। ਸਿੱਧੂ ਨੇ ਕਿਹਾ ਕਿ ਭਾਵੇਂ ਪੰਜਾਬ ਵਿਚ ਪਿਛਲੇ 5 ਸਾਲ ਤੋਂ ਕਾਂਗਰਸ ਦੀ ਸਰਕਾਰ ਸੀ ਪਰ ਉਹ ਮਿਲੀਭੁਗਤ ਹੋਣ ਕਾਰਨ ਪੰਜਾਬ ਨੂੰ ਲਾਭ ਨਹੀਂ ਪੁੱਜਾ, ਇਸ ਲਈ ਪੰਜਾਬ ਦੇ ਲੋਕ ਇਕ ਵਾਰ ਫਿਰ ਕਾਂਗਰਸ ਸਰਕਾਰ ਨੂੰ ਮੌਕਾ ਦੇਣ, ਜਿਸ ਨਾਲ ਪੰਜਾਬ ਵਿਚ ਹੋਰ ਵਿਕਾਸ ਲਈ ਵੱਧ ਚੜ੍ਹ ਕੇ ਕੰਮ ਕੀਤਾ ਜਾ ਸਕੇ।
ਸਿੱਧੂ ਨੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਖ਼ਿਲਾਫ਼ ਖੁੱਲ੍ਹੇ ਕੇ ਬੋਲਦੇ ਹੋਏ ਕੇਜਰੀਵਾਲ ’ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਉਹ ਪੰਜਾਬ ਵਿਚ ਦਿੱਲੀ ਮਾਡਲ ਦੀ ਗੱਲ ਕਰਦੇ ਹਨ ਪਰ ਉਹ ਪਹਿਲਾਂ ਇਹ ਦੱਸਣ ਕਿ ਉਨ੍ਹਾਂ ਨੇ ਦਿੱਲੀ ਵਿਚ 400000 ਨੌਕਰੀਆਂ ਦਾ ਵਾਅਦਾ ਕਰ 440 ਲੋਕਾਂ ਨੂੰ ਨੌਕਰੀਆਂ ਦਿੱਤੀਆਂ? ਉਥੇ ਹੀ ਪੰਜਾਬ ਦੇ ਅਧਿਆਪਕਾਂ ਅਤੇ ਸਿੱਖਿਆ ’ਤੇ ਉਹ ਦਾਅਵੇ ਕਰ ਰਹੇ ਹਨ ਪਰ ਦਿੱਲੀ ਵਿਚ 15-15 ਦਿਨ ਦੇ ਕੰਟਰੈਕਟ ’ਤੇ ਅਧਿਆਪਕਾਂ ਨੂੰ ਰੱਖਿਆ ਜਾਂਦਾ ਹੈ। ਬੰਧੂਆ ਮਜ਼ਦੂਰੀ ਕਰਵਾਈ ਜਾ ਰਹੀ ਹੈ ਅਤੇ ਜੇਕਰ ਸ਼ਰਾਬ ਦੀ ਗੱਲ ਕੀਤੀ ਜਾਵੇ ਤਾਂ ਠੇਕੇਦਾਰਾਂ ਨਾਲ ਉਨ੍ਹਾਂ ਦੀ ਮਿਲੀਭੁਗਤ ਹੈ, ਜਿਸਦੀ ਵਜ੍ਹਾ ਨਾਲ ਦਿੱਲੀ ਵਿਚ ਗਲੀ-ਗਲੀ ਵਿੱਚ ਸ਼ਰਾਬ ਵਿਕਦੀ ਹੈ।
ਸਿੱਧੂ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਵਿਚ ਮਿਸ ਕਾਲ ’ਤੇ ਮੁੱਖ ਮੰਤਰੀ ਲੱਭ ਰਹੇ ਹਨ। ਪੰਜਾਬ ਲਈ ਰੋਡ ਮੈਪ ਕੀ ਹੈ ਉਹ ਇਹ ਸਪੱਸ਼ਟ ਕਰਨ। ਕੈਬਨਿਟ ਵਿਚ ਉਨ੍ਹਾਂ ਦਾ ਕੋਈ ਪੰਜਾਬੀ ਨਹੀਂ, ਅਜਿਹੇ ਵਿਚ ਉਹ ਪੰਜਾਬ ਦਾ ਭਲਾ ਕਿਵੇਂ ਕਰਨਗੇ। ਉਨ੍ਹਾਂ ਕਿਹਾ ਕਿ ਠੀਕ ਹੈ ਕੇਜਰੀਵਾਲ ਦੀ ਖ਼ਿਲਾਫ਼ਤ ਨਹੀਂ ਕਰਦੇ ਪਰ ਉਨ੍ਹਾਂ ਕੋਲ ਪੰਜਾਬ ਲਈ ਕੋਈ ਏਜੰਡਾ ਨਹੀਂ, ਉਹ ਸਿਰਫ਼ ਮੇਰੇ ਬਿਆਨਾਂ ਨੂੰ ਫੋਟੋ ਕਾਪੀ ਕਰ ਪੰਜਾਬ ਦੇ ਲੋਕਾਂ ’ਤੇ ਚੇਪ ਦਿੰਦੇ ਹਨ ਮੇਰੇ ਕੋਲ ਰੋਡ ਮੈਪ ਹੈ। ਉਨ੍ਹਾਂ ਕੋਲ ਸਿਰਫ਼ ਦਾਅਵਾ ਹੈ ।
