ਦਿੱਲੀ ’ਚ ਕੋਰੋਨਾ ਟੈਸਟਿੰਗ ’ਚ 30 ਫੀਸਦੀ ਦੀ ਗਿਰਾਵਟ, ਮਾਮਲਿਆਂ ’ਚ ਵੀ ਕਮੀ

ਨਵੀਂ ਦਿੱਲੀ– ਸਿਹਤ ਮਾਹਿਰ ਅਤੇ ਅੰਕੜੇ ਇਕੱਠੇ ਕਰਨ ਵਾਲੇ ਇਸ ਗੱਲ ਤੋਂ ਹੈਰਾਨ ਹਨ ਕਿ ਕੋਵਿਡ ਦੇ ਮਾਮਲਿਆਂ ਅਤੇ ਟੈਸਟਿੰਗ ਨੂੰ ਲੈ ਕੇ ਕੇਂਦਰ ਅਤੇ ਦਿੱਲੀ ਸਰਕਾਰ ਵੱਲੋਂ ਜਾਰੀ ਅੰਕੜਿਆਂ ’ਚ ਬਹੁਤ ਜ਼ਿਆਦਾ ਫਰਕ ਹੈ। ਇਥੋਂ ਤੱਕ ਕਿ 16 ਜਨਵਰੀ ਨੂੰ ਜਦ ਦੇਸ਼ ’ਚ ਕੋਰੋਨਾ ਦੇ 2.71 ਲੱਖ ਨਵੇਂ ਮਾਮਲੇ ਸਾਹਮਣੇ ਆਏ, ਸਿਹਤ ਮੰਤਰਾਲਾ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਕੋਰੋਨਾ ਟੈਸਟਿੰਗ ਘੱਟ ਹੋ ਕੇ 16.65 ਲੱਖ ਰਹਿ ਗਈ ਜੋ ਕਿ 13 ਜਨਵਰੀ ਦੇ ਮੁਕਾਬਲੇ ਕਾਫੀ ਘੱਟ ਹੈ। 13 ਜਨਵਰੀ ਨੂੰ ਦੇਸ਼ ’ਚ 18.86 ਲੱਖ ਕੋਰੋਨਾ ਟੈਸਟ ਕੀਤੇ ਗਏ ਸਨ। ਉਦੋਂ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 2.47 ਲੱਖ ਸੀ। ਇਸ ਤਰ੍ਹਾਂ ਭਾਵੇਂ ਹੀ ਕੋਰੋਨਾ ਟੈਸਟ ਘੱਟ ਹੋ ਰਹੇ ਹਨ ਪਰ ਕੋਵਿਡ ਦੇ ਮਾਮਲਿਆਂ ਦੀ ਗਿਣਤੀ ਵਧ ਰਹੀ ਹੈ।
ਦਿੱਲੀ ਸਰਕਾਰ ਵੱਲੋਂ ਜਾਰੀ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਕੋਵਿਡ ਦੇ ਮਾਮਲਿਆਂ ਅਤੇ ਟੈਸਟਿੰਗ ’ਚ ਤੇਜ਼ ਗਿਰਾਵਟ ਦੇ ਬਾਵਜੂਦ ਮਰੀਜ਼ਾਂ ਦੇ ਹਸਪਤਾਲ ’ਚ ਦਾਖਲ ਹੋਣ ਦੀ ਦਰ ਵਧ ਰਹੀ ਹੈ। ਅੰਕੜਿਆਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ 16 ਜਨਵਰੀ ਨੂੰ ਦਿੱਲੀ ’ਚ ਜੇ ਕੋਰੋਨਾ ਦੇ ਮਾਮਲੇ ਘੱਟ ਹੋ ਕੇ 18286 ’ਤੇ ਪਹੁੰਚ ਗਏ ਪਰ ਹਸਪਤਾਲ ’ਚ ਦਾਖਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਧ ਕੇ ਰਿਕਾਰਡ 2591 ਤੱਕ ਪਹੁੰਚ ਗਈ ਜੋ ਕਿ ਇਕ ਵੱਡਾ ਉਛਾਲ ਹੈ।
ਅੰਕੜਿਆਂ ਅਨੁਸਾਰ ਦਿੱਲੀ ’ਚ ਕੋਰੋਨਾ ਟੈਸਟਿੰਗ ਘੱਟ ਹੋਈ ਹੈ। 12 ਜਨਵਰੀ ਨੂੰ 1.05 ਲੱਖ ਟੈਸਟ ਕੀਤੇ ਗਏ, ਇਹ ਗਿਣਤੀ ਹੁਣ ਡਿੱਗ ਕੇ 67621 ’ਤੇ ਪਹੁੰਚ ਗਈ, ਇਹ 30 ਫੀਸਦੀ ਤੋਂ ਵੱਧ ਦੀ ਗਿਰਾਵਟ ਹੈ। 4 ਦਿਨਾਂ ’ਚ ਕੋਰੋਨਾ ਦੇ ਮਾਮਲਿਆਂ ’ਚ ਵੀ ਵੱਡੀ ਕਮੀ ਦਰਜ ਕੀਤੀ ਗਈ ਅਤੇ ਇਹ 28867 ਤੋਂ ਡਿੱਗ ਕੇ 18286 ’ਤੇ ਪਹੁੰਚ ਗਏ। ਇਥੇ ਵੀ 30 ਫੀਸਦੀ ਤੋਂ ਵੱਧ ਦੀ ਗਿਰਾਵਟ ਹੈ। ਇਸ ਦਾ ਮਤਲਬ ਹੈ ਕਿ ਟੈਸਟਿੰਗ ਘੱਟ ਹੋ ਰਹੀ ਹੈ ਜਾਂ ਕੋਈ ਹੋਰ ਕਾਰਨ ਹੈ ਪਰ ਹਸਪਤਾਲ ’ਚ ਦਾਖਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ।
ਸਰਕਾਰ ’ਚ ਕੋਈ ਵੀ ਦੇਸ਼ ’ਚ ਕੋਰੋਨਾ ਟੈਸਟਿੰਗ ’ਚ ਕਮੀ ਅਤੇ ਹਸਪਤਾਲ ’ਚ ਭਰਤੀ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ’ਚ ਵਾਧੇ ਦੇ ਮਸਲੇ ’ਤੇ ਟਿੱਪਣੀ ਕਰਨ ਲਈ ਤਿਆਰ ਨਹੀਂ ਹਨ। ਕੁਝ ਮਾਹਿਰ ਜਾਰੀ ਅੰਕੜਿਆਂ ਨੂੰ ਲੈ ਕੇ ਉਲਝਨ ’ਚ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਕੋਰੋਨਾ ਦੇ ਸਾਰੇ ਮਾਮਲੇ ਦਰਜ ਨਾ ਹੋਏ ਹੋਣ। ਹਾਲਾਂਕਿ ਹੋਰ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਬਾਰੇ ਕੁਝ ਕਹਿਣਾ ਜਲਦਬਾਜ਼ੀ ਹੋਵੇਗੀ ਕਿਉਂਕਿ ਵਿਵਸਥਾ ਕਾਫੀ ਮਜ਼ਬੂਤ ਹੈ।