ਸਿੱਧੂ ਨੇ ਪੰਜਾਬ ਪ੍ਰਤੀ ਆਪਣਾ ਰੋਡ ਮੈਪ ਰੱਖਦੇ ਹੋਏ ਕਿਹਾ ਕਿ ਉਹ ਪੰਜਾਬ ਨੂੰ ਇਕ ਵਾਰ ਫਿਰ ਤੋਂ ਉਭਰਦਾ ਹੋਇਆ ਪੰਜਾਬ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੀ ਬਿਹਤਰੀ ਲਈ ਦੋ ਮੁੱਖ ਏਜੰਡਿਆਂ ’ਤੇ ਕੰਮ ਕਰ ਰਹੇ ਹਨ। ਪਹਿਲਾ ਰੇਤ ਅਤੇ ਸ਼ਰਾਬ ਦੋਵੇਂ ਜੀ. ਐੱਸ. ਟੀ. ਦੀਆਂ ਦਰਾਂ ਤੋਂ ਬਾਹਰ ਹਨ, ਇਸ ਲਈ ਦੋਨਾਂ ’ਤੇ ਵੈਟ ਲਗਾਇਆ ਜਾਵੇਗਾ। ਰੇਤ ਤੋਂ ਲਗਭਗ 3000 ਕਰੋਡ਼ ਰੁਪਏ ਦੇ ਰੈਵੇਨਿਊ ਦੀ ਆਸ ਕੀਤੀ ਗਈ ਹੈ, ਉਥੇ ਸ਼ਰਾਬ ਤੋਂ ਹਜ਼ਾਰ ਕਰੋੜ ਦੀ ਕਮਾਈ ਕੀਤੀ ਜਾਵੇਗੀ, ਜਿਸ ਨਾਲ ਪੰਜਾਬ ਦੇ ਸਾਰੇ ਮੁੱਦੇ ਹੱਲ ਹੋਣਗੇ।
ਹੁਣ ਕਾਂਗਰਸ 13 ਨੁਕਾਤੀ ਏਜੰਡੇ ਨਾਲ 2022 ’ਚ ਕੰਮ ਕਰੇਗੀ। ਹਰ ਡਿਪਾਰਟਮੈਂਟ ਈ ਗਵਰਨੈਂਸ ਰਾਹੀਂ ਚਲੇਗਾ ਜਿਸ ਨਾਲ ਕੁਰਪਸ਼ਨ ਦਾ ਖਾਤਮਾ ਹੋਵੇਗਾ, ਕੋਈ ਵੀ ਵਿਅਕਤੀ ਕਿਸੇ ਤੋਂ ਰਿਸ਼ਵਤ ਨਹੀਂ ਲੈ ਸਕੇਗਾ, ਇਕ ਸਿੰਗਲ ਵਿੰਡੋ ’ਤੇ ਹੀ ਸਾਰੇ ਕੰਮ ਹੋਣਗੇ। ਜੇਕਰ ਕਿਸੇ ਵਿਅਕਤੀ ਨੇ ਕੋਈ ਇੰਡਸਟਰੀ ਲਗਾਉਣੀ ਹੈ ਤਾਂ ਉਸਨੂੰ ਧੱਕੇ ਨਹੀਂ ਖਾਣ ਪੈਣਗੇ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਕੋਈ ਢਿੱਲ ਨਹੀਂ ਵਰਤੀ ਗਈ, ਸਗੋਂ ਉਨ੍ਹਾਂ ਦੀ ਰੈਲੀ ਵਿਚ 70000 ਕੁਰਸੀ ਲਗਾਈ ਗਈ, ਜਦੋਂਕਿ 700 ਲੋਕ ਉਸ ਰੈਲੀ ਵਿਚ ਪੁੱਜੇ ਤਾਂ ਪ੍ਰਧਾਨ ਮੰਤਰੀ ਸ਼ਰਮਿੰਦਗੀ ਨਾਲ ਉੱਥੇ ਨਹੀਂ ਪੁੱਜੇ। ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਪੁਲਸ ਨੇ ਕੋਈ ਲਾਪ੍ਰਵਾਹੀ ਨਹੀਂ ਕੀਤੀ ਅਤੇ ਨਾ ਹੀ ਉਨ੍ਹਾਂ ਦੀ ਜਾਨ ਨੂੰ ਕੋਈ ਖ਼ਤਰਾ ਹੋਇਆ ਸੀ। ਇਸ ਮੌਕੇ ਦਮਨਦੀਪ ਸਿੰਘ ਚੇਅਰਮੈਨ ਨਗਰ ਸੁਧਾਰ ਟਰੱਸਟ, ਮੋਤੀ ਭਾਟੀਆ, ਅਜੀਤ ਸਿੰਘ ਭਾਟੀਆ, ਮਿੱਠੂ ਮਦਾਨ, ਜਸਮੀਤ ਸੋਢੀ, ਗੌਰਵ ਵਾਸਦੇਵ, ਨਵਦੀਪ ਹੁੰਦਲ, ਰਾਜਪਾਲ ਮਹਾਜਨ ਮੌਜੂਦ ਸਨ